ਵਿਕਟੌਰੀਆ ਰਾਜ ਵਿੱਚ ਕਰੋਨਾ ਦੇ ਨਵੇਂ 1965 ਮਾਮਲੇ ਦਰਜ, 5 ਮੌਤਾਂ

ਮਿਲਡੂਰਾ ਵਿੱਚ ਲਾਕਡਾਊਨ ਲੱਗਿਆ; ਗ੍ਰੈਟਰ ਸ਼ੇਪਰਟਨ ਅਤੇ ਮੂਰਾਬੂਲ ਸ਼ਾਇਰ ‘ਚੋਂ ਲਾਕਡਾਊਨ ਖ਼ਤਮ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1965 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 5 ਹੋਰ ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮਿਲਡੂਰਾ ਖੇਤਰ ਵਿੱਚ ਤਾਜ਼ਾ ਮਿਲੇ ਕਰੋਨਾ ਦੇ 20 ਮਾਮਲਿਆਂ ਕਾਰਨ, ਪ੍ਰਸ਼ਾਸਨ ਵੱਲੋਂ ਖੇਤਰ ਵਿੱਚ 7 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਖੇਤਰ ਵਿੱਚ ਮੈਲਬੋਰਨ ਦੀ ਤਰਜ ਤੇ ਹੀ ਲਾਕਡਾਊਨ ਰਹੇਗਾ; ਜਨਤਕ ਤੌਰ ਤੇ ਇੱਕ ਦੂਸਰੇ ਦੇ ਘਰਾਂ ਵਿੱਚ ਆਵਾਗਮਨ ਤੇ ਪਾਬੰਧੀ ਰਹੇਗੀ; ਲੋਕ ਸਿਰਫ 15 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਜ਼ਰੂਰੀ ਕੰਮਾਂ ਆਦਿ ਲਈ ਆ ਜਾ ਸਕਦੇ ਹਨ।
ਇਸੇ ਦੌਰਾਨ ਗ੍ਰੈਟਰ ਸ਼ੇਪਰਟਨ ਅਤੇ ਮੂਰਾਬੂਲ ਸ਼ਾਇਰ ‘ਚੋਂ ਲਾਕਡਾਊਨ, ਬੀਤੀ ਰਾਜਤ 11:59 ਤੇ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਰਾਜ ਦੇ ਰਿਜਨਲ ਖੇਤਰਾਂ ਵਾਲੇ ਨਿਯਮ ਲਾਗੂ ਕਰ ਦਿੱਤੇ ਗਏ ਹਨ ਜਿਵੇਂ ਕਿ ਅੰਦਰਵਾਰ ਅਤੇ ਬਾਹਰਵਾਰ ਮੂੰਹ ਉਪਰ ਮਾਸਕ ਲਗਾਉਣਾ, ਅਤੇ ਘਰਾਂ ਅੰਦਰ ਇਕੱਠਾਂ ਤੇ ਪਾਬੰਧੀ ਆਦਿ।
ਰਾਜ ਵਿੱਚ ਇਸ ਸਮੇਂ 17000 ਕਰੋਨਾ ਦੇ ਚਲੰਤ ਮਾਮਲੇ ਹਨ। ਬੀਤੇ 24 ਘੰਟਿਆਂ ਦੌਰਾਨ 41177 ਵੈਕਸੀਨ ਦੀਆਂ ਡੋਜ਼ਾਂ ਦਾ ਵਿਤਰਣ ਕੀਤਾ ਗਿਆ ਹੈ ਅਤੇ ਹੁਣ ਤੱਕ ਕੁੱਲ 3.9 ਮਿਲੀਅਨ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×