ਵਿਕਟੌਰੀਆ ਵਿੱਚ ਕਰੋਨਾ ਮਾਮਲਿਆਂ ਦਾ ਨਵਾਂ ਰਿਕਾਰਡ, 1488 ਨਵੇਂ ਮਾਮਲੇ ਦਰਜ, 2 ਮੌਤਾਂ

ਵੈਕਸੀਨੇਸ਼ਨ ਲਈ 2 ਹਫ਼ਤਿਆਂ ਦਾ ਅਲਟੀਮੇਟਮ, ਨਹੀਂ ਤਾਂ ਜਾਵੇਗੀ ਜਾਬ

ਵਿਕਟੌਰੀਆ ਵਿੱਚ ਕਰੋਨਾ ਦੀ ਇਸ ਸਾਲ ਦੇ ਜੂਨ ਮਹੀਨੇ ਤੋਂ ਸ਼ੁਰੂ ਹੋਈ ਲਹਿਰ ਦੌਰਾਨ, ਹਰ ਰੋਜ਼ ਹੀ ਕਰੋਨਾ ਮਾਮਲਿਆਂ ਦੇ ਨਵੇਂ ਰਿਕਾਰਡ ਕਾਇਮ ਹੋ ਰਹੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਵੀ ਰਾਜ ਵਿੱਚ ਕਰੋਨਾ ਦੇ ਹੁਣ ਤੱਕ ਦੇ (ਜੂਨ ਤੋਂ ਹੁਣ ਤੱਕ) ਸਭ ਤੋਂ ਵੱਧ 1488 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਇਸੇ ਸਮੇਂ ਦੌਰਾਨ ਰਾਜ ਵਿੱਚ 71224 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ ਅਤੇ 36878 ਕਰੋਨਾ ਤੋਂ ਬਚਾਉ ਦੀਆਂ ਡੋਜ਼ਾਂ ਵੀ ਲਗਾਈਆਂ ਗਈਆਂ ਹਨ।
ਸ਼ੈਪਰਟਨ ਅਤੇ ਮੂਰਾਬੂਲ ਖੇਤਰਾਂ ਵਿੱਚ ਬੀਤੇ ਦਿਨ, ਸ਼ੁਕਰਵਾਰ ਰਾਤ 11:59 ਤੋਂ ਲਾਕਡਾਊਨ ਲਗਾ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚੋਂ ਵੀ ਕਰਮਵਾਰ 24 ਅਤੇ 32 ਕਰੋਨਾ ਦੇ ਮਾਮਲੇ ਦਰਜ ਹੋਏ ਹਨ।
ਰਾਜ ਭਰ ਦੇ ਲੋਕਾਂ ਨੂੰ ਹੁਣ 2 ਹਫ਼ਤਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਜਾਂ ਤਾਂ ਕਰੋਨਾ ਤੋਂ ਬਚਾਉ ਲਈ ਟੀਕਾ ਲਗਾਵਾਉ ਅਤੇ ਜਾਂ ਫੇਰ ਤੁਹਾਨੂੰ ਇਸ ਦੇ ਇਵਜ ਵਿੱਚ ਆਪਣੀਆਂ ਨੌਕਰੀਆਂ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ। ਲਾਜ਼ਮੀ ਪਹਿਲੀ ਡੋਜ਼ ਲਈ 15 ਅਕਤੂਬਰ ਦੀ ਤਾਰੀਖ ਰੱਖੀ ਗਈ ਹੈ ਅਤੇ ਦੂਸਰੀ ਲਈ 26 ਨਵੰਬਰ। ਇਨ੍ਹਾਂ ਵਿੱਚ ਰਿਟੇਲ ਕਾਮਿਆਂ ਤੋਂ ਲੈ ਕੇ ਸਿਖਲਾਈ ਦਾਤਾ, ਪੱਤਰਕਾਰ, ਐਮ.ਪੀ., ਧਾਰਮਿਕ ਨੇਤਾ, ਜੱਜ, ਪੁਲਿਸ ਦੇ ਕਰਮਚਾਰੀ, ਵਕੀਲ, ਐਕਟਰ, ਕਲਾਕਾਰ, ਖਿਡਾਰੀ ਅਤੇ ਖੇਡਾਂ ਨਾਲ ਜੁੜੇ ਹੋਰ ਕਰਮਚਾਰੀ ਆਦਿ ਸਭ ਨੂੰ ਸ਼ਾਮਿਲ ਕੀਤਾ ਗਿਆ ਹੈ।

Install Punjabi Akhbar App

Install
×