ਵਿਕਟੌਰੀਆ ਵਿੱਚ ਕਰੋਨਾ ਦੇ 1377 ਨਵੇਂ ਮਾਮਲੇ ਦਰਜ, ਚਾਰ ਮੌਤਾਂ

ਇੰਡੀਜੀਨਸ ਲੋਕਾਂ ਦੇ ਟੀਕਾਕਰਣ ਲਈ ਸਰਕਾਰ ਦਾ ਪੂਰਾ ਜ਼ੋਰ

ਰਾਜ ਦੇ ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬਰੈਟ ਸਟਨ ਨੇ ਦੱਸਿਆ ਕਿ ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1377 ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ ਅੱਧੇ ਤਾਂ 30 ਸਾਲ ਜਾਂ ਇਸ ਤੋਂ ਘੱਟ ਉਮਰ ਵਰਗ ਦੇ ਲੋਕ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜ ਵਿੱਚ ਕਰੋਨਾ ਕਾਰਨ 4 ਲੋਕਾਂ ਦੇ ਮਾਰੇ ਜਾਣ ਦੀ ਵੀ ਸੂਚਨਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ ਰਾਜ ਵਿੱਚ 67789 ਕਰੋਨਾ ਦੇ ਟੈਸਟ ਕੀਤੇ ਗਏ ਸਨ ਅਤੇ ਤਾਜ਼ਾ ਆਂਕੜਿਆਂ ਵਿੱਚੋਂ 45% ਲੋਕ 10 ਤੋਂ 29 ਸਾਲ ਦੀ ਉਮਰ ਵਰਗ ਦੇ ਹਨ।
ਰਾਜ ਭਰ ਵਿੱਚ ਇਸ ਸਮੇਂ 498 ਲੋਕ ਕਰੋਨਾ ਕਾਰਨ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 96 ਆਈ.ਸੀ.ਯੂ. ਵਿੱਚ ਹਨ ਅਤੇ 59 ਵੈਂਟੀਲੇਟਰਾਂ ਉਪਰ ਹਨ।
ਰਾਜ ਭਰ ਵਿੱਚ ਇਸ ਸਮੇਂ 16 ਸਾਲ ਤੋਂ ਉਪਰ ਦੇ ਲੋਕਾਂ ਵਿੱਚੋਂ 52.5% ਲੋਕਾਂ ਨੂੰ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ ਅਤੇ ਇੱਕ ਡੋਜ਼ ਪ੍ਰਾਪਤ ਕਰਨ ਵਾਲਿਆਂ ਦੀ ਸੰਖਿਆ 82.8% ਹੋ ਚੁਕੀ ਹੈ।
ਰਾਜ ਭਰ ਵਿੱਚ ਇੰਡੀਜੀਨਸ ਲੋਕਾਂ (ਐਬੋਰਿਜਨਲ ਅਤੇ ਟੋਰਸ ਆਈਲੇਂਡਰਾਂ) ਨੂੰ ਟੀਕੇ ਲਗਾਉਣ ਦੀ ਕਵਾਇਦ ਵਿੱਚ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਇਸ ਵਾਸਤੇ ਮੋਬਾਇਲ ਵੈਨਾਂ ਆਦਿ ਦਾ ਪੂਰਨ ਤੌਰ ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਸਰਕਾਰ ਦਾ ਮੰਨਣਾ ਹੈ ਕਿ ਦੂਸਰੇ ਲੋਕਾਂ ਦੇ ਮੁਕਾਬਲਤਨ, ਇੰਡੀਜੀਨਸ ਲੋਕਾਂ ਦੇ ਟੀਕਾਕਰਣ ਦੀ ਦਰ ਘੱਟ (65%) ਹੈ ਅਤੇ ਜਲਦੀ ਹੀ ਇਸ ਖਲਾਅ ਨੂੰ ਪੂਰ ਲਿਆ ਜਾਵੇਗਾ।

Install Punjabi Akhbar App

Install
×