ਮੈਲਬੋਰਨ ਵਿਚਲੇ ਲਾਕਡਾਊਨ ਦਾ ਅੱਜ ਰਾਤ ਤੋਂ ਖਾਤਮਾ ਸ਼ੁਰੂ

ਕਰੋਨਾ ਦੀ ਮਾਰ ਕਾਰਨ ਦੁਨੀਆ ਭਰ ਵਿੱਚ ਲਗਾਏ ਗਏ ਲਾਕਡਾਊਨਾਂ ਵਿੱਚ ਸੱਭ ਤੋਂ ਲੰਬੇ ਲਾਕਡਾਊਨ ਵਿੱਚ ਸ਼ੁਮਾਰ ਮੈਲਬੋਰਨ ਦੇ ਲਾਕਡਾਊਨ ਦਾ ਅੱਜ ਰਾਤ ਤੋਂ ਖਾਤਮਾ ਹੋਣਾ ਸ਼ੁਰੂ ਹੋ ਰਿਹਾ ਹੈ ਅਤੇ ਥੋੜ੍ਹੀਆਂ ਥੋੜ੍ਹੀਆਂ ਰਿਆਇਤਾਂ ਦੇ ਨਾਲ ਇਸ ਨੂੰ ਆਉਣ ਵਾਲੇ ਦਿਨਾਂ ਅੰਦਰ ਪੂਰਾ ਖ਼ਤਮ ਕਰ ਦਿੱਤਾ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਕਿਹਾ ਕਿ ਬੀਤੇ ਦਿਨ ਵੀ ਰਾਜ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਿਸੇ ਜਾਨ ਦਾ ਨੁਕਸਾਨ ਹੋਇਆ ਇਸ ਲਈ ਅੱਜ ਰਾਤ ਤੋਂ ਮੈਲਬੋਰਨ ਵਿਚਲਾ ਲਾਕਡਾਊਨ ਚੁਕਿਆ ਜਾ ਰਿਹਾ ਹੈ। ਕਿਉਂਕਿ ਅਹਿਤਿਆਦ ਵੀ ਜ਼ਰੂਰੀ ਹੈ ਇਸ ਲਈ ਇਸ ਨੂੰ ਦੋ ਪੜਾਵਾਂ ਵਿੱਚ ਰੱਖਿਆ ਜਾ ਰਿਹਾ ਹੈ। ਪਹਿਲਾ ਪੜਾਅ 8 ਨਵੰਬਰ ਤੱਕ ਚੱਲੇਗਾ ਅਤੇ 9 ਨਵੰਬਰ ਤੋਂ ਦੂਸਰਾ ਪੜਾਅ ਸ਼ੁਰੂ ਹੋਵੇਗਾ। ਅੱਜ ਰਾਤ ਤੋਂ ਬਾਅਦ ਲੋਕ ਹੁਣ ਬਿਨ੍ਹਾਂ ਕਿਸੇ ਕਾਰਨਾਂ ਦੇ ਘਰਾਂ ਤੋਂ ਬਾਹਰ ਆ ਜਾ ਸਕਦੇ ਹਨ -ਭਾਵ 4 ਕਾਰਨਾਂ ਵਾਲੀ ਸ਼ਰਤ ਖ਼ਤਮ। 25 ਕਿ.ਮੀਟਰ ਦਾਇਰੇ ਵਾਲੀ ਸ਼ਰਤ 8 ਨਵੰਬਰ ਤੱਕ ਲਾਗੂ ਰਹੇਗੀ। ਲੋਕਾਂ ਨੂੰ ਮੈਲਬੋਰਨ ਤੋ ਬਾਹਰ ਖੇਤਰੀ ਵਿਕਟੋਰੀਆ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਪਰੰਤੂ 9 ਤਾਰੀਖ ਤੋਂ ਇਹ ਪਾਬੰਧੀ ਵੀ ਹਟਾ ਲਈ ਜਾਵੇਗੀ। ਲਾਜ਼ਮੀ ਸੀਮਿਤ ਗਿਣਤੀ ਦੇ ਨਾਲ ਅਤੇ ਸਮਾਜਿਕ ਦੂਰੀ ਦੇ ਮੱਦੇਨਜ਼ਰ ਬਾਰਾਂ, ਪੱਬ, ਰੈਸਟੋਰੈਂਟ, ਕੈਫੇ ਆਦਿ ਬੁੱਧਵਾਰ ਸਵੇਰ ਤੋਂ ਖੋਲ੍ਹ ਦਿੱਤੇ ਜਾਣਗੇ। ਅਜਿਹੀਆਂ ਥਾਵਾਂ ਦੇ ਅੰਦਰ 20 ਲੋਕ ਅਤੇ ਬਾਹਰਵਾਰ ਨੂੰ 50 ਲੋਕ ਬੈਠ ਕੇ ਖਾ-ਪੀ ਸਕਣਗੇ ਪਰੰਤੂ ਅਜਿਹੀਆਂ ਥਾਵਾਂ ਨੂੰ ਪੂਰਨ ਰੂਪ ਵਿੱਚ ਅਹਿਤਿਆਦ ਵੀ ਵਰਤਣਾ ਹੋਵੇਗਾ। ਰਿਟੇਲ ਸਟੋਰ, ਸੈਲੂਨ, ਟੈਟੂ ਪਾਰਲਰ ਆਦਿ ਵੀ ਖੁੱਲ੍ਹਣਗੇ। ਵਿਆਹ ਸ਼ਾਦੀਆਂ ਵਾਸਤੇ 10 ਅਤੇ ਦਾਹ-ਸੰਸਕਾਰਾਂ ਅਤੇ ਸ਼ੋਕ ਸਮਾਗਮਾਂ ਲਈ 20 ਲੋਕ ਇਕੱਠੇ ਹੋ ਸਕਣਗੇ।

Install Punjabi Akhbar App

Install
×