
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਹੁਣ ਮੌਜੂਦਾ ਸਮੇਂ ਵਿੱਚ ਬੀਤੇ 27 ਦਿਨਾਂ ਤੋਂ ਕੋਈ ਵੀ ਨਵਾਂ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਮਿੱਥੇ ਗਏ 28 ਦਿਨਾਂ ਤੋਂ ਹੁਣ ਬਸ ਮਹਿਜ਼ 1 ਦਿਨ ਹੀ ਬਾਕੀ ਰਹਿ ਗਿਆ ਹੈ ਜਦੋਂ ਕਿ ਰਾਜ ਨੂੰ ਕਰੋਨਾ ਮੁਕਤ ਕਰਾਰ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਵੀ ਟੈਸਟਾਂ ਵਿੱਚ ਕੋਈ ਕਮੀ ਨਹੀਂ ਲਿਆਂਦੀ ਗਈ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 12,862 ਟੈਸਟ ਕੀਤੇ ਗਏ ਹਨ। ਕੁਈਨਜ਼ਲੈਂਡ ਅਤੇ ਤਸਮਾਨੀਆ ਨੇ ਵਿਕਟੋਰੀਆ ਨਾਲ ਆਪਣੇ ਬਾਰਡਰ ਖੋਲ੍ਹਣ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਇਹ ਕਰਮਵਾਰ 1 ਦਿਸੰਬਰ ਅਤੇ 27 ਨਵੰਬਰ (ਕੱਲ੍ਹ ਸ਼ੁਕਰਵਾਰ) ਨੂੰ ਆਪਣੇ ਬਾਰਡਰ ਵਿਕਟੋਰੀਆ ਨਾਲ ਖੋਲ੍ਹ ਦੇਣਗੇ। ਐਨਸਟੇਸੀਆ ਪਾਲਾਸ਼ਾਈ ਨੇ ਇਸ ਬਾਰ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਕ੍ਰਿਸਮਿਸ ਦੇ ਮੌਕੇ ਉਪਰ ਇਹ ਚੰਗਾ ਹੀ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਦੇ ਕੰਮ ਧੰਦਿਆਂ ਵਿੱਚ ਤੇਜ਼ੀ ਆਵੇਗੀ ਅਤੇ ਲੋਕ ਆਰਥਿਕ ਹਾਨੀਆਂ ਵਿੱਚੋਂ ਨਿਕਲਣਗੇ। ਉਧਰ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਵਿਕਟੋਰੀਆ ਦੇ ਲੋਕਾਂ ਨੂੰ ਕ੍ਰਿਸਮਿਸ ਦਾ ਤਿਉਹਾਰ ਆਪਣੇ ਆਪਣੇ ਸਥਾਨਕ ਖੇਤਰਾਂ ਵਿੱਚ ਰਹਿ ਕੇ ਹੀ ਮਨਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਥਾਨਕ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਤੇ ਮੰਦੀ ਦੀ ਮਾਰ ਝੇਲ ਰਹੇ ਲੋਕ ਕੁੱਝ ਨਾ ਕੁੱਝ ਰਾਹਤ ਪਾਉਣਗੇ। ਤਸਮਾਨੀਆ ਦੀ ਗੱਲ ਕਰੀਏ ਤਾਂ ਪ੍ਰੀਮੀਅਰ ਪੀਟਰ ਗਟਵੇਨ ਨੇ ਦੱਸਿਆ ਹੈ ਕਿ ਬੀਤੇ 8 ਮਹੀਨੇ ਤੋਂ ਬੰਦ ਪਏ ਬਾਰਡਰ ਕੱਲ੍ਹ -ਸ਼ੁਕਰਵਾਰ ਨੂੰ ਖੁਲ੍ਹਣ ਜਾ ਰਹੇ ਹਨ। ਅੱਜ ਅੱਧੀ ਰਾਤ 12:01 ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਉਚੇਚੇ ਤੌਰ ਤੇ ਕਿਹਾ ਕਿ ਵਿਕਟੋਰੀਆਈ ਲੋਕਾਂ ਦਾ 8 ਮਹੀਨੇ ਬਾਅਦ ਤਸਮਾਨੀਆ ਅੰਦਰ ਸਵਾਗਤ ਹੈ। ਸਾਰੇ ਆਉਣ ਵਾਲੇ ਯਾਤਰੀਆਂ ਦਾ ਸਮਾਨ ਤੌਰ ਤੇ ਸਿਹਤ ਚੈਕਅਪ ਕੀਤਾ ਜਾਵੇਗਾ। ਹੁਣ ਮੌਜੂਦਾ ਸਮੇਂ ਅੰਦਰ ਤਸਮਾਨੀਆ ਦੇ ਬਾਰਡਰ ਦੱਖਣੀ-ਆਸਟ੍ਰੇਲੀਆ ਨੂੰ ਛੱਡ ਕੇ ਬਾਕੀ ਦੀਆਂ ਸਟੇਟਾਂ ਨਾਲ ਤਕਰੀਬਨ ਖੁਲ੍ਹ ਹੀ ਚੁਕੇ ਹਨ। ਪਰੰਤੂ ਸ੍ਰੀ ਗਟਵੇਨ ਦਾ ਕਹਿਣਾ ਹੈ ਕਿ ਉਹ ਦੱਖਣੀ ਆਸਟ੍ਰੇਲੀਆਈ ਆਂਕੜਿਆਂ ਉਪਰ ਲਗਾਤਾਰ ਨਜ਼ਰ ਬਣਾ ਕੇ ਬੈਠੇ ਹਨ ਅਤੇ ਜਲਦੀ ਹੀ ਨਵੇਂ ਐਲਾਨ ਹੋ ਵੀ ਸਕਦੇ ਹਨ।