ਫਰਵਰੀ ਦੇ ਮਹੀਨੇ ਤੋਂ ਬਾਅਦ, ਹੁਣ ਵਿਕਟੋਰੀਆ ਰਾਜ ਅੰਦਰ ਕੋਈ ਵੀ ਮੌਜੂਦਾ ਕਰੋਨਾ ਦਾ ਮਰੀਜ਼ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ ਫਰਵਰੀ ਦੇ ਮਹੀਨੇ ਤੋਂ ਬਾਅਦ ਅੱਜ ਕਿਹਾ ਜਾ ਸਕਦਾ ਹੈ ਕਿ ਵਿਕਟੋਰੀਆ ਵਿੱਚ ਕੋਵਿਡ-19 ਦਾ ਕੋਈ ਵੀ ਮੌਜੂਦਾ ਮਾਮਲਾ ਨਹੀਂ ਹੈ ਕਿਉਂਕਿ ਬੀਤੇ ਦਿਨ ਸੋਮਵਾਰ ਨੂੰ, 90ਵਿਆਂ ਸਾਲਾਂ ਵਿਚਲਾ ਬਜ਼ਰਗ ਵਿਅਕਤੀ ਜੋ ਕਿ ਕਰੋਨਾ ਪਾਜ਼ਿਟਿਵ ਸੀ ਅਤੇ ਹਸਪਤਾਲ ਅੰਦਰ ਜ਼ੇਰੇ-ਇਲਾਜ ਸੀ, ਵੀ ਠੀਕ ਹੋ ਕੇ ਆਪਣੇ ਘਰ ਵਾਪਿਸ ਚਲਾ ਗਿਆ ਹੈ। ਰਾਜ ਅੰਦਰ ਬੀਤੇ 25 ਦਿਨਾਂ ਤੋਂ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਨਾਂ ਹੀ ਇਸ ਬਿਮਾਰੀ ਕਾਰਨ, ਕੋਈ ਮੌਤ ਹੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦਰਮਿਆਨ ਬਾਰਡਰ ਵੀ ਖੋਲ੍ਹ ਦਿੱਤੇ ਗਏ ਹਨ ਅਤੇ ਲੋਕ ਚਾਰ ਮਹੀਨਿਆਂ ਤੋਂ ਵੀ ਜ਼ਿਆਦਾ ਦਿਨਾਂ ਦੀਆਂ ਪਾਬੰਧੀਆਂ ਤੋਂ ਬਾਅਦ ਹੁਣ ਆਉਣਾ ਜਾਉਣਾ ਸ਼ੁਰੂ ਹੋ ਚੁਕੇ ਹਨ। ਵਿਕਟੋਰੀਆ ਅੰਦਰ ਫੇਸ-ਮਾਸਕ ਨੂੰ ਵੀ ਸਿਰਫ ਉਥੇ ਹੀ ਜ਼ਰੂਰੀ ਕਰਾਰ ਦਿੱਤਾ ਗਿਆ ਹੈ ਜਿੱਥੇ ਕਿ ਸਰੀਰਿਕ ਦੂਰੀਆਂ ਬਣਾਉਣਾ ਕਠਿਨ ਸਾਬਿਤ ਹੋ ਰਿਹਾ ਹੈ ਜਿਵੇਂ ਕਿ ਭੀੜ ਵਾਲੀਆਂ ਕੰਮ-ਧੰਦਿਆਂ ਦੀਆਂ ਥਾਵਾਂ, ਅਤੇ ਸੁਪਰ ਮਾਰਕਿਟਾਂ, ਜਨਤਕ ਟ੍ਰਾਂਸਪੋਰਟ ਆਦਿ ਵਰਗੀਆਂ ਥਾਵਾਂ। ਮੈਲਬੋਰਨ ਅੰਦਰ ਬੀਤੇ ਜੁਲਾਈ ਦੇ ਮਹੀਨੇ ਤੋਂ ਹੀ ਫੇਸ-ਮਾਸਕ ਦਾ ਨਿਯਮ ਜ਼ਰੂਰੀ ਤੌਰ ਤੇ ਲਾਗੂ ਕਰ ਦਿੱਤਾ ਗਿਆ ਸੀ ਅਤੇ ਖੇਤਰੀ ਵਿਕਟੋਰੀਆ ਵਿੱਚ ਇਹ ਅਗਸਤ ਦੇ ਮਹੀਨੇ ਤੋਂ ਲਾਗੂ ਹੋਇਆ ਸੀ। ਵਿਕਟੋਰੀਆ ਅੰਦਰ ਕਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 819 ਹੈ ਅਤੇ ਕੌਮੀ ਪੱਧਰ ਉਪਰ ਇਹ ਗਿਣਤੀ 907 ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੇ ਕਰੋਨਾ ਦੀ ਬਿਮਾਰੀ ਕਾਰਨ ਦਮ ਤੋੜਿਆ।

Install Punjabi Akhbar App

Install
×