ਅੰਦਰਵਾਰ ਦੇ ਡਾਂਸਿੰਗ ਫਲੌਰਾਂ ਉਪਰ ਪਾਬੰਧੀ ਅੱਜ ਤੋਂ ਲਾਗੂ…..
ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ, ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 37,169 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 25 ਮੌਤਾਂ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਨਵੇਂ ਮਾਮਲਿਆਂ ਵਿੱਚ 16,843 ਮਾਮਲੇ ਤਾਂ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 20,326 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਹਨ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ ਚਲੰਤ ਮਾਮਲੇ 221,726 ਹਨ ਅਤੇ 953 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 111 ਆਈ.ਸੀ.ਯੂ. ਵਿੱਚ ਹਨ ਅਤੇ 29 ਵੈਂਟੀਲੇਟਰਾਂ ਉਪਰ ਵੀ ਹਨ।
ਕਰੋਨਾ ਤੋਂ ਬਚਾਉ ਕਾਰਨ, ਅੱਜ ਤੋਂ ਰਾਜ ਭਰ ਵਿੱਚ ਨਵੇਂ ਕਾਨੂੰਨ ਲਾਗੂ ਹੋ ਰਹੇ ਹਨ ਜਿਨ੍ਹਾਂ ਵਿੱਚ ਅੰਦਰਵਾਰ ਦੇ ਡਾਂਸਿੰਗ ਫਲੋਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਵਿਆਹ ਸ਼ਾਦੀਆਂ ਦੌਰਾਨ ਡਾਂਸਿੰਗ ਫਲੋਰਾਂ ਉਪਰ ਥਾਂ ਅਤੇ ਵਿਅਕਤੀਆਂ ਦੇ ਇਕੱਠ ਮੁਤਾਬਿਕ ਲੋੜੀਂਦੀ ਥਾਂ ਹੀ ਤੈਅ ਹੋਵੇਗੀ ਤਾਂ ਕਿ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ।
ਜ਼ਰੂਰੀ ਕੰਮਾਂ ਵਾਲੇ ਕਰਮੀਆਂ (ਸਮੇਤ ਆਪਾਤਕਾਲੀਨ ਕਰਮੀਆਂ ਆਦਿ) ਨੂੰ ਕਰੋਨਾ ਤੋਂ ਬਚਾਉ ਵਾਲੀ ਤੀਸਰੀ ਡੋਜ਼ ਲਾਜ਼ਮੀ ਹੋਵੇਗੀ ਅਤੇ ਇਹ ਡੋਜ਼ 12 ਫਰਵਰੀ ਤੋਂ ਪਹਿਲਾਂ ਲਗਵਾਉਣੀ ਹੋਵੇਗੀ।
ਸੁਪਰ ਮਾਰਕਿਟਾਂ ਅਤੇ ਰਿਟੇਲ ਕਾਊਂਟਰਾਂ ਆਦਿ ਦੇ ਕਰਮਚਾਰੀਆਂ ਵਾਸਤੇ ਆਈਸੋਲੇਸ਼ਨ ਵਿੱਚ ਬਦਲ ਕੀਤਾ ਗਿਆ ਹੈ ਅਤੇ ਹੁਣ ਜੇਕਰ ਉਹ ਕਿਸੇ ਨਜ਼ਦੀਕੀ ਸੰਪਰਕ ਵਿੱਚ ਆਉਂਦੇ ਹਨ ਪਰੰਤੂ ਉਨ੍ਹਾਂ ਨੂੰ ਸਰੀਰਕ ਤੌਰ ਤੇ ਕੋਈ ਪ੍ਰੇਸ਼ਾਨੀ ਜਾਂ ਲੱਛਣ ਆਦਿ ਨਹੀਂ ਹਨ ਤਾਂ ਉਹ ਅਗਲੇ 5 ਦਿਨਾਂ ਤੱਕ ਰੈਪਿਡ ਐਂਟੀਜਨ ਟੈਸਟ ਕਰਨਗੇ ਅਤੇ ਆਪਣੀ ਰਿਪੋਰਟ ਨੈਗੇਟਿਵ ਆਉਣ ਨਾਲ ਕੰਮ ਕਰ ਸਕਦੇ ਹਨ।
ਹਸਪਤਾਲਾਂ ਆਦਿ ਵਿੱਚ ਜਾਣ ਵਾਸਤੇ ਪੂਰੀ ਤਰ੍ਹਾਂ ਨਾਲ ਟੀਕੇ ਲੱਗੇ ਹੋਣੇ ਚਾਹੀਦਾ ਹਨ ਅਤੇ ਜਾਂ ਫੇਰ ਦਾਖਲ ਹੋਣ ਸਮੇਂ ਰੈਪਿਡ ਐਂਟੀਜਨ ਟੈਸਟ ਜ਼ਰੂਰੀ ਹੈ ਅਤੇ ਹਸਪਤਾਲਾਂ ਵਿੱਚ ਐਨ-95 ਮਾਸਕ ਹੀ ਪਾ ਕੇ ਜਾਇਆ ਜਾ ਸਕਦਾ ਹੈ।
ਏਜਡ ਕੇਅਰ ਸੈਂਟਰਾਂ ਵਿੱਚ ਹਰ ਰੋਜ਼ ਸਿਰਫ 5 ਵਿਅਕਤੀ ਹੀ ਆ ਜਾ ਸਕਦੇ ਹਨ ਪਰੰਤੂ ਉਨ੍ਹਾਂ ਦਾ ਵੀ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆਉਣਾ ਲਾਜ਼ਮੀ ਹੈ।