ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 51,356 ਮਾਮਲੇ, 9 ਮੌਤਾਂ ਦਰਜ
ਵੈਸੇ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਨਾਲ ਦਿਨ ਪ੍ਰਤੀ ਦਿਨ ਨਵੇ ਰਿਕਾਰਡ ਬਣ ਰਹੇ ਸਨ ਅਤੇ ਪੁਰਾਣੇ ਟੁੱਟ ਰਹੇ ਸਨ ਪਰੰਤੂ ਅੱਜ ਤਾਂ ਵਿਕਟੌਰੀਆ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਅਜਿਹਾ ਉਛਾਲ ਆਇਆ ਕਿ ਪੁਰਾਣੇ ਸਭ ਰਿਕਾਰਡ ਖੇਰੂੰ ਖੇਰੂੰ ਕਰਕੇ ਰੱਖ ਦਿੱਤੇ।
ਅੱਜ ਦੇ ਆਂਕੜਿਆਂ ਮੁਤਾਬਿਕ, ਬੀਤੇ 24 ਘਟਿਆਂ ਦੌਰਾਨ, ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 51,356 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 9 ਮੌਤਾਂ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਹਾਲੇ ਬੀਤੇ ਕੱਲ੍ਹ ਹੀ ਇੱਥੇ 21,728 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਸਨ ਅਤੇ ਅੱਜ, ਇਕਦਮ ਇਨ੍ਹਾਂ ਕਰੋਨਾ ਦੇ ਮਾਮਲਿਆਂ ਵਿੱਚ ਇੰਨਾ ਭਾਰੀ ਉਛਾਲ -ਸਭ ਲਈ ਚਿੰਤਾ ਤਾ ਵਿਸ਼ਾ ਬਣ ਗਿਆ ਹੈ।
ਰਾਜ ਵਿੱਚ ਇਸ ਸਮੇਂ 644 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 106 ਆਈ.ਸੀ.ਯੂ. ਵਿੱਚ ਵੀ ਹਨ। ਪਰੰਤੂ ਸਵੇਰੇ 9:30 ਵਜੇ ਰਾਜ ਦੇ ਸਿਹਤ ਮੰਤਰੀ ਮਾਰਟਿਨ ਫੌਲੇ ਵੱਲੋਂ ਇਹ ਆਂਕੜਾ ਵੀ ਕ੍ਰਮਵਾਰ 731 ਅਤੇ 109 ਦਾ ਦੱਸਿਆ ਗਿਆ ਹੈ। ਵੈਂਟੀਲੇਟਰ ਉਪਰ ਵੀ 24 ਕਰੋਨਾ ਪੀੜਿਤ ਲੋਕ ਸਨ ਜੋ ਕਿ ਤਾਜ਼ਾ ਆਂਕੜਿਆਂ ਮੁਤਾਬਿਕ 22 ਰਹਿ ਗਏ ਹਨ।
ਰਾਜ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਛਾਲ ਇੱਕਦਮ ਇਸ ਵਾਸਤੇ ਆਇਆ ਹੈ ਕਿ ਲੋਕਾਂ ਨੇ ਰੈਪਿਡ ਐਂਟੀਜਨ ਟੈਸਟ ਕਰਕੇ ਉਨ੍ਹਾਂ ਦੇ ਨਤੀਜੇ ਅਪਡੇਟ ਕੀਤੇ ਹਨ ਅਤੇ ਇਹ ਸਭ ਆਨਲਾਈਨ ਰਿਪੋਰਟਿੰਗ ਪਲੈਟਫਾਰਮ ਕਾਰਨ ਹੀ ਹੋਇਆ ਹੈ।