ਵਿਕਟੌਰੀਆ ਰਾਜ ਵਿੱਚ ਕਰੋਨਾ ਦੇ 21,997 ਮਾਮਲੇ ਦਰਜ, 6 ਮੌਤਾਂ

ਵਿਅਕਤੀਆਂ ਦੇ ਇਕੱਠਾਂ ਉਪਰ ਮੁੜ ਤੋਂ ਪਾਬੰਧੀਆਂ

ਵਿਕਟੌਰੀਆਈ ਸਿਹਤ ਮੰਤਰੀ ਮਾਰਟਿਨ ਫੌਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 21,997 ਮਾਮਲੇ ਦਰਜ ਹੋਏ ਹਨ ਅਤੇ ਇਸ ਬਿਮਾਰੀ ਕਾਰਨ 6 ਹੋਰ ਮੌਤਾਂ ਵੀ ਹੋ ਗਈਆਂ ਹਨ। ਰਾਜ ਵਿੱਚ ਇਸ ਸਮੇਂ 631 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 41 ਆਈ.ਸੀ.ਯੂ. ਵਿੱਚ ਹਨ ਅਤੇ 22 ਵੈਂਟੀਲੇਟਰਾਂ ਉਪਰ ਹਨ।
ਰਾਜ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਕਰਨ ਹਿਤ, ਰਾਜ ਭਰ ਦੇ ਹਸਪਤਾਲਾਂ ਵਿੱਚ ਗ਼ੈਰ-ਜ਼ਰੂਰੀ ਸਰਜਰੀਆਂ ਉਪਰ ਫੌਰੀ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਜਨਤਕ ਥਾਂਵਾਂ ਜਾਂ ਕਿਤੇ ਵੀ ਹੋਣ ਵਾਲੇ ਵਿਅਕਤੀਆਂ ਦੇ ਇਕੱਠਾਂ ਲਈ ਪ੍ਰਤੀ ਵਿਅਕਤੀ 2 ਵਰਗ ਮੀਟਰ ਦੀ ਥਾਂ ਵਾਲਾ ਨਿਯਮ ਮੁੜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਚਾਰ ਦਿਵਾਰੀ ਦੇ ਅੰਦਰਵਾਰ ਮਨੋਰੰਜਕ ਸਥਾਨਾਂ, ਹੋਟਲਾਂ, ਸਿਨੇਮਾਂ, ਰੈਸਟੌਰੈਂਟਾਂ ਜਾਂ ਹੋਰ ਅਦਾਰਿਆਂ, ਸਭ ਵਿੱਚ ਲਾਗੂ ਕਰ ਦਿੱਤਾ ਗਿਆ ਹੈ।
ਸਿਨੇਮਾ ਅਤੇ ਥਿਏਟਰ ਵਿੱਚ, ਜਿਹੜੇ ਲੋਕਾਂ ਨੇ ਮਾਸਕ ਪਾਏ ਹੋਣਗੇ, ਉਨ੍ਹਾਂ ਨੂੰ ਨਾਲ ਨਾਲ ਬੈਠਣ ਦੀ ਇਜਾਜ਼ਤ ਦਿੱਤੀ ਗਈ ਹੈ।
ਚਾਰ ਦਿਵਾਰੀ ਦੇ ਅੰਦਰਵਾਰ ਡਾਂਸਿੰਗ ਫਲੋਰਾਂ ਉਪਰ ਮਨਾਹੀ ਹੈ ਅਤੇ ਕੇਵਲ ਬੈਠਣ ਵਾਲੀ ਸਮਰੱਥਾ ਹੀ ਲਾਗੂ ਰਹੇਗੀ। ਲੋਕਾਂ ਨੂੰ, ਜਿੱਥੋਂ ਤੱਕ ਹੋ ਸਕੇ, ਘਰਾਂ ਅੰਦਰ ਰਹਿ ਕੇ ਕੰਮ ਕਾਜ ਕਰਨ ਦੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਕੋਲੋਂ ਰਾਜ ਸਰਕਾਰ ਨੇ 44 ਮਿਲੀਅਨ ਰੈਪਿਡ ਐਂਟੀਜਨ ਟੈਸਟਾਂ ਦੀ ਮੰਗ ਕੀਤੀ ਹੋਈ ਹੈ ਅਤੇ ਉਮੀਦ ਹੈ ਕਿ 7 ਲੱਖ ਦੇ ਕਰੀਬ ਦੀ ਪਹਿਲੀ ਖੇਪ ਕੱਲ੍ਹ ਜਾਂ ਪਰਸੋਂ ਤੱਕ ਪਹੁੰਚ ਜਾਵੇਗੀ।

Install Punjabi Akhbar App

Install
×