ਬੱਚਿਆਂ ਦੇ ਟੀਕਾਕਰਣ ਲਈ ਬੁਕਿੰਗ ਸ਼ੁਰੂ
ਰਾਜ ਦੇ ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 17,736 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 11 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਆਂਕੜਿਆਂ ਤੇ ਨਜ਼ਰ ਮਾਰਿਆਂ ਸਾਫ ਪਤਾ ਲੱਗਦਾ ਹੈ ਕਿ ਕਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਕੁੱਲ 51,317 ਚਲੰਤ ਕਰੋਨਾ ਦੇ ਮਾਮਲੇ ਰਾਜ ਵਿੱਚ ਇਸ ਸਮੇਂ ਮੌਜੂਦ ਹਨ।
ਇਸੇ ਸਮੇਂ ਦੌਰਾਨ ਹਸਪਤਾਲਾਂ ਦੇ ਆਂਕੜੇ ਦੇਖੀਏ ਤਾਂ ਪਤਾ ਚਲਦਾ ਹੈ ਕਿ 591 ਕਰੋਨਾ ਪੀੜਿਤ ਲੋਕ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ ਕਿ 53 ਆਈ.ਸੀ.ਯੂ. ਵਿੱਚ ਅਤੇ 20 ਵੈਂਟੀਲੇਟਰਾਂ ਉਪਰ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਹਫ਼ਤੇ ਤੋਂ ਰਾਜ ਭਰ ਵਿੱਚ 5 ਤੋਂ 11 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਹੁਣ ਕੋਵਿਡ-19 ਵੈਕਸੀਨ ਡੋਜ਼ ਲਗਾਉਣੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਵਾਸਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਬੁਕਿੰਗ (ਅੱਜ ਦੁਪਹਿਰ 1 ਵਜੇ ਤੋਂ ਸ਼ੁਰੂ) ਕਰਵਾ ਲੈਣ ਅਤੇ ਵਾਰੀ ਦਾ ਇੰਤਜ਼ਾਰ ਕਰਨ। ਵਾਰੀ ਆਉਣ ਤੇ ਤੁਰੰਤ ਆਪਣੇ ਨਜ਼ਦੀਕ ਦੇ ਵੈਕਸੀਨੇਸ਼ਨ ਸੈਂਟਰ ਤੋਂ ਬੱਚਿਆਂ ਨੂੰ ਕਰੋਨਾ ਤੋਂ ਬਚਾਉਣ ਵਾਲੀ ਵੈਕਸੀਨ ਵਾਲਾ ਟੀਕਾ ਲਗਵਾਉਣ ਤਾਂ ਕਿ ਇਸ ਭਿਆਨਕ ਬਿਮਾਰੀ ਤੋਂ ਸਮੁੱਚੇ ਸਮਾਜ ਦਾ ਬਚਾਅ ਕੀਤਾ ਜਾ ਸਕੇ।