ਕਰੋਨਾ ਦੇ ਨਵੇਂ 1503 ਮਾਮਲੇ ਅਤੇ 6 ਮੌਤਾਂ ਦਰਜ
ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1503 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 6 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਕ੍ਰਿਸਮਿਸ ਦੇ ਤਿਉਹਾਰ ਲਈ ਛੁੱਟੀਆਂ ਉਪਰ ਜਾਣ ਦੀ ਤਾਂਘ ਵਿੱਚ ਰਾਜ ਭਰ ਵਿੱਚ ਟੈਸਟਿੰਗ ਸੈਂਟਰਾਂ ਉਪਰ ਭੀੜ ਹੀ ਭੀੜ ਦਿਖਾਈ ਦੇ ਰਹੀ ਹੈ ਜੋ ਕਿ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜ੍ਹ ਕੇ ਆਪਣੀ ਟੈਸਟਿੰਗ ਦੀ ਵਾਰੀ ਦੀ ਉਡੀਕ ਕਰ ਰਹੀ ਹੈ।
13 ਹੋਰ ਟੈਸਟਿੰਗ ਸੈਂਟਰਾਂ ਨੂੰ ਅੱਜ ਸਵੇਰੇ ਹੀ ਬੰਦ ਕਰਨਾ ਪਿਆ ਹੈ ਜਿਨ੍ਹਾਂ ਵਿੱਚ ਕਿ ਕੀਜ਼ਬੋਰੋ ਵਿਚਲਾ ਸਪਰਿੰਗਜ਼ ਲਈਅਰ ਸੈਂਟਰ, ਹੇਡਲਬਰਗ ਦਾ ਰਿਪੈਟ੍ਰਿਏਸ਼ਨ ਹਸਪਤਾਲ ਅਤੇ ਵਿਕਟੌਰੀਆ ਯੂਨੀਵਰਸਿਟੀ ਦਾ ਵੇਰੀਬੀ ਕੈਂਪਸ ਦੇ ਨਾਲ ਨਾਲ ਬੋਰਕ ਸਟ੍ਰੀਟ ਵਾਲਾ ਵਾਕ-ਇਨ ਸੈਂਟਰ, ਮੌਂਟੇਗ ਸਟ੍ਰੀਟ ਵਾਲਾ ਡ੍ਰਾਈਵ ਥਰੂ, ਅਤੇ ਅਲਬਰਟ ਪਾਰਕ ਵਾਲਾ ਡ੍ਰਾਈਵ ਥਰੂ ਆਦਿ ਸ਼ਾਮਿਲ ਹਨ।
ਕਾਰਜਕਾਰ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਕਿਹਾ ਕਿ ਰਾਜ ਭਰ ਇਨ੍ਹਾਂ ਤੋਂ ਇਲਾਵਾ 260 ਟੈਸਟਿੰਗ ਸੈਂਟਰ ਪੂਰਾ ਕੰਮ ਕਰ ਰਹੇ ਹਨ ਅਤੇ 40 ਕੁ ਮਿਨਟਾਂ ਦੀ ਐਵਰਜ ਦਰ ਨਾਲ ਚੱਲ ਰਹੇ ਹਨ।
ਰਾਜ ਵਿੱਚ ਇਸ ਸਮੇਂ ਕੁੱਲ 394 ਕਰੋਨਾ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 70 ਆਈ.ਸੀ.ਯੂ. ਵਿੱਚ ਵੀ ਹਨ ਅਤੇ 41 ਵੈਂਟੀਲੇਟਰਾਂ ਉਪਰ ਹਨ।