
ਬੀਤੇ 24 ਘੰਟਿਆਂ ਦੌਰਾਨ ਵਿਕਟੌਰੀਆ ਰਾਜ ਵਿੱਚ ਕਰੋਨਾ ਦੇ ਨਵੇਂ 1290 ਮਾਮਲੇ ਦਰਜ ਕੀਤੇ ਗਏ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨਾਲ 2 ਮੌਤਾਂ ਵੀ ਹੋਈਆਂ ਹਨ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ 11649 ਚਲੰਤ ਮਾਮਲੇ ਹਨ ਅਤੇ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਦੀ ਦਰ 92% (ਦੋਨੋਂ ਡੋਜ਼ਾਂ) ਹੋ ਚੁਕੀ ਹੈ।
ਰਾਜ ਵਿੱਚ ਇਸ ਸਮੇਂ 323 ਕਰੋਨਾ ਪੀੜਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 77 ਆਈ.ਸੀ.ਯੂ. ਵਿੱਚ ਹਨ ਅਤੇ 40 ਵੈਂਟੀਲੇਟਰਾਂ ਉਪਰ ਹਨ।
ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੈਲਬੋਰਨ ਵਿਚ ਘੱਟੋ ਘੱਟ 3 ਵਿਅਕਤੀਆਂ ਨੂੰ ਦੂਸਰੀ ਵਾਰੀ ਕਰੋਨਾ ਦਾ ਇਨਫੈਕਸ਼ਨ ਹੋਇਆ ਹੈ ਅਤੇ ਇਹ ਇਨਫੈਕਸ਼ਨ ਪੂਰੇ ਇੱਕ ਸਾਲ ਬਾਅਦ ਦੋਬਾਰਾ ਹੋਇਆ ਹੈ। ਇਸ ਬਾਰੇ ਜਾਂਚ ਚੱਲ ਰਹੀ ਹੈ ਅਤੇ ਖੋਜੀ ਵਿਗਿਆਨੀ ਡਾਕਟਰ ਇਸ ਦਾ ਪੂਰਨ ਅਧਿਐਨ ਕਰਨ ਵਿੱਚ ਰੁੱਝੇ ਹੋਏ ਹਨ।
ਇਸੇ ਦੌਰਾਨ, ਰਾਜ ਸਰਕਾਰ ਨੇ ਦੱਖਣੀ ਅਫ਼ਰੀਕਾ, ਬੋਟਸਵਾਨਾ, ਐਸਵੈਟਿਨੀ, ਲੈਸੋਥੋ, ਮਾਲਾਵੀ, ਮੋਜ਼ੈਂਬਿਕ, ਨਮੀਬੀਆ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਤੋਂ ਪੂਰਨ ਰੂਪ ਵਿੱਚ ਵੈਕਸੀਨੇਟਿਡ ਯਾਤਰੀਆਂ ਨੂੰ ਵਿਕਟੌਰੀਆ ਪੁੱਝਣ ਤੇ 14 ਦਿਨਾਂ ਦੇ ਕੁਆਰਨਟੀਨ ਤੋਂ ਛੋਟ ਦੇ ਦਿੱਤੀ ਹੈ ਅਤੇ ਉਹ ਹੁਣ ਸਿੱਧਾ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ। ਘਰ ਪੁੱਝਣ ਤੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਆਪਣਾ ਕਰੋਨਾ ਟੈਸਟ ਕਰਵਾ ਕੇ ਨੈਗੇਟਿਵ ਰਿਪੋਰਟ ਦਿਖਾਉਣੀ ਪੈਂਦੀ ਹੈ। ਇਸਤੋਂ ਬਾਅਦ ਇਹ ਵੀ ਜ਼ਰੂਰੀ ਹੈ ਕਿ ਉਹ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਮੁੜ ਤੋਂ ਕਰੋਨਾ ਟੈਸਟ ਕਰਵਾਉਣ ਅਤੇ ਨੈਗੇਟਿਵ ਰਿਪੋਰਟ ਦਾ ਧਿਆਨ ਰੱਖਣ।
ਇਸ ਦੇ ਨਾਲ ਹੀ ਰਾਜ ਵਿੱਚ 3 ਓਮੀਕਰੋਨ ਦੇ ਮਾਮਲੇ ਵੀ ਆਏ ਹਨ ਜਿਨ੍ਹਾਂ ਵਿੱਚ ਕਿ 1 ਵਿਅਕਤੀ ਤਾਂ ਨੀਦਰਲੈਂਡਜ਼ ਤੋਂ ਆਇਆ ਹੈ ਅਤੇ ਹੋਟਲ ਕੁਆਰਨਟੀਨ ਵਿੱਚ ਹੈ ਅਤੇ 2 ਉਹ ਹਨ ਜੋ ਕਿ 30 ਨਵੰਬਰ ਵਾਲੀ ਦੁਬਈ ਤੋਂ ਮੈਲਬੋਰਨ ਵਾਲੀ ਫਲਾਈਟ ਵਿੱਚ ਸਨ ਅਤੇ ਓਮੀਕਰੋਨ ਪਾਜ਼ਿਟਿਵ ਹੋਏ ਹਨ।