ਵਿਕਟੌਰੀਆ ਵਿੱਚ ਕਰੋਨਾ ਲਹਿਰ ਉਪਰ ਕਾਬੂ, ਪਰੰਤੂ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ

ਕ੍ਰਿਸਮਿਸ ਤੋਂ ਪਹਿਲਾਂ ਅਹਿਤਿਆਦਨ ਐਲਾਨ

ਬੀਤੇ ਹਫ਼ਤੇ ਦੇ ਆਂਕੜੇ ਦਰਸਾਉਂਦੇ ਹਨ ਕਿ ਵਿਕਟੌਰੀਆ ਰਾਜ ਅੰਦਰ ਕਰੋਨਾ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ 3.4% ਦਾ ਹੀ ਵਾਧਾ (27,790 ਨਵੇਂ ਮਾਮਲੇ ਦਰਜ) ਹੋਇਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਕਰੋਨਾ ਦੀ ਇਸ ਲਹਿਰ ਉਪਰ ਕਾਫੀ ਹਦ ਤੱਕ ਕਾਬੂ ਪਾਇਆ ਜਾ ਚੁਕਿਆ ਹੈ। ਪਰੰਤੂ ਇਸ ਦੇ ਨਾਲ ਹੀ ਆਂਕੜੇ ਇਹ ਵੀ ਦਰਸਾਉਂਦੇ ਹਨ ਕਿ ਰਾਜ ਅੰਦਰ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ।
ਮੌਜੂਦਾ ਹਸਪਤਾਲਾਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਭਰ ਵਿੱਚ 682 ਕਰੋਨਾ ਮਰੀਜ਼ਾਂ ਦੀ ਐਂਟਰੀ ਹੋਈ ਹੈ ਅਤੇ ਇਸ ਕਾਰਨ ਇਹ ਵਾਧਾ 24% ਦਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 28 ਮਰੀਜ਼ ਆਈ.ਸੀ.ਯੂ. ਵਿੱਚ ਵੀ ਹਨ ਅਤੇ 85 ਲੋਕਾਂ ਦੀ ਮੌਤ ਇਸੇ ਸਮੇਂ ਦੌਰਾਨ ਕਰਨਾ ਕਾਰਨ ਹੋਈ ਹੈ।
ਰਾਜ ਅੰਦਰ ਜਦੋਂ ਦੀ ਕਰੋਨਾ ਦੀ ਬਿਮਾਰੀ ਦਾ ਆਗਾਜ਼ ਹੋਇਆ ਹੈ, ਹੁਣ ਤੱਕ ਇਸ ਤੋਂ 2.7 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ ਜਦੋਂ ਕਿ 6132 ਲੋਕ ਇਸ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ।
ਸਿਹਤ ਅਧਿਕਾਰੀ ਲਗਾਤਾਰ ਲੋਕਾਂ ਨੂੰ ਇਸ ਗੱਲ ਤੋਂ ਆਗਾਹ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕ੍ਰਿਸਮਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਕਿਸੇ ਵੀ ਕ੍ਰਿਸਮਿਸ ਪਾਰਟੀ ਤੇ ਜਾਣ ਤੋਂ ਪਹਿਲਾਂ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾ ਲੈਣ ਤਾਂ ਜੋ ਕਿਸੇ ਅਣਚਾਹੀ ਸਥਿਤੀ ਤੋਂ ਪਹਿਲਾਂ ਹੀ ਬਚਾਉ ਕੀਤਾ ਜਾ ਸਕੇ।