ਵਿਕਟੋਰੀਆ ਵਿੱਚ ਕੋਈ ਨਵਾਂ ਕਰੋਨਾ ਦਾ ਮਾਮਲਾ ਦਰਜ ਨਹੀਂ -ਨਾ ਹੀ ਕਰੋਨਾ ਕਾਰਨ ਹੋਈ ਕੋਈ ਮੌਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਅਤੇ ਆਂਕੜਿਆਂ ਮੁਤਾਬਿਕ ਦਰਸਾਇਆ ਗਿਆ ਹੈ ਕਿ ਬੀਤੇ 24 ਘੰਟਿਆਂ ਦੌਰਾਨ ਅਤੇ ਲਗਾਤਾਰ ਤੀਜੇ ਦਿਨ, ਰਾਜ ਅੰਦਰ ਕੋਵਿਡ-19 ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਬਿਮਾਰੀ ਕਾਰਨ ਕੋਈ ਮੌਤ ਹੋਈ ਹੈ। ਮੈਲਬੋਰਨ ਦੀ 14 ਦਿਨਾਂ ਦੇ ਕਰੋਨਾ ਚੱਕਰ ਦੀ ਦਰ 1.9 ਤੇ ਹੀ ਟਿਕੀ ਹੈ। ਅਕਤੂਬਰ ਦੀ 30 ਤਾਰੀਖ ਨੂੰ ਮਹਿਜ਼ ਇੱਕ ਹੀ ਕਰੋਨਾ ਦਾ ਅਣਪਛਾਤਾ ਮਾਮਲਾ ਦਰਜ ਹੋਇਆ ਸੀ। ਰਾਜ ਵਿੱਚ ਇਸ ਭਿਆਨਕ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦਾ ਆਂਕੜਾ ਵੀ 819 ਹੀ ਹੈ ਅਤੇ ਕੌਮੀ ਪੱਧਰ ਉਪਰ 907 ਦੀ ਗਿਣਤੀ ਹੈ। ਮੁੱਖ ਸਿਹਤ ਅਧਿਕਾਰੀ ਸ੍ਰੀ ਬਰੈਟ ਸਟਨ ਦਾ ਮੰਨਣਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਅੰਦਰ ਹੀ ਰਾਜ ਅੰਦਰਲੇ ਕਰੋਨਾ ਦੇ ਚਲੰਮ ਮਾਮਲੇ ਵੀ ਘੱਟ ਕੇ ਕੁੱਝ ਦਰਜਨਾਂ ਤੱਕ ਹੀ ਰਹਿ ਜਾਣਗੇ ਅਤੇ ਇਸ ਵਾਸਤੇ ਅਸੀਂ ਸਾਰੇ ਹੀ ਉਮੀਦ ਲਗਾਏ ਬੈਠੇ ਹਾਂ। ਜ਼ਿਕਰਯੋਗ ਹੈ ਕਿ ਅਗਸਤ ਦੇ ਮਹੀਨੇ ਦੇ ਵਿਚਕਾਰ ਜਿਹੇ ਰਾਜ ਅੰਦਰ 7000 ਤੋਂ ਵੀ ਜ਼ਿਆਦਾ ਕੋਵਿਡ-19 ਦੇ ਚਲੰਤ ਮਾਮਲੇ ਸਨ ਅਤੇ ਸਰਕਾਰ ਅਤੇ ਜਨਤਕ ਸਹਿਯੋਗ ਨਾਲ ਇਸ ਵੇਲੇ ਉਕਤ ਆਂਕੜੇ ਮਹਿਜ਼ 61 ਵਿਅਕਤੀਆਂ ਤੇ ਆ ਕੇ ਟਿਕੇ ਹੋਏ ਹਨ ਜੋ ਕਿ ਜਾਂ ਤਾਂ ਆਈਸੋਲੇਸ਼ਨ ਵਿੱਚ ਹਨ ਅਤੇ ਜਾਂ ਫੇਰ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਦੀ ਬਹੁਤ ਛੇਤੀ ਹੀ ਠੀਕ ਹੋ ਜਾਣ ਦੀ ਉਮੀਦ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ।

Install Punjabi Akhbar App

Install
×