ਵਿਕਟੋਰੀਆ ਵਿੱਚ ਟੁੱਟਿਆ ਦੋ ਜ਼ੀਰੋਆਂ ਵਾਲਾ ਆਂਕੜਾ -ਕਰੋਨਾ ਕਾਰਨ ਇੱਕ ਹੋਰ ਮੌਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰ ਮੁਤਾਬਿਕ, ਬੀਤੇ 30 ਦਿਨ ਜਿਸ ਵਿੱਚ ਕਿ ਵਿਕਟੋਰੀਆ ਰਾਜ ਅੰਦਰ ਡਬਲ ਜ਼ੀਰੋਆਂ ਵਾਲਾ ਆਂਕੜਾ ਕਰੋਨਾ ਦੇ ਮਾਮਲਿਆਂ ਨੂੰ ਦਰਸਾਉਂਦਾ ਰਿਹਾ -ਭਾਵ ਜ਼ੀਰੋ ਨਵਾਂ ਮਾਮਲਾ ਅਤੇ ਜ਼ੀਰੋ ਹੀ ਕੋਈ ਮੌਤ, ਪਰੰਤੂ ਅੱਜ 31ਵੇਂ ਦਿਨ ਇੱਕ 70ਵਿਆਂ ਸਾਲਾਂ ਵਿੱਚ ਔਰਤ ਕਰੋਨਾ ਦਾ ਤਾਪ ਨਾ ਸਹਾਰਦਿਆਂ ਹੋਇਆਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਅਤੇ ਇਸ ਦੇ ਨਾਲ ਹੀ ਰਾਜ ਵਿੱਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ 820 ਅਤੇ ਕੌਮੀ ਪੱਧਰ ਉਪਰ ਇਹ ਆਂਕੜਾ 908 ਤੇ ਪਹੁੰਚ ਗਿਆ। ਵੈਸੇ ਇਸ ਦੌਰਾਨ ਲੋਕ 9 ਮਹੀਨਿਆਂ ਤੋਂ ਬਾਅਦ ਹੁਣ ਆਪਣੇ ਕੰਮਾਂ-ਕਾਰਾਂ ਅਤੇ ਦਫ਼ਤਰਾਂ ਵਿੱਚ ਹਾਜ਼ਿਰ ਹੋਣਾ ਸ਼ੁਰੂ ਹੋ ਗਏ ਹਨ ਅਤੇ ਅੱਜ ਤੋਂ ਹੀ 25% ਸਟਾਫ ਦੀ ਹਾਜ਼ਰੀ ਦੇ ਨਾਲ ਕੰਮ-ਕਾਜ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੋਟਲ ਕੁਆਰਨਟੀਨ ਵਾਲਾ ਪ੍ਰੋਗਰਾਮ ਚਲਾਉਣ ਵਾਸਤੇ ਹੁਣ ਸਰਕਾਰ ਇੱਕ ਹੋਰ ਸਰਕਾਰੀ ਏਜੰਸੀ ਦਾ ਗਠਨ ਜਲਦੀ ਹੀ ਕਰ ਰਹੀ ਹੈ ਅਤੇ ਰਾਜ ਅੰਦਰ 7 ਦਿਸੰਬਰ ਤੋਂ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਹੋਟਲ ਕੁਆਰਨਟੀਨ ਦੀ ਕੁੱਲ ਨਿਗਰਾਨੀ ਕਰੇਗੀ ਅਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਜ ਅੰਦਰ ਹੋਟਲ ਕੁਆਰਨਟੀਨ ਬੀਤੇ ਜੂਨ ਦੇ ਮਹੀਨੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਇੱਥੇ ਕੰਮ ਕਰਨ ਵਾਲੇ ਵਰਕਰ ਵੀ ਕੋਵਿਡ-19 ਤੋਂ ਸਥਾਪਿਤ ਹੋ ਗਏ ਸਨ ਅਤੇ ਇਸ ਆਊਟਬ੍ਰੇਕ ਨੇ ਘੱਟੋ ਘੱਟ ਵੀ 18,000 ਇਨਫੈਕਸ਼ਨ ਫੈਲਾਏ ਸਨ ਅਤੇ 800 ਦੇ ਕਰੀਬ ਮੌਤਾਂ ਇਸੇ ਕਾਰਨ ਹੋਈਆਂ ਸਨ। ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਨੇ ਦਫ਼ਤਰਾਂ ਵਿੱਚ ਹਾਜ਼ਰੀ ਭਰਨ ਵਾਲੇ ਕਰਮਚਾਰੀਆਂ ਨੂੰ ਤਾਕੀਦ ਕੀਤੀ ਹੈ ਕਿ ਆਪਣੇ ਫੇਸ-ਮਾਸਕ ਪਾ ਕੇ ਰੱਖਣ ਅਤੇ ਉਚਿਤ ਦੂਰੀਆਂ ਦਾ ਵੀ ਧਿਆਨ ਰੱਖਣ ਕਿਉਂਕਿ -ਬਚਾਉ ਵਿੱਚ ਹੀ ਬਚਾਉ ਹੈ।

Install Punjabi Akhbar App

Install
×