‘ਨਾਜੀ’ ਚਿੰਨ੍ਹਾਂ ਨੂੰ ਬੈਨ ਕਰਨ ਵਾਲੀ ਪਹਿਲੀ ਸਟੇਟ ਬਣੀ ਵਿਕਟੌਰੀਆ

ਨਾਜੀ ਚਿੰਨ੍ਹ -ਸਵਾਸਤਿਕ, ਉਪਰ ਪੂਰਨ ਪਾਬੰਧੀ ਲਗਾਉਣ ਵਾਸਤੇ ਵਿਕਟੌਰੀਆ ਦੀ ਪਾਰਲੀਮੈਂਟ ਨੇ ਮਤਾ ਪਾਸ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਨਫ਼ਰਤਾਂ ਫੈਲਾਉਣ ਵਾਲੇ ਨਾਜੀ ਚਿੰਨ੍ਹ ਉਪਰ ਪੂਰਨ ਪਾਬੰਧੀ ਲਗਾਉਣ ਲਈ, ਵਿਕਟੌਰੀਆ, ਆਸਟ੍ਰੇਲੀਆ ਦੀ ਪਹਿਲੀ ਸਟੇਟ ਬਣ ਗਿਆ ਹੈ।
ਰਾਜ ਭਰ ਵਿੱਚ ਹੁਣ ਇਹ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਨਾਜੀ ਚਿੰਨ੍ਹ -ਸਵਾਸਤਿਕ ਨੂੰ ਜਨਤਕ ਤੌਰ ਤੇ ਅਤੇ ਜਾਣਬੁੱਝ ਕੇ ਪ੍ਰਦਰਸ਼ਿਤ ਕਰਦਾ ਹੈ ਤਾਂ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ 22,000 ਡਾਲਰ ਤੱਕ ਦਾ ਜੁਰਮਾਨਾ ਜਾਂ 12 ਮਹੀਨਿਆਂ ਦੀ ਜੇਲ੍ਹ ਅਤੇ ਜਾਂ ਫੇਰ ਦੋਨੋਂ ਵੀ ਹੋ ਸਕਦੇ ਹਨ।
ਹਾਲਾਂਕਿ ਇਸ ਚਿੰਨ੍ਹ ਦਾ ਉਪਯੋਗ ਇਤਿਹਾਸਕ ਕਾਰਜਾਂ, ਪੜ੍ਹਾਈ-ਲਿਖਾਈ ਅਤੇ ਖੋਜ ਕਾਰਜਾਂ, ਕਲ਼ਕਾਰਾਂ ਦੁਆਰਾਂ ਕਲ਼ਾਕ੍ਰਿਤਾਂ ਵਿੱਚ ਕੀਤਾ ਜਾ ਸਕਦਾ ਹੈ ਪਰੰਤੂ ਹੁਣ ਜਨਤਕ ਤੌਰ ਤੇ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ।
ਵੈਸੇ ਇਹ ਚਿੰਨ੍ਹ ਬੋਧੀਆਂ, ਜੈਨਾਂ ਅਤੇ ਹਿੰਦੂਆਂ ਦੇ ਸਵਾਸਤਿਕ ਚਿੰਨ੍ਹ ਨਾਲ ਵੀ ਮਿਲਦਾ ਜੁਲਦਾ ਹੈ ਅਤੇ ਕਾਨੂੰਨੀ ਤੌਰ ਤੇ ਇਸ ਚਿੰਨ੍ਹ ਦੀ ਮਾਨਤਾ ਬਰਕਰਾਰ ਹੈ।
ਰਾਜ ਦੇ ਅਟਾਰਨੀ ਜਨਰਲ ਨੇ ਕਿਹਾ ਨਾਜੀਆਂ ਦਾ ਇਹ ਚਿੰਨ੍ਹ, ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਭਰਿਆ ਹੈ ਅਤੇ ਅਣਮਨੁੱਖੀ ਧਾਰਨਾਵਾਂ ਦਾ ਪੁਲੰਦਾ ਬਣਿਆ ਰਿਹਾ ਹੈ। ਸਰਕਾਰ ਨੇ ਇਸ ਉਪਰ ਪਾਬੰਧੀ ਲਗਾ ਕੇ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਫੈਸਲਾ ਕੀਤਾ ਹੈ ਜੋ ਕਿ ਲੋਕ ਹਿਤ ਵਿੱਚ ਹੀ ਹੈ।