7 ਦਿਨਾਂ ਦੇ ਆਈਸੋਲੇਸ਼ਨ ਦੇ ਖਾਤਮੇ ਉਪਰ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਕਰ ਰਹੇ ਵਿਚਾਰਾਂ

ਵੱਡੇ ਅਤੇ ਛੋਟੇ ਉਦਿਯੋਗਾਂ ਵੱਲੋਂ ਲਗਾਤਾਰ ਇਹ ਗੱਲ ਉਠਾਈ ਜਾ ਰਹੀ ਹੈ ਕਿ ਉਦਿਯੋਗ ਜਗਤ ਵਿੱਚ ਕਾਮਿਆਂ ਦੀ ਲਗਾਤਾਰ ਕਮੀ ਪਾਈ ਜਾ ਰਹੀ ਹੈ ਅਤੇ ਇਸ ਦਾ ਮੁੱਖ ਕਾਰਨ ਹੈ ਕਿ ਜੇਕਰ ਕਿਸੇ ਇੱਕ ਨੂੰ ਕਰੋਨਾ ਹੁੰਦਾ ਹੈ ਤਾਂ ਉਸ ਦੇ ਨਾਲ ਉਸਦੇ ਨਜ਼ਦੀਕੀਆਂ ਨੂੰ ਵੀ ਆਈਸੋਲੇਟ ਹੋਣਾ ਪੈਂਦਾ ਹੈ ਜਦੋਂ ਕਿ ਉਹ ਪੂਰਨ ਤੌਰ ਤੇ ਸਵਸਥ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਕਿਸੇ ਕਿਸਮ ਦੇ ਕਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਜਾਂ ਮਹਿਸੂਸ ਹੁੰਦੇ ਹਨ।
ਇਸ ਵਜ੍ਹਾ ਕਾਰਨ ਉਦਿਯੋਗਾਂ ਵਿੱਚ ਕਾਮਿਆਂ ਦੀ ਕਮੀ ਹੋ ਜਾਂਦੀ ਹੈ।
ਇਸ ਉਠ ਰਹੀ ਮੰਗ ਉਪਰ ਦੋਹੇਂ ਰਾਜਾਂ ਦੇ ਪ੍ਰੀਮੀਅਰ ਅਤੇ ਅਧਿਕਾਰੀ ਆਪਸ ਵਿੱਚ ਸਲਾਹ ਮਸ਼ਵਰੇ ਵਿੱਚ ਜੁੱਟ ਗਏ ਹਨ ਅਤੇ ਲਗਦਾ ਹੈ ਕਿ ਅੱਜ ਹੀ ਕੋਈ ਨਾ ਕੋਈ ਫੈਸਲਾ ਲੈ ਲਿਆ ਜਾਵੇਗਾ।
ਬੀਤੀ ਰਾਤ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ -ਡੋਮਿਨਿਕ ਪੈਰੋਟੈਟ, ਸਿਹਤ ਮੰਤਰੀ ਬਰੈਡ ਹਜ਼ਰਡ ਅਤੇ ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਇਸ ਬਾਬਤ ਮੀਟਿੰਗ ਵਿੱਚ ਕਾਫੀ ਚਿੰਤਨ ਕੀਤਾ ਹੈ।
ਵਿਕਟੌਰੀਆ ਦੇ ਪ੍ਰੀਮੀਅਰ ਦਾ ਕਹਿਣਾ ਹੈ ਉਦਿਯੋਗ ਜਗਤ ਦੀ ਮੰਗ ਜਾਇਜ਼ ਹੈ ਪਰੰਤੂ ਸਮਾਜਿਕ ਤੌਰ ਤੇ ਸਭ ਦੀ ਸਿਹਤ ਦਾ ਧਿਆਨ ਰੱਖਣਾ ਰਾਜ ਸਰਕਾਰ ਦਾ ਪਹਿਲਾ, ਮੁੱਢਲਾ ਅਤੇ ਮੁੱਖ ਕਾਰਜ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਬਾਬਤ ਕੁੱਝ ਹੋਰ ਦਿਨਾਂ ਦੇ ਆਂਕੜੇ ਜੁਟਾ ਰਹੇ ਹਾਂ।
ਅੱਜ ਦੋਹਾਂ ਰਾਜਾਂ ਦੇ ਅਧਿਕਾਰੀਆਂ ਦੀ ਆਪਸ ਵਿੱਚ ਮੀਟਿੰਗ ਹੋ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਫੈਸਲਾ ਲੈ ਲਿਆ ਜਾਵੇਗਾ।

Install Punjabi Akhbar App

Install
×