ਨਿਊਜ਼ੀਲੈਂਡ ‘ਚ ‘ਪ੍ਰਧਾਨ ਮੰਤਰੀ ਸਕਾਲਰਸ਼ਿੱਪ ਫਾਰ ਏਸ਼ੀਆ’ ਲਈ 27 ਸਾਲਾ ਪੰਜਾਬੀ ਨੌਜਵਾਨ ਵਿਚਾਰ ਸਿੰਘ ‘ਹੋੜਾ’ ਦੀ ਹੋਈ ਚੋਣ

NZ PIC 15 Jan-1

ਨਿਊਜ਼ੀਲੈਂਡ ਦੇ ਵਿਚ ‘ਪ੍ਰਧਾਨ ਮੰਤਰੀ ਸਕਾਲਰਸ਼ਿੱਪ ਫਾਰ ਏਸ਼ੀਆ’ ਯੋਜਨਾ ਜੋ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ 2013 ਦੇ ਵਿਚ ਸ਼ੁਰੂ ਕੀਤੀ ਗਈ ਸੀ, ਦੀ ਹੋਈ ਤਾਜ਼ਾ ਚੋਣ ਦੇ ਵਿਚ ਪਹਿਲੀ ਵਾਰ ਇਕ 27 ਸਾਲਾ ਪੰਜਾਬੀ ਨੌਜਵਾਨ ਵਿਚਾਰ ਸਿੰਘ ‘ਹੋੜਾ’ ਸਪੁੱਤਰ ਸ. ਅਕਾਲ ਮੂਰਤ ਸਿੰਘ ਦੀ ਚੋਣ ਕੀਤੀ ਗਈ ਹੈ। ਪੰਜਾਬ ਦੀ ਆਈ.ਟੀ. ਹੱਬ ਨਾਲ ਜਾਣੇ ਜਾਂਦੇ ਸ਼ਹਿਰ ਮੋਹਾਲੀ ਤੋਂ ਇਹ ਨੌਜਵਾਨ 2006 ਦੇ ਵਿਚ ਇਥੇ ਆਈ. ਟੀ. ਦੀ ਅਗਲੇਰੀ ਪੜ੍ਹਾਈ ਕਰਨ ਵਾਸਤੇ ਪਹੁੰਚਿਆ ਸੀ। ਪਹਿਲਾਂ ਇਸ ਨੇ ਇਥੇ ਆਈ.ਟੀ. ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਬਿਜਨਸ ਦੇ ਵਿਚ ਡਿਪਲੋਮਾ ਕੀਤਾ। ਕੁਝ ਸਮਾਂ ਦੁਨੀਆ ਦੇ ਕਾਰ ਵਿਹਾਰ ਵੀ ਕੀਤੇ ਪਰ ਪੜ੍ਹਾਈ ਦਾ ਕੀੜਾ ਫਿਰ ਜਾਗਿਆ ਅਤੇ ਉਸਨੇ ‘ਸਾਇਬਰ ਸਕਿਉਰਿਟੀ’ (ਇੰਟਰਨੈਟ ਸੁਰੱਖਿਆ) ਦੀ ਫਿਰ ਪੜ੍ਹਾਈ ਸ਼ੁਰੂ ਕਰ ਦਿੱਤੀ। ਯੂਨੀਟੈਕ ਇੰਸਟੀਚਿਊਟ ਆਫ ਟੈਕਨਾਲੋਜੀ, ਆਕਲੈਂਡ ਵਿੱਚੋਂ ਕੁੱਲ 7 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿਚ ਇਹ ਪਹਿਲਾ ਪੰਜਾਬੀ ਨੌਜਵਾਨ ਹੈ ਜਿਸ ਨੇ ਸਾਰੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਹ ਨੌਜਵਾਨ 19 ਜਨਵਰੀ ਨੂੰ 6 ਹਫਤਿਆਂ ਦੇ ਲਈ ਸਰਕਾਰੀ ਖਰਚੇ ਉਤੇ ‘ਯੂਨੀਵਰਸਿਟੀ ਆਫ ਟੋਕੀਓ-ਜਾਪਾਨ’ ਵਿਖੇ ਉਚ ਸਤਰ ਦੀ ਵਿਸ਼ੇਸ਼ ਪੜ੍ਹਾਈ ਕਰਨ ਜਾ ਰਿਹਾ ਹੈ। ਇਹ ਸਕਾਲਰਸ਼ਿੱਪ ਵੱਖ-ਵੱਖ ਦੇਸ਼ਾਂ ਦੇ ਉਚ ਸਿਖਿਆ ਪ੍ਰਾਪਤ ਵਿਦਿਆਰਥੀਆਂ ਦੇ ਆਪਸ ਵਿਚ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਨਵੇਂ ਖੋਜ ਕਾਰਜਾਂ ਬਾਰੇ ਜਾਣਕਾਰੀ ਇਕੱਤਰ ਕਰਨ ਵਾਸਤੇ ਦਿੱਤੀ ਜਾਂਦੀ ਹੈ। ਏਸ਼ੀਅਨ ਦੇਸ਼ਾਂ ਦੇ ਸਾਰੇ ਸਮੂਹਾਂ ਦੇ ਲਈ ਇਸ ਸਕਾਲਰਸ਼ਿੱਪ ਦਾ ਖਾਸ ਮਹੱਤਵ ਹੈ ਅਤੇ ਇਹ ਸਿਰਫ ਹੋਣਹਾਰ ਵਿਦਿਆਰਥੀਆਂ ਦੇ ਹਿੱਸੇ ਹੀ ਆਉਂਦੀ ਹੈ। ਯੂਨੀਵਰਸਿਟੀ ਦੇ ਡੀਨ ਅਤੇ ਭਾਰਤੀ ਭਾਈਚਾਰੇ ਵੱਲੋਂ ਵਿਚਾਰ ਸਿੰਘ ‘ਹੋੜਾ’ ਨੂੰ ਅਗਲੇਰੀ ਉਚ ਪੜ੍ਹਾਈ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਹਨ।