
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਆਪਣੇ ਕੋਵਿਡ ਸਬੰਧੀ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਮਹਿਜ਼ 2 ਹੀ ਕਰੋਨਾ ਦੇ ਸਥਾਨਕ ਸਥਾਂਨਾਂਤਰਣ ਦੇ ਮਾਮਲੇ ਦਰਜ ਹੋਏ ਹਨ ਅਤੇ ਕੋਈ ਸ਼ੱਕ ਨਹੀਂ ਕਿ ਮੌਜੂਦਾ ਲਾਕਡਾਊਨ ਨੂੰ ਤੈਅਸ਼ੁਦਾ ਸਮੇਂ (ਵੀਰਵਾਰ) ਨੂੰ ਹੀ ਖ਼ਤਮ ਕਰ ਦਿੱਤਾ ਜਾਵੇਗਾ ਪਰੰਤੂ ਫੇਰ ਵੀ ਉਨ੍ਹਾਂ ਕਿਹਾ ਕਿ ਹਾਲੇ ਟੈਸਟਾਂ ਦੀਆਂ ਰਿਪੋਰਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਅਗਲੇ 24 ਘੰਟਿਆਂ ਦੌਰਾਨ ਹੀ ਲਾਕਡਾਊਨ ਦਾ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਦੇ ਸਾਹਮਣੇ ਆਏ 2 ਕਲਸਟਰਾਂ ਦੇ ਕੁਲ ਸਥਾਪਤ ਕਰੋਨਾ ਦੇ ਮਾਮਲਿਆਂ ਦੀ ਗਿਣਤੀ 17 ਹੈ।
ਉਨ੍ਹਾਂ ਹੋਰ ਦੱਸਦਿਆਂ ਕਿਹਾ ਕਿ, ਅੱਜ ਸਵੇਰ ਦੇ 9 ਵਜੇ ਤੱਕ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 33,408 ਕਰੋਨਾ ਟੈਸਟ ਵੀ ਕੀਤੇ ਗਏ ਹਨ। ਬ੍ਰਿਸਬੇਨ ਪ੍ਰਿੰਸੇਸ ਹਸਪਤਾਲ ਦੀ ਨਰਸ ਜਿਹੜੀ ਕਿ ਕਰੋਨਾ ਪਾਜ਼ਿਟਿਵ ਹੋਈ ਸੀ ਅਤੇ ਉਸ ਦੇ ਨਾਲ ਹੀ ਉਸਦੇ ਘਰ ਵਿੱਚ ਰਹਿਣ ਵਾਲਾ ਵਿਅਕਤੀ ਵੀ ਕਰੋਨਾ ਪਾਜ਼ਿਟਿਵ ਹੋਇਆ ਸੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਰਸ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁਕੀ ਹੈ ਅਤੇ ਉਹ ਬਿਲਕੁਲ ਠੀਕ ਅਤੇ ਨਾਰਮਲ ਹੈ।
ਪ੍ਰੀਮੀਅਰ ਨੇ ਮੌਜੂਦਾ ਲਾਕਡਾਊਨ ਵਿੱਚ ਸਾਥ ਨਿਭਾਉਣ ਕਾਰਨ ਸਮੁੱਚੀ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸੇ ਤਰ੍ਹਾਂ ਨਾਲ ਹੀ ਅਸੀਂ ਸਭ ਮਿਲਕੇ ਇਸ ਕਰੋਨਾ ਦੀ ਲੜਾਈ ਨੂੰ ਜਿੱਤ ਸਕਦੇ ਹਾਂ ਅਤੇ ਇਸ ਵਾਸਤੇ ਉਹ ਸਮੁੱਚੀ ਟੀਮ, ਅਤੇ ਨਾਲ ਹੀ ਜਨਤਾ ਦੇ ਵੀ ਆਭਾਰੀ ਹਨ।
ਮੌਜੂਦਾ ਕਰੋਨਾ ਦੇ ਪਾਜ਼ਿਟਿਵ ਕੇਸਾਂ ਬਾਬਤ ਉਨ੍ਹਾਂ ਕਿਹਾ ਕਿ ਉਕਤ ਲੋਕਾਂ ਨੇ ਗ੍ਰੇਟਰ ਬ੍ਰਿਸਬੇਨ, ਦ ਗੋਲਡ ਕੋਸਟ, ਗਲੈਡਸਟੋਨ, ਟੂਵੂੰਬਾ, ਹਾਰਵੇ ਬੇਅ ਅਤੇ ਗਿਨ ਗਿਨ ਆਦਿ ਸਥਾਨਾਂ ਉਪਰ ਸ਼ਿਰਕਤ ਕੀਤੀ ਸੀ ਅਤੇ ਇਸ ਵਾਸਤੇ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਅਹਿਤਿਆਦ ਵਰਤਣ ਦੀ ਜ਼ਰੂਰਤ ਹੈ।
ਮੁੱਖ ਸਿਹਤ ਅਧਿਕਾਰੀ ਜੀਨੈਟ ਯੰਗ ਨੇ ਵੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੇ ਕਲਸਟਰਾਂ ਨਾਲ ਸੰਪਰਕ ਵਿੱਚ ਆਏ ਜਾਂ ਸ਼ੱਕ ਦੇ ਘੇਰੇ ਅੰਦਰਲੇ 1000 ਤੋਂ ਵੀ ਵੱਧ ਦੇ ਲੋਕ ਆਈਸੋਲੇਸ਼ਨ ਵਿੱਚ ਹਨ ਅਤੇ ਜਾਂ ਫੇਰ ਕੁਆਰਟੀਨ ਵਿੱਚ। ਪਰੰਤੂ ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਸਾਫ ਜ਼ਾਹਿਰ ਹੈ ਕਿ ਇਸ ਵਾਰੀ ਦਾ ਇਨਫੈਕਸ਼ਨ ਜ਼ਿਆਦਾ ਨਹੀਂ ਫੈਲਿਆ ਅਤੇ ਬਹੁਤ ਹੀ ਸੀਮਿਤ ਮਾਤਰਾ ਵਿੱਚ ਹੈ ਇਸ ਵਾਸਤੇ ਸੰਤੁਸ਼ਟੀ ਜ਼ਾਹਿਰ ਕੀਤੀ ਜਾ ਸਕਦੀ ਹੈ ਪਰੰਤੂ ਅਹਿਤਿਆਦਨ ਸਾਨੂੰ ਸਾਰੇ ਮਾਪਦੰਢਾਂ ਦੇ ਮੱਦੇ-ਨਜ਼ਰ ਹੀ ਹਰ ਤਰ੍ਹਾਂ ਦੇ ਕਦਮ ਚੁੱਕਣੇ ਪੈਣਗੇ ਜੋ ਕਿ ਜਨਤਕ ਸਿਹਤ ਲਈ ਬਹੁਤ ਹੀ ਜ਼ਰੂਰੀ ਹਨ ਅਤੇ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਹੋਣ ਦਿੱਤੀ ਜਾਵੇਗੀ।