ਬੁਰਕੇ ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ ”ਵੇਖਿਆ ਸ਼ਹਿਰ ਬੰਬਈ”

ਜਦੋਂ ਮੈਂ ਗੁਰਚਰਨ ਸੱਗੂ ਦੀ ਸਵੈ-ਜੀਵਨੀ ”ਵੇਖਿਆ ਸ਼ਹਿਰ ਬੰਬਈ” ਪੜ੍ਹਨ ਲੱਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨੀ ਦੇ ਬਣੇ ਤਾਨਾਸ਼ਾਹ ਆਡੋਲਫ਼ ਹਿਟਲਰ ਦੀ ਸਵੈ-ਜੀਵਨੀ ”ਮੇਰੀ ਜੰਗ” (Mein Kampf) ਪੜ੍ਹ ਰਿਹਾ ਹਾਂ। ਚਾਹੇ ਮੈਂ ਹਿਟਲਰ ਦੀਆਂ ਦਲੀਲਾਂ ਨਾਲ਼ ਅੱਸੀ ਪ੍ਰਤੀਸ਼ਤ ਸਹਿਮਤ ਨਹੀਂ, ਪਰ ਉਸ ਦੀਆਂ ਕੁਝ ਦਲੀਲਾਂ ਝੁਠਲਾਈਆਂ ਵੀ ਨਹੀਂ ਜਾ ਸਕਦੀਆਂ। ਓਸ਼ੋ ਰਜ਼ਨੀਸ਼ ਦੀਆਂ ਦਲੀਲਾਂ ਨਾਲ਼ ਵੀ ਮੇਰੀ ਬਹੁਤੀ ਸਹਿਮਤੀ ਨਹੀਂ ਰਹੀ। ਪਰ ਇਹਨਾਂ ਦੀ ਜੱਦੋਜਹਿਦ ਨੂੰ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ ਕਿ ਉਹ ਕਿੱਥੋਂ ਕਿੱਥੇ ਅੱਪੜੇ। ਕੋਈ ਵੀਰ ਕਿਸੇ ਭੁਲੇਖੇ ਜਾਂ ਗਲਤਫ਼ਹਿਮੀਂ ਦਾ ਸ਼ਿਕਾਰ ਨਾ ਹੋ ਜਾਵੇ, ਮੈਂ ਗੁਰਚਰਨ ਸੱਗੂ ਦੀ ਵਿਅਕਤੀਤਵ ਤੌਰ ‘ਤੇ ਆਡੋਲਫ਼ ਹਿਟਲਰ ਜਾਂ ਓਸ਼ੋ ਰਜ਼ਨੀਸ਼ ਨਾਲ਼ ਤੁਲਨਾ ਨਹੀਂ ਕਰ ਰਿਹਾ, ਸਗੋਂ ਮੈਂ ਸਿਰਫ਼ ਰਚਨਾ ਦੀ ਸਮਾਨਤਾ ਦੀ ਗੱਲ ਕਰ ਰਿਹਾ ਹਾਂ।
ਹਾਸੇ ਅਤੇ ਹਾਦਸੇ ਦਾ ਨਾਂ ਹੀ ਜ਼ਿੰਦਗੀ ਹੈ। ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਮੁਸ਼ਕਲਾਂ ਨਾਲ਼ ਛਿੱਤਰੋ-ਛਿੱਤਰੀ ਹੁੰਦਾ ਰਹਿੰਦਾ ਹੈ। ਮਿਹਨਤ ਅਤੇ ਜੱਦੋਜਹਿਦ ਸਾਡੀ ਜ਼ਿੰਦਗੀ ਦੇ ਅਜੀਬ ਅਤੇ ਅਟੁੱਟ ਪਹਿਲੂ ਹਨ। ਤਾਂਤੀਆ ਤੋਪੇ ਅਤੇ ਵਿਲੀਅਮ ਟੈੱਲ ਕਿਸੇ ਹਥਿਆਰ ਕਰ ਕੇ ਮਸ਼ਹੂਰ ਨਹੀਂ ਸਨ, ਦੁਨੀਆਂ ਉਹਨਾਂ ਦੇ ਅਚੁੱਕ ਨਿਸ਼ਾਨੇ ਕਰ ਕੇ ਉਹਨਾਂ ਨੂੰ ਹੀਰੋ ਮੰਨਦੀ ਸੀ। ਹਰ ਬੰਦੇ ਅੱਗੇ ਵੀ ਕੋਈ ਨਾ ਕੋਈ ਨਿਸ਼ਾਨਾ ਹੁੰਦਾ ਹੈ, ਪਰ ਇਸ ਵਿੱਚੋਂ ਬਹੁਤ ਵਾਰ ਸਾਨੂੰ ਨਮੋਸ਼ੀ ਜਾਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁੱਖ ਉਸ ਵੇਲ਼ੇ ਲੱਗਦਾ ਹੈ, ਜਦ ਸ਼ੇਰਾਂ ਦੀਆਂ ‘ਮਾਰਾਂ’ ਉਪਰ ਗਿੱਦੜ ‘ਕਲੋਲਾਂ’ ਕਰਦੇ ਹਨ ਅਤੇ ਦੋ ਬਿੱਲੀਆਂ ਸੰਨ੍ਹ ਬਾਂਦਰ ਜੱਜ ਬਣਿਆਂ ਬੈਠਾ ਹੁੰਦਾ ਹੈ, ਜਿਸ ਨੇ ਆਪਣੇ ਹਿਸਾਬ ਨਾਲ਼ ‘ਨਿਆਂ’ ਕਰਨਾ ਹੁੰਦਾ ਹੈ। ਕਿਤਾਬ ਪੜ੍ਹਦਿਆਂ ਠੀਕ ਉਹੀ ਹਾਲਤ ਬਹੁਤ ਵਾਰੀ ਮੈਨੂੰ ਗੁਰਚਰਨ ਸੱਗੂ ਦੀ ਲੱਗੀ। ਬੰਬਈ ਬੈਠੇ ਬਾਂਦਰ ਵਾਰ-ਵਾਰ ਉਸ ਦੀ ਰੋਟੀ ਨੂੰ ‘ਬੁਰਕ’ ਮਾਰਦੇ ਹਨ, ਪਰ ਸੱਗੂ ਬੇਵੱਸ ਹੋਇਆ ਉਹਨਾਂ ਵੱਲ ਤੱਕਦਾ ਰਹਿੰਦਾ ਹੈ, ਅਤੇ ਬਲੀ ਦਾ ਬੱਕਰਾ ਬਣਨ ਲਈ ਖ਼ੁਦ ਉਹਨਾਂ ਦੇ ਦਰਵਾਜੇ ‘ਤੇ ਦਸਤਕਾਂ ਦਿੰਦਾ ਹੈ। ਇਹ ਉਸ ਦਾ ਸ਼ੌਕ ਨਹੀਂ, ਇੱਕ ਲਾਚਾਰੀ, ਬੇਵੱਸੀ ਅਤੇ ਮਜਬੂਰੀ ਹੈ! ਇਸ ਮਜਬੂਰੀ ਨੂੰ ਬੰਬਈ ਦੇ ਲੰਡੇ ਲੂੰਬੜ ਬੜੀ ਭਲੀ-ਭਾਂਤ ਸਮਝਦੇ ਹਨ ਅਤੇ ਬੜੀ ਹਸਰਤ, ਬੜੀ ਰੀਝ ਨਾਲ਼ ”ਹਲਾਲ” ਕਰਦੇ ਹਨ। ਇਹ ਦੁਖਾਂਤ ਇਕੱਲੇ ਸੱਗੂ ਦਾ ਹੀ ਨਹੀਂ, ਲੰਡਨ ਵਸਦੇ ਜੋਸ਼ੀ ਵਰਗੇ ਹੋਰ ਬਹੁਤ ਪ੍ਰੋਡਿਊਸਰਾਂ ਦਾ ਹਾਲ ਵੀ ਇਹੋ ਜਿਹਾ ਹੀ ਸੀ।

( ਗੁਰਚਰਨ ਸੱਗੂ )

ਐੱਫ. ਡੀ. ਰੂਜ਼ਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ। ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ, ਜੋ ਸਿਆਣਪ ਪ੍ਰਦਾਨ ਕਰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾਂ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ। ਪਰ ਜੋ ਖ਼ੂਨ ਸਫ਼ੈਦ ਹੋਣ ਦੀ ਗੱਲ ਹੈ, ਉਹ ਸਿਰਫ਼ ਸਾਡੇ ਹੀ ਬਜ਼ੁਰਗਾਂ ਨੇ ਕਹੀ ਹੈ। ਖ਼ੂਨ ਸਫ਼ੈਦ ਹੁੰਦਾ ਤਾਂ ਮੈਂ ਖ਼ੁਦ ਵੀ ਬਹੁਤ ਵਾਰ ਅੱਖੀਂ ਦੇਖਿਆ ਅਤੇ ਹੱਡੀਂ ਹੰਢਾਇਆ ਹੈ। ਕਈ ਅਖਾਉਤੀ ”ਨੇਕ ਨੀਅਤਾਂ” ਮੈਂ ”ਬਦਨੀਤ” ਅਤੇ ”ਬੇਈਮਾਨ” ਹੁੰਦੀਆਂ ਵੀ ਪ੍ਰਤੱਖ ਅੱਖੀਂ ਦੇਖੀਆਂ ਹਨ। ਪਰ ਗੁਰਚਰਨ ਸੱਗੂ ਨਾਲ਼ ਵੀ ਘੱਟ ਨਹੀਂ ਬੀਤੀ। ਉਹ ਵੀ ਅਖੀਰ ਮੱਛੀ ਵਾਂਗ ਪੱਥਰ ਚੱਟ ਕੇ ਮੁੜਿਆ। ਜਿਵੇਂ ਸਿਆਣੇ ਕਹਿੰਦੇ ਹਨ, ”ਪਰ ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ।” ਜਦ ਸੱਗੂ ਨੇ ਆਪਣੀ ਫ਼ਿਲਮ ਦੀ ਡੋਰ ਆਪਣੇ ਸਕੇ ਭਾਣਜੇ ਦੇ ਹੱਥੀਂ ਪਰੋਸ ਦਿੱਤੀ, ਉਸ ਨੇ ਫ਼ਿਰ ਕੀ-ਕੀ ਤਰਾਰੇ ਵਿਖਾਏ, ਕਿਤਾਬ ”ਵੇਖਿਆ ਸ਼ਹਿਰ ਬੰਬਈ” ਪੜ੍ਹ ਕੇ ਹੀ ਪਤਾ ਲੱਗਦਾ ਹੈ। ਇਹ ਬ੍ਰਿਤਾਂਤ ਪੜ੍ਹ ਕੇ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਆਪਦਾ ਮਾਰੂ, ਛਾਂਵੇਂ ਸਿੱਟੂ ਵਾਲ਼ਾ ਕਥਨ ਬਕਵਾਸ ਅਤੇ ਸਰਾਸਰ ਝੂਠ ਹੈ! ਗਰਜਾਂ ਦੇ ਗ਼ੁਲਾਮ ਤੁਹਾਡੇ ਆਪਦੇ ਤਾਂ ਬਿਗਾਨਿਆਂ ਨਾਲ਼ੋਂ ਵੀ ਵੱਧ ਕਪਟ ਅਤੇ ਬੇਈਮਾਨੀ ਕਰ ਕੇ ਪਿੱਠ ਵਿੱਚ ਛੁਰਾ ਮਾਰਦੇ ਨੇ!
ਪਿੰਡਾਂ ਵਿੱਚ ਇੱਕ ਆਮ ਕਹਾਵਤ ਸੁਣੀਂ ਜਾਂਦੀ ਹੈ ਕਿ ਜਦ ਉਖਲ਼ੀ ‘ਚ ਸਿਰ ਦੇ ਹੀ ਦਿੱਤਾ, ਤਾਂ ਸੱਟਾਂ ਦਾ ਕੀ ਡਰ? ਇਹੀ ਕੁਛ ਗੁਰਚਰਨ ਸੱਗੂ ਨਾਲ਼ ਫ਼ਿਲਮ ਇੰਡਸਟਰੀ ਵਿੱਚ ਵਾਰ-ਵਾਰ ਹੁੰਦਾ ਹੈ। ਪਰ ਉਹ ਸੱਟਾਂ ਤੋਂ ਨਹੀਂ ਡਰਦਾ, ਸਗੋਂ ”ਸਾਊ ਸੱਗੂ” ਬਣ ਕੇ ਆਪਣਾ ਸਿਰ ਮੁੜ-ਮੁੜ ਮੂੰਗਲ਼ਿਆਂ ਹੇਠ ਦੇਈ ਜਾਂਦਾ, ਸੱਟਾਂ ਖਾਈ ਅਤੇ ਜਰੀ ਜਾਂਦਾ ਹੈ। ਸੱਟਾਂ ਖਾਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਅਤੇ ਉਹ ਗੁਰਚਰਨ ਸੱਗੂ ਕੋਲ਼ ਬੜਾ ਵਿਸ਼ਾਲ ਹੈ, ਕਿਉਂਕਿ ਜਦ ਉਸ ਦੇ ਬੇਟੇ ਦਾ ਕਾਰ ਹਾਦਸਾ ਹੋ ਜਾਂਦਾ ਹੈ, ਪਤਨੀ ਰਾਣੀ ਦੇ ਰੋਣ ਕੁਰਲਾਉਣ ਦੇ ਬਾਵਜੂਦ ਵੀ ਉਹ ਪੱਥਰ ਬਣਿਆਂ ਸੁਣਦਾ ਅਤੇ ਪਿੰਡੇ ‘ਤੇ ਹੰਢਾਉਂਦਾ ਰਹਿੰਦਾ ਹੈ। ਬੇਟੇ ਅਤੇ ਫ਼ਿਲਮ ਦੀ ਚਿੰਤਾ ਵਿੱਚ ਉਹ ਕਦੇ ਬੰਬਈ ਅਤੇ ਕਦੇ ਲੰਡਨ, ਊਰੀ ਵਾਂਗ ਘੁੰਮਦਾ ਰਹਿੰਦਾ ਹੈ। ਇਸ ਦਾ ਕਾਰਨ ਉਸ ਦੀ ਅਣਗਹਿਲੀ ਜਾਂ ਬੇਪ੍ਰਵਾਹੀ ਕਦਾਚਿੱਤ ਨਹੀਂ, ਬੰਬਈ ਇੰਡਸਟਰੀ ਦੇ ਘੁਲਾੜ੍ਹੇ ਵਿੱਚ ਆਈ ਬਾਂਹ ਹੈ, ਜਿਸ ਨੂੰ ਉਹ ਪਿੱਛੇ ਨਹੀਂ ਖਿੱਚ ਸਕਦਾ। ਉਸ ਦੀ ਹਾਲਤ ਸੱਪ ਦੇ ਮੂੰਹ ਆਈ ਕੋਹੜ ਕਿਰਲ਼ੀ ਵਰਗੀ ਹੁੰਦੀ ਹੈ, ਜੇ ਖਾਂਦੈ ਤਾਂ ਕੋਹੜ੍ਹੀ, ਜੇ ਛੱਡਦੈ ਤਾਂ ਕਲੰਕੀ! ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ, ਪਰ ਪਤਾ ਉਸ ਵਕਤ ਲੱਗਦਾ ਹੈ, ਜਦ ਹਿੱਕ ਡਾਹ ਕੇ ਤੋੜ ਨਿਭਾਉਣੀਆਂ ਪੈਂਦੀਆਂ ਨੇ। ਉਸ ਘਾਤਕ ਮੈਦਾਨ ਵਿੱਚ ਜਾਂ ਤਾਂ ਕੋਈ ਸਿਰੜੀ ਸੂਰਮਾਂ ਅਤੇ ਜਾਂ ਕੋਈ ਮੂਰਖ ਹੀ ਅੜਿਆ ਰਹਿ ਸਕਦਾ ਹੈ।
ਜਿਵੇਂ ਕਿ ਗਧੇ ਵਾਲ਼ਾ ਸਾਰਾ ਕਰਜ਼ਾਈ, ਤੇ ਬੋਤੇ ਵਾਲ਼ਾ ਅੱਧਾ – ਗਧੇ ਵਾਲ਼ਾ ਸਭ ਤੋਂ ਚੰਗਾ, ਵੱਟਿਆ ਸੋ ਪੱਲੇ ਬੱਧਾ। ਇਹ ਕਹਾਵਤ ਬੰਬਈ ਦੇ ਉਹਨਾਂ ”ਮਹਾਨ ਐਕਟਰਾਂ” ‘ਤੇ ਲਾਗੂ ਹੁੰਦੀ ਹੈ। ਜੋ ਵੱਟਿਆ ਸੋ ਪੱਲੇ ਬੱਧਾ ਦੇ ਹੀ ਧਾਰਨੀਂ ਹਨ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ। ਤਕੜੇ-ਤਕੜੇ ਮਸ਼ਹੂਰ ਐਕਟਰ ਜਿੰਨ੍ਹਾਂ ਨੂੰ ਅਸੀਂ ਦਿਲੋਂ ਮੁਹੱਬਤ ਕਰਨ ਲੱਗ ਜਾਂਦੇ ਹਾਂ ਅਤੇ ਉਹਨਾਂ ਦੀ ਇੱਕ ਝਲਕ ਵੇਖਣ ਲਈ ਤਰਸਦੇ ਹਾਂ। ਜਦ ਉਹਨਾਂ ਨਾਲ਼ ਤੁਹਾਡਾ ਸਿੱਧਾ ਵਾਹ ਪੈਂਦਾ ਹੈ, ਤਾਂ ਜੋ ਕਰੂਰ ਚਿਹਰਾ ਦੇਖਣ ਨੂੰ ਮਿਲ਼ਦਾ ਹੈ, ਬੰਦਾ ਮਾਯੂਸੀ ਅਤੇ ਕਰੋਧ ਵਿੱਚ ਮੁੱਠੀਆਂ ਮੀਟ ਕੇ ਕਚੀਚੀਆਂ ਵੱਟਦਾ ਹੈ। ਇੱਧਰ ਗੁਰਚਰਨ ਸੱਗੂ ਦਾ ਸਾਰਾ ਮਾਲ-ਮੱਤਾ, ਫ਼ਿਲਮ ਅਤੇ ਕਾਰੋਬਾਰ ਦਾਅ ‘ਤੇ ਲੱਗਿਆ ਹੁੰਦਾ ਹੈ ਅਤੇ ਉਧਰ ਜੈਕੀ ਸ਼ਰਾਫ਼ ਨਸ਼ੇ ਦੀ ਲੋਰ ਵਿੱਚ ਜਹਾਜੋਂ ਉਤਰੇ, ਥੱਕੇ-ਟੁੱਟੇ ਸੱਗੂ ਨੂੰ ਬੇਹੂਦਾ ਸੁਆਲ ਕਰਦਾ ਹੈ, ”ਮੇਰੇ ਟਾਇਰ ਲਿਆਂਦੇ…?” ਇਹਨਾਂ ਦੀ ਮਤਲਬ-ਪ੍ਰਸਤੀ, ਖ਼ੁਦਗ਼ਰਜ਼ੀ ਅਤੇ ਉਲ਼ੀਕੇ ਕਾਰਜ ਪ੍ਰਤੀ ਲਾਪ੍ਰਵਾਹੀ ਅਤੇ ਗ਼ੈਰ-ਜ਼ਿਮੇਵਾਰੀ ਬੰਦੇ ਨੂੰ ਕੰਧ ‘ਚ ਟੱਕਰ ਮਾਰਨ ਵਾਲ਼ਾ ਕਰ ਦਿੰਦੀ ਹੈ। ਜਿਸ ਧਰਮਿੰਦਰ ਨੂੰ ਅਸੀਂ ”ਪੰਜਾਬੀ ਪੁੱਤਰ” ਸਮਝਦੇ ਹਾਂ, ਉਸ ਦੀਆਂ ਗ਼ੈਰ-ਜ਼ਿੰਮੇਦਾਰਾਨਾ ਹਰਕਤਾਂ ਵੀ ਉਸ ਵੱਲੋਂ ਨੱਕ ਮੋੜ ਦਿੰਦੀਆਂ ਹਨ ਅਤੇ ਬੰਦਾ ਉਸ ਨੂੰ ਪੰਜਾਬੀ ਪੁੱਤਰ ਨਹੀਂ, ਸਗੋਂ ”ਪੈਸੇ ਦਾ ਪੁੱਤ” ਮੰਨਣ ਲੱਗ ਪੈਂਦਾ ਹੈ। ਉਸ ਨੂੰ ਮੁਹੱਬਤ ਕਰਨ ਵਾਲ਼ੇ ਬੰਦੇ ਕੂਹਣੀਂ ਮੋੜ ਕੱਟਦੇ, ਉਸ ਦੇ ਢਿੱਡ ‘ਚ ਟੱਕਰ ਮਾਰਨ ਲਈ ਤਿਆਰ ਹੋ ਜਾਂਦੇ ਹਨ। ਜਦੋਂ ਇਹੋ ਜਿਹੇ ”ਮਹਾਂਰਥੀ” ਪੈਸਾ ਡਕ੍ਹਾਰ ਕੇ ਤੁਹਾਨੂੰ ਚਿਮਟੇ ਨਾਲ਼ ਚੁੱਕਣ ਲਈ ਵੀ ਤਿਆਰ ਨਹੀਂ ਹੁੰਦੇ, ਤਾਂ ਗੁਰਚਰਨ ਸੱਗੂ ਵਰਗੇ ਪ੍ਰੋਡਿਊਸਰ, ਨਮੋਸ਼ੀ ਅਤੇ ਨਿਰਾਸ਼ਾ ਦੇ ਮਾਰੇ ਖ਼ੁਦਕਸ਼ੀ ਜਿਹਾ ਭਿਆਨਕ ਕਦਮ ਉਠਾਉਣ ਲਈ ਵੀ ਸੋਚ ਜਾਂਦੇ ਹਨ। ਹੈਨਰੀ ਫ਼ਰੈਡਰਿੱਕ ਏਮੀਅਲ ਦਾ ਕਥਨ ਮੈਨੂੰ ਬਹੁਤ ਵਾਰ ਹੁੱਝ ਮਾਰਦਾ ਹੈ, ”ਜੇਕਰ ਵਿਚਾਰਾਂ ਨੂੰ ਸੰਦੇਹ, ਆਲੋਚਨਾ ਅਤੇ ਚਿੰਤਨ ਦੀ ਖੇਚਲ਼ ਨਾਲ਼ ਪ੍ਰੇਸ਼ਾਨ ਨਾ ਕੀਤਾ ਜਾਵੇ, ਤਾਂ ਉਹ ਕਾਰਜ ਅਤੇ ਵਿਸ਼ਵਾਸ ਦੇ ਗ਼ੁਲਾਮ ਹੋ ਜਾਂਦੇ ਹਨ।” ਪਰ ਉਪਰੋਕਤ ਕਥਨ ਬੰਬਈ ਦੀ ਫ਼ਿਲਮ ਨਗਰੀ ਵਿੱਚ ਕੱਟੇ ਅੱਗੇ ਵੰਝਲੀ ਵਜਾਉਣ ਵਾਲ਼ੀ ਗੱਲ ਹੈ, ਕਿਉਂਕਿ ਕੱਟੇ ਨੂੰ ਸੁਰਾਂ ਦਾ ਗਿਆਨ ਨਹੀਂ ਹੁੰਦਾ, ਉਸ ਕੋਲ਼ ਤਾਂ ਮੁਤਰਾਲ਼ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ ‘ਤੇ ਮਾਰਨ ਦੀ ”ਕਲਾ” ਹੀ ਹੁੰਦੀ ਹੈ। ਇਹੀ ਹਾਲ ਉਥੋਂ ਦੇ ਵਪਾਰੀ ਕਲਾਕਾਰਾਂ ਦਾ ਹੈ।
ਬੰਬਈ ਦੇ ਇਹ ਮਹਾਂਰਥੀ ਤੁਹਾਨੂੰ ਸ਼ੂਟਿੰਗ ਦੀਆਂ ਤਰੀਕਾਂ ਦੇਣ ਲੱਗੇ ਜੋ ਹੀਲ੍ਹਾਂ, ਡੰਡ ਬੈਠਕਾਂ ਅਤੇ ਫਿਰ ਨੱਕ ਨਾਲ਼ ਲਕੀਰਾਂ ਕਢਵਾਉਂਦੇ ਹਨ, ਇੱਕ ਨਾ ਮੰਨਣਯੋਗ ਗੱਲ ਜਾਪਦੀ ਹੈ। ਪਰ ਹੈ ਇਹ ਹਿਰਦੇਵੇਧਕ ਸੱਚਾਈ! ਇੱਕ ਕੌੜੀ ਸੱਚਾਈ, ਜਿਸ ਤੋਂ ਤੁਸੀਂ ਕਦੇ ਮੁਨੱਕਰ ਨਹੀਂ ਹੋ ਸਕਦੇ। ਜਿਸ ਤਨ ਲੱਗੀਆਂ, ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ? ਇਹ ਤਾਂ ਉਹਨਾਂ ਨੂੰ ਹੀ ਪਤਾ ਹੈ, ਜਿੰਨ੍ਹਾਂ ਦਾ ਇਹਨਾਂ ਜੋਕਾਂ ਨੇ ਕਤਰਾ-ਕਤਰਾ ਖ਼ੂਨ ਪੀਤਾ ਅਤੇ ਸੂਲ਼ੀ ਟੰਗੀ ਰੱਖਿਆ ਹੈ। ਚਾਹੇ ਗੁਰਚਰਨ ਸੱਗੂ ਦੀ ਜ਼ਿੰਦਗੀ ਬੜੀ ਜੱਦੋਜਹਿਦ ਭਰੀ ਰਹੀ ਹੈ। ਨਕੋਦਰ ਚੌਂਕ ਦੇ ਲਲਾਰੀ ਤੋਂ ਲੈ ਕੇ ਇੰਗਲੈਂਡ ਦੇ ਸਫ਼ਲ ਵਪਾਰੀ ਤੱਕ ਦਾ ਸਫ਼ਰ ਬੇਹੱਦ ਮੁਸ਼ਕਲਾਂ ਭਰਿਆ ਸੀ। ਪਰ ਸਾਰੀ ਕਿਤਾਬ ”ਵੇਖਿਆ ਸ਼ਹਿਰ ਬੰਬਈ” ਵਿੱਚ ਜੇ ਕੋਈ ਮੇਰੇ ਸਾਹਮਣੇ ”ਅਸਲ ਹੀਰੋ” ਹੈ, ਤਾਂ ਉਹ ਹੈ ਗੁਰਚਰਨ ਸੱਗੂ ਦੀ ਸੁਪਤਨੀ ਰਾਣੀ ਸੱਗੂ! ਜਿਸ ਨੇ ਕਾਰੋਬਾਰ ਤੋਂ ਲੈ ਕੇ ਆਪਣੇ ਬੱਚਿਆਂ ਅਤੇ ਆਪਣੀ ਗ੍ਰਹਿਸਥੀ ਜ਼ਿੰਦਗੀ ਸੰਭਾਲਣ ਤੱਕ ਕੋਈ ਕਸਰ ਬਾਕੀ ਨਹੀਂ ਛੱਡੀ। ਰਾਣੀ ਸੱਗੂ ਨੂੰ ਜ਼ਰੂਰ ਸਿਜਦਾ ਕਰਨਾ ਬਣਦਾ ਹੈ, ਜਿਸ ਨੇ ਭਵਸਾਗਰ ਵਿੱਚ ਵੀ ਆਪਣੇ ਪਤੀ ਦੀ ਡੁਬਦੀ ਬੇੜੀ ਦੇ ਚੱਪੂ ਮਾਰਨੇ ਨਹੀਂ ਛੱਡੇ ਅਤੇ ਮੱਥੇ ਵੱਟ ਤੱਕ ਵੀ ਨਾ ਪਾਇਆ, ਸਗੋਂ ਘਰਵਾਲ਼ੇ ਅਤੇ ਪ੍ਰੀਵਾਰ ਦੁਆਲ਼ੇ ਇੱਕ ਕਿਲ੍ਹਾ ਬਣ ਕੇ ਖੜ੍ਹੀ ਰਹੀ।
ਮਾਲਵੇ ਵਿੱਚ ਇੱਕ ਕਹਵਾਤ ਹੈ ਕਿ ਗਧੀ ਡਿੱਗ ਪਈ ਸੀ ਭੱਠੇ ‘ਚ, ਤੇ ਦੀਵੇ ਵਾਲ਼ੇ ਘਰੇ ਨਹੀਂ ਸੀ ਵੜਦੀ। ਚਾਹੇ ਗੁਰਚਰਨ ਸੱਗੂ ਨੇ ਬੰਬਈ ਫ਼ਿਲਮ ਇੰਡਸਟਰੀ ਨੂੰ ”ਅਲਵਿਦਾ” ਆਖ ਦਿੱਤਾ ਅਤੇ ਕਦੇ ਫ਼ਿਲਮ ਨਾ ਬਣਾਉਣ ਦੀ ਕਸਮ ਖਾਧੀ ਹੈ। ਪਰ ਮੈਨੂੰ ਲੱਗਦਾ ਹੈ ਕਿ ਹਰ ਸੌਕ ਇੱਕ ਖੁਰਕ ਵਰਗੀ ਬਿਮਾਰੀ ਹੁੰਦਾ ਹੈ। ਨਾ ਬੰਦਾ ਖੁਰਕਣੋਂ ਹਟ ਸਕਦੈ, ਤੇ ਨਾ ਸੌਂ ਸਕਦਾ ਹੈ। ”ਵੇਖਿਆ ਸ਼ਹਿਰ ਬੰਬਈ” ਬਹੁਤ ਹੀ ਦਿਲਚਸਪ ਵਾਰਤਿਕ ਪੁਸਤਕ ਹੈ। ਘੱਟੋ ਘੱਟ ਇਹ ਕਿਤਾਬ ਹਰ ਉਸ ਬੰਦੇ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜਿਸ ਅੰਦਰ ਬੰਬਈ ਜਾ ਕੇ ਫ਼ਿਲਮ ਬਣਾਉਣ ਦਾ ਨਾਗ ਛੂਕ ਰਿਹਾ ਹੈ। ਕਿਉਂਕਿ ਤੁਹਾਡੇ ਸ਼ੌਕ ਦੇ ਨਾਗ ਨੂੰ ਕੀਲ ਕੇ ਪਟਾਰੀ ਵਿੱਚ ਸੁੱਟਣ, ਅਤੇ ਫ਼ਿਰ ਦੰਦ ਕੱਢ ਕੇ ਮੇਲ੍ਹਣ ਲਾਉਣ ਵਾਲ਼ੇ ਕਮੀਨੇ ਮਾਂਦਰੀ ਆਪਣੀਆਂ ਮਧੁਰ ਬੀਨਾਂ ਸ਼ਿੰਗਾਰ ਕੇ ਤੁਹਾਡੀ ਉਡੀਕ ਵਿੱਚ, ਮੁੱਠੀਆਂ ਵਿੱਚ ਥੁੱਕੀ ਬੈਠੇ ਹਨ। ਉਹਨਾਂ ਨੂੰ ਤੁਹਾਡੇ ਸੋਹਿਲੇ ਗਾਉਣ ਦੀ ਮੁਹਾਰਤ ਹਾਸਲ ਹੈ, ਅਤੇ ਉਹ ਤੁਹਾਡੇ ਸੋਹਿਲੇ ਉਦੋਂ ਤੱਕ ਹੀ ਗਾਉਂਦੇ ਹਨ, ਜਿੰਨਾਂ ਚਿਰ ਉਹ ਤੁਹਾਨੂੰ ”ਖਾਖੀ ਨੰਗ” ਨਹੀਂ ਕਰ ਦਿੰਦੇ। ਤੇ ਫ਼ਿਰ ਜਦ ਤੁਹਾਡਾ ਗੀਝਾ ਖਾਲੀ ਅਤੇ ਉਹਨਾਂ ਦਾ ਭਰ ਚੁੱਕਿਆ ਹੁੰਦਾ ਹੈ, ਤਾਂ ਉਹ ਕਿਸੇ ਮਿਰਗੀ ਦੇ ਮਰੀਜ਼ ਵਾਂਗ ਅੱਖਾਂ ਫ਼ੇਰ ਕੇ ਤੁਹਾਡੀ ਗੱਲ ਤੱਕ ਨਹੀਂ ਸੁਣਨਾ ਚਾਹੁੰਦੇ। ਗੱਲੀਂ-ਬਾਤੀਂ ਤੁਹਾਨੂੰ ਡਾਇਰੈਕਟਰ ਅਤੇ ਬੰਬਈ ਦਾ ਨੰਬਰ ਇੱਕ ਪ੍ਰੋਡਿਊਸਰ ਬਣਾਉਣ ਵਾਲ਼ੇ ਇਹ ਬੁਰਕੇ ਵਾਲ਼ੇ ਲੁਟੇਰੇ ਤੁਹਾਨੂੰ ਲੁੱਟ-ਪੱਟ ਕੇ ਫ਼ਿਰ ਬੰਬਈ ਦੀਆਂ ਗਲ਼ੀਆਂ ਵਿੱਚ ਰੁਲ਼ਣ ਲਈ ਛੱਡ ਦਿੰਦੇ ਹਨ। ਉਹਨਾਂ ਗਲ਼ੀਆਂ ਵਿੱਚ ਘੁੰਮਦਾ ਬੰਦਾ ਆਪਣੇ ਜਣਦਿਆਂ ਨੂੰ ਰੋਂਦਾ, ਅਤੇ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ। ਮੇਰਾ ਦਾਅਵਾ ਹੈ ਕਿ ਜੇ ਸੱਗੂ ਨੂੰ ਨਕੋਦਰ ਚੌਂਕ ਵਾਲ਼ਾ ਪ੍ਰਕਾਸ਼ ਨਹੀਂ ਭੁੱਲਿਆ, ਤਾਂ ਅੱਖਾਂ ਚੁੰਧਿਆ ਦੇਣ ਵਾਲ਼ੀ, ਚਮਕ-ਦਮਕ ਵਾਲ਼ੀ ਅਤੇ ਰੰਗੀਲੀ ਬੰਬਈ ਦਾ ਇਹ ਸ਼ੌਂਕ ਵੀ ਨਹੀਂ ਭੁੱਲਣਾ। ਅਖੀਰ ਵਿੱਚ ਮੈਂ ਗੁਰਚਰਨ ਸੱਗੂ ਨੂੰ ਇਸ ਬੇਹੱਦ ਦਿਲਚਸਪ ਕਿਤਾਬ ਲਈ ਹਾਰਦਿਕ ਮੁਬਾਰਕਬਾਦ ਦਿੰਦਾ ਹੋਇਆ, ਪਾਠਕਾਂ ਨੂੰ ਇਹ ਕਿਤਾਬ ਪੜ੍ਹਨ ਲਈ ਪੁਰਜ਼ੋਰ ਅਪੀਲ ਕਰਾਂਗਾ। ਰੱਬ ਥੋਨੂੰ ਰਾਜ਼ੀ ਰੱਖੇ!

(ਸ਼ਿਵਚਰਨ ਜੱਗੀ ਕੁੱਸਾ)