ਬਸੰਤ ਵਾਲੇ ਦਿਨ ਸ਼ਹੀਦ ਹੋਣ ਵਾਲਾ ਸੂਰਮਾ “ਵੀਰ ਹਕੀਕਤ ਰਾਏ”

Balraj Sidhu 180118 veer haqiqat raiee

ਵੀਰ ਹਕੀਕਤ ਰਾਏ ਉਹ ਬਹਾਦਰ ਨੌਜਵਾਨ ਸੀ ਜਿਸ ਨੂੰ ਬਾਲ ਉਮਰੇ ਮੁਗ਼ਲ ਰਾਜ ਸਮੇਂ ਧਰਮ ਨਾ ਬਦਲਣ ਕਾਰਨ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕੀਤਾ ਗਿਆ। ਵੀਰ ਹਕੀਕਤ ਰਾਏ ਦਾ ਜਨਮ 1724 ਈਸਵੀ ਨੂੰ ਸਿਆਲਕੋਟ ਵਿਖੇ ਇੱਕ ਖੱਤਰੀ ਪੁਰੀ ਪਰਿਵਾਰ ਵਿਚ ਹੋਇਆ। ਉਸ ਦੀ ਦੇ ਪਿਤਾ ਦਾ ਨਾਮ ਭਾਗ ਮੱਲ ਅਤੇ ਮਾਤਾ ਦਾ ਨਾਮ ਗੌਰਾਂ ਸੀ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਇੱਕ ਸਿੱਖ ਪਰਿਵਾਰ ਵਿਚ ਪਿੰਡ ਵਡਾਲੇ ਦੇ ਕਿਸ਼ਨ ਸਿੰਘ ਦੀ ਬੇਟੀ ਦੁਰਗੀ ਨਾਲ ਹੋ ਗਿਆ। ਵੀਰ ਹਕੀਕਤ ਰਾਏ ਆਪਣੇ ਮਾਪਿਆਂ ਦੀ ਇੱਕੋ ਇੱਕ ਔਲਾਦ ਸੀ। ਹਕੀਕਤ ਰਾਏ ਦੇ ਨਾਨਕੇ ਵੀ ਸਿੱਖ ਸਨ। ਉਸ ਦੀ ਮਾਤਾ ਬਚਪਨ ਤੋਂ ਹੀ ਉਸ ਨੂੰ ਗੁਰੂ ਸਾਹਿਬਾਨਾਂ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾਉਂਦੀ ਰਹਿੰਦੀ ਸੀ। ਇਸ ਲਈ ਉਸ ਦੇ ਦਿਲ ‘ਤੇ ਇਹਨਾਂ ਗੱਲਾਂ ਦਾ ਬਹੁਤ ਗਹਿਰਾ ਅਸਰ ਸੀ।

ਉਹਨਾਂ ਸਮਿਆਂ ਦੀ ਰੀਤ ਅਨੁਸਾਰ ਹਕੀਕਤ ਰਾਏ ਵੀ ਮਸੀਤ ਵਿਚ ਮੌਲਵੀ ਕੋਲ ਅਰਬੀ-ਫਾਰਸੀ ਪੜ੍ਹਨ ਲਈ ਜਾਂਦਾ ਸੀ। ਉਸ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਹੁਗਿਣਤੀ ਮੁਸਲਮਾਨ ਸੀ। ਉਹ ਹਕੀਕਤ ਰਾਏ ਨੂੰ ਤਰਾਂ ਤਰਾਂ ਨਾਲ ਛੇੜਦੇ ਅਤੇ ਤੰਗ ਕਰਦੇ ਰਹਿੰਦੇ ਸਨ। ਪਰ ਹਕੀਕਤ ਰਾਏ ਚੁੱਪ ਕਰ ਕੇ ਸਭ ਕੁੱਝ ਬਰਦਾਸ਼ਤ ਕਰ ਜਾਂਦਾ ਸੀ। ਇੱਕ ਦਿਨ ਲੜਕਿਆਂ ਨੇ ਹੱਦ ਮੁਕਾ ਦਿੱਤੀ। ਉਹਨਾਂ ਨੇ ਬਿਨਾਂ ਕਿਸੇ ਕਾਰਨ ਉਸ ਦੇ ਮੂੰਹ ਉੱਪਰ ਹਿੰਦੂ ਦੇਵੀ ਦੇਵਤਿਆਂ ਨੂੰ ਗੰਦੀਆਂ ਗਾਲ੍ਹਾਂ ਦੇ ਦਿੱਤੀਆਂ। ਇਹ ਗੱਲ ਹਕੀਕਤ ਰਾਏ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਗ਼ੁੱਸੇ ਵਿਚ ਆ ਕੇ ਉਹੋ ਗਾਲ੍ਹਾਂ ਇਸਲਾਮੀ ਰਹਿਬਰਾਂ ਨੂੰ ਕੱਢ ਦਿੱਤੀਆਂ। ਵਿਦਿਆਰਥੀਆਂ ਨੇ ਮੌਲਵੀ ਕੋਲ ਸ਼ਿਕਾਇਤ ਕਰ ਦਿੱਤੀ। ਰਹਿਮਤਉੱਲਾ ਮੌਲਵੀ ਨੇ ਪਹਿਲਾਂ ਖ਼ੁਦ ਹਕੀਕਤ ਰਾਏ ਨਾਲ ਮਾਰ ਕੁੱਟ ਕੀਤੀ ਅਤੇ ਫਿਰ ਇਹ ਗੱਲ ਮਿਰਚ ਮਸਾਲਾ ਲਗਾ ਕੇ ਸ਼ਹਿਰ ਦੇ ਹਾਕਮ ਅਮੀਰ ਬੇਗ ਦੇ ਕੰਨੀ ਪਾ ਦਿੱਤੀ। ਅਮੀਰ ਬੇਗ ਨੇ ਹਕੀਕਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੇ ਵੀ ਹਕੀਕਤ ਰਾਏ ‘ਤੇ ਬਹੁਤ ਜ਼ੁਲਮ ਢਾਏ। ਜਦੋਂ ਹਕੀਕਤ ਰਾਏ ਨੇ ਈਨ ਨਾ ਮੰਨੀ ਤਾਂ ਸ਼ਹਿਰ ਦੇ ਕਾਜ਼ੀ ਜ਼ਾਲਮ ਖ਼ਾਨ ਨੇ ਹਕੀਕਤ ਰਾਏ ਦੇ ਵਿਰੁੱਧ ਫ਼ਤਵਾ ਦੇ ਦਿੱਤਾ। ਉਸ ‘ਤੇ ਇਸਲਾਮ ਦੀ ਨਿੰਦਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਅਤੇ ਮੌਤ ਜਾਂ ਇਸਲਾਮ ਵਿਚੋਂ ਇੱਕ ਚੁਣਨ ਲਈ ਕਿਹਾ ਗਿਆ। ਜਦੋਂ ਉਸ ਨੇ ਆਪਣਾ ਧਰਮ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਅਮੀਰ ਬੇਗ ਨੇ ਉਸ ਨੂੰ ਜ਼ੰਜੀਰਾਂ ਨਾਲ ਜਕੜ ਕੇ ਲਾਹੌਰ ਜ਼ਕਰੀਆ ਖ਼ਾਨ ਸੂਬੇਦਾਰ ਦੇ ਸਾਹਮਣੇ ਪੇਸ਼ ਕਰ ਦਿੱਤਾ।

ਲਾਹੌਰ ਉਸ ‘ਤੇ ਧਰਮ ਬਦਲਣ ਲਈ ਦਬਾਅ ਪਾਉਣ ਲਈ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਉਸ ਨੂੰ ਉਲਟਾ ਟੰਗ ਕੇ ਕੋੜ੍ਹਿਆਂ ਨਾਲ ਉਦੋਂ ਤੱਕ ਕੁੱਟਿਆ ਜਾਂਦਾ ਜਦ ਤੱਕ ਉਹ ਬੇਹੋਸ਼ ਨਾ ਹੋ ਜਾਂਦਾ। ਪਰ ਕਈ ਦਿਨ ਤਸ਼ੱਦਦ ਸਹਿਣ ਤੋਂ ਬਾਅਦ ਵੀ ਜਦੋਂ ਉਹ ਧਰਮੀ ਬੱਚਾ ਨਾ ਮੰਨਿਆਂ ਤਾਂ ਸੰਨ 1735 ਨੂੰ ਸਿਰਫ਼ 11 ਸਾਲ ਦੀ ਉਮਰ ਵਿਚ ਬਸੰਤ ਪੰਚਮੀ ਵਾਲੇ ਦਿਨ ਉਸ ਨੂੰ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਹਕੀਕਤ ਰਾਏ ਦਾ ਸਹੁਰਾ ਕਿਸ਼ਨ ਸਿੰਘ, ਮੱਲ ਸਿੰਘ ਅਤੇ ਦਲ ਸਿੰਘ ਤਿੰਨ ਭਰਾ ਸਨ। ਉਹਨਾਂ ਦਾ ਦਲ ਖ਼ਾਲਸਾ ਨਾਲ ਬਹੁਤ ਨਿੱਘਾ ਮੇਲ ਜੋਲ ਸੀ। ਹਕੀਕਤ ਰਾਏ ਦੀ ਸ਼ਹੀਦੀ ਤੋਂ ਬਾਅਦ ਕਿਸ਼ਨ ਸਿੰਘ ਨੇ ਬਾਸਰਕੇ ਪਹੁੰਚ ਕੇ ਨਵਾਬ ਕਪੂਰ ਸਿੰਘ ਕੋਲ ਫ਼ਰਿਆਦ ਕੀਤੀ ਤੇ ਆਪਣੀ ਧੀ ਲਈ ਇਨਸਾਫ਼ ਦੀ ਮੰਗ ਕੀਤੀ। ਕੁੱਝ ਹੀ ਦਿਨਾਂ ਬਾਅਦ ਦਲ ਖ਼ਾਲਸਾ ਸਿਆਲਕੋਟ ‘ਤੇ ਚੜ੍ਹ ਆਇਆ। ਸ਼ਹਿਰ ਦੇ ਖ਼ਾਸ ਖ਼ਾਸ ਅਮੀਰਾਂ ਅਤੇ ਹਾਕਮਾਂ ਦੇ ਘਰ ਲੁੱਟ ਕੇ ਫ਼ੂਕ ਦਿੱਤੇ ਗਏ। ਰਹਿਮਤਉੱਲਾ ਮੌਲਵੀ, ਸ਼ਹਿਰ ਦਾ ਹਾਕਮ ਅਮੀਰ ਬੇਗ ਅਤੇ ਫ਼ਤਵਾ ਦੇਣ ਵਾਲਾ ਕਾਜ਼ੀ ਜ਼ਾਲਮ ਖ਼ਾਨ ਮਾਰ ਦਿੱਤੇ ਗਏ। ਕਿਸ਼ਨ ਸਿੰਘ ਅਤੇ ਦਲ ਸਿੰਘ ਨੇ ਵੀਰ ਹਕੀਕਤ ਰਾਏ ਦੇ ਕਾਤਲਾਂ ਦੇ ਸਿਰ ਉਸ ਦੀ ਮਾਤਾ ਗੌਰਾਂ ਦੇ ਸਾਹਮਣੇ ਜਾ ਰੱਖੇ (ਪੰਥ ਪ੍ਰਕਾਸ਼ ਪੰਨਾ ੬੪੨)।

1947 ਤੋਂ ਪਹਿਲਾਂ ਲਾਹੌਰ ਦੇ ਹਿੰਦੂ-ਸਿੱਖ ਬਸੰਤ ਪੰਚਮੀ ਵਾਲੇ ਦਿਨ ਵੀਰ ਹਕੀਕਤ ਰਾਏ ਦੀ ਸਮਾਧੀ ‘ਤੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਟ ਕਰਦੇ ਹੁੰਦੇ ਸਨ। ਉਸ ਦੀ ਇੱਕ ਸਮਾਧੀ ਸਿਆਲਕੋਟ ਅਤੇ ਇੱਕ ਯਾਦਗਾਰੀ ਅਸਥਾਨ ਬਟਾਲਾ ਵਿਖੇ ਵੀ ਬਣਿਆ ਹੋਇਆ ਹੈ। ੨੦੦੪ ਵਿਚ ਮਸ਼ਹੂਰ ਪਾਕਿਸਤਾਨੀ ਅਖ਼ਬਾਰ ਨਵਾਏ ਵਕਤ ਨੇ ਇਹ ਕਹਿ ਕੇ ਲਾਹੌਰ ਬਸੰਤ ਪੰਚਮੀ ਵਾਲੇ ਦਿਨ ਪਤੰਗਾਂ ਉਡਾਉਣ ਅਤੇ ਜਸ਼ਨ ਮਨਾਉਣ ਦਾ ਵਿਰੋਧ ਕੀਤਾ ਸੀ ਕਿ ਇਹ ਇਸਲਾਮ ਦੀ ਨਿੰਦਾ ਕਰਨ ਵਾਲੇ ਵੀਰ ਹਕੀਕਤ ਰਾਏ ਨੂੰ ਸ਼ਰਧਾਂਜਲੀ ਦੇਣ ਦੇ ਸਮਾਨ ਹੈ।

Install Punjabi Akhbar App

Install
×