ਪਤਲਾ ਤੇਲ – ਮੋਟੀ ਕਮਾਈ

– ਨਿਊਜ਼ੀਲੈਂਡ ਦੀਆਂ ਤੇਲ ਕੰਪਨੀਆਂ ਡਕਾਰੇ ਲੋਕਾਂ ਦੇ ਮਿਲੀਅਨ ਡਾਲਰ-ਕੀਮਤ ਨੂੰ ਲੈ ਕੇ ਰਹਿੰਦਾ ਹੈ ਫਰਕ ….

SetWidth450-petrol-watch-resized
ਆਕਲੈਂਡ -ਕਈ ਲੋਕ ਕਹਿੰਦੇ ਨੇ ਨਿਊਜ਼ੀਲੈਂਡ ਨਾਲੋਂ ਭਾਰਤ ਵਰਗੇ ਕਈ ਮੁਲਕ ਚੰਗੇ ਹਨ ਜਿੱਥੇ ਸਰਕਾਰ ਨੇ ਬਹੁਤ ਸਾਰੀਆਂ ਵਸਤਾਂ ਉਤੇ ਐਮ.ਆਰ.ਪੀ. (ਮੈਕਸੀਮਮ ਰੀਟੇਲ ਪ੍ਰਾਈਸ) ਲਿਖੀ ਹੁੰਦੀ ਹੈ ਤਾਂ ਕਿ ਲੋਕ ਮਨਮਰਜ਼ੀ ਦੀ ਕੀਮਤ ਨਾ ਲਗਾ ਸਕਣ। ਪਰ ਇਹ ਗੱਲ ਨਿਊਜ਼ੀਲੈਂਡ ਦੇ ਵਿਚ ਘੱਟ ਹੀ ਵੇਖਣ ਨੂੰ ਮਿਲਦੀ ਹੈ।
ਜੇਕਰ ਪੈਟਰੋਲ ਜਾਂ ਤੇਲ ਦੀ ਗੱਲ ਕਰੀਏ ਤਾਂ ਹਰ ਥਾਂ ਵੱਖਰੀ ਤਰ੍ਹਾਂ ਦਾ ਰੇਟ ਵੇਖਣ ਨੂੰ ਮਿਲਦਾ ਹੈ ਭਾਵੇਂ ਬਹਾਨਾ ਟੈਕਸਾਂ ਦਾ ਹੋਵੇ ਜਾਂ ਫਿਰ ਵਿਕਰੀ ਰਾਹੀਂ ਕਮਾਏ ਜਾ ਰਹੇ ਨਫ਼ੇ ਦਾ। ਨਿਊਜ਼ੀਲੈਂਡ ਦੇ ਕਮਰਸ ਕਮਿਸ਼ਨ ਦੇ ਕੋਲ ਅਜਿਹੇ ਕਈ ਮਾਮਲੇ ਲੋਕਾਂ ਦੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਥੇ ਦੀਆਂ ਤੇਲ ਕੰਪਨੀਆਂ ਆਪਣਾ ਨਫਾ ਕਮਾਉਣ ਲਈ ਆਪਣਾ ਲਾਭ ਅੰਸ਼ ਵਧਾ ਲੈਂਦੀਆਂ ਹਨ ਜਿਸ ਕਾਰਨ ਕਿਤੇ ਕੋਈ ਰੇਟ ਅਤੇ ਕਿਤੋ ਕੋਈ ਰੇਟ ਹੁੰਦਾ ਹੈ। ਪਿਛਲੇ 10 ਸਾਲਾਂ ਦੇ ਹੋਏ ਵਿਸ਼ਲੇਸ਼ਣ ਵਿਚ ਪਤਾ ਲੱਗਾ ਹੈ ਕਿ ਇਹ ਕੰਪਨੀਆਂ ਮਿਲੀਅਨ ਡਾਲਰ ਏਦਾਂ ਹੀ ਕਮਾ ਗਈਆਂ। ਮਨਿਸਟਰ ਆਫ ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਨੇ ਵੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਸਹਿਮਤੀ ਨਹੀਂ ਹੈ ਕਿ ਇਹ ਸਹੀ ਹਨ। ਇਸ ਵੇਲੇ ਸਭ ਤੋਂ ਜਿਆਦਾ ਕੀਮਤ 214.9 ਸੈਂਟ ਪ੍ਰਤੀ ਲਿਟਰ ( 91 ਪੈਟਰੋਲ) ਸੈਂਟਰਲ ਵਲਿੰਗਟਨ ਵਿਖੇ ਚੱਲ ਰਹੀ ਹੈ। ਜੇਕਰ 1 ਸੈਂਟ ਪ੍ਰਤੀ ਲੀਟਰ ਵੀ ਕੰਪਨੀਆਂ ਵਾਧੂ ਲਾਭ ਕਮਾਉਣ ਲੱਗ ਜਾਣ ਤਾਂ ਉਹ ਸਲਾਨਾ 32 ਮਿਲੀਅਨ ਡਾਲਰ ਦਾ ਮੁਨਾਫਾ ਕਮਾ ਜਾਂਦੀਆਂ ਹਨ। ਸੱਚਮੁੱਚ ਇਹ ਕੰਪਨੀਆਂ ਪਤਲਾ ਤੇਲ ਵੇਚ ਕੇ ਮੋਟੀ ਕਮਾਈ ਕਰ ਜਾਂਦੀਆਂ ਹਨ।

Install Punjabi Akhbar App

Install
×