ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਜਨਮ ਦਿਨ ਤੇ ਕੀਤਾ ਯਾਦ

ਸਰੀ – ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਤੇ ਉਸ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਜ਼ੂਮ ਮੀਟਿੰਗ ਰਾਹੀਂ ਮੰਚ ਦੇ ਆਗੂਆਂ ਨੇ ਗ਼ਿਲਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਅਤੇ ਭਾਰਤ ਵਿਚਲੀਆਂ ਵੱਡੀਆਂ ਸਾਹਿਤਕ ਸੰਸਥਾਵਾਂ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਵਡਮੁੱਲੇ ਸਾਹਿਤਕ ਅਤੇ ਸੱਭਿਆਚਾਰਕ ਯੋਗਦਾਨ ਦਾ ਯੋਗ ਮੁੱਲ ਨਹੀਂ ਪਾਇਆ।

ਮੀਟਿੰਗ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸੰਤ ਰਾਮ ਉਦਾਸੀ ਦੇ ਸੰਘਰਸ਼ਮਈ ਜੀਵਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ ਪੰਜਾਬੀ ਲੋਕ ਕਾਵਿ ਦਾ ਮਘਦਾ ਸੂਰਜ ਸੀ। ਉਸ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀਆਂ ਤੁਰਸ਼ੀਆਂ ਵਿਚ ਬੀਤਿਆ ਪਰ ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ ਅਤੇ ਅਧਿਆਪਕ ਬਣ ਗਿਆ।

 ਜਰਨੈਲ ਸਿੰਘ ਆਰਟਿਸਟ ਨੇ ਸਿੱਖ ਸੰਦਰਭ ਵਿਚ ਉਦਾਸੀ ਵੱਲੋਂ ਸਿਰਜੇ ਗੀਤਾਂ ਬਾਰੇ ਵਿਚਾਰ ਪ੍ਰਗਟ ਕੀਤੇ। ਮੋਹਨ ਗਿੱਲ ਨੇ ਏਨੇ ਵੱਡੇ ਲੋਕ ਕਵੀ ਦੇ ਦੁਖਾਂਤਿਕ ਅੰਤ ਉਪਰ ਗਹਿਰਾ ਅਫਸੋਸ ਪ੍ਰਗਟ ਕੀਤਾ। ਹਰਦਮ ਸਿੰਘ ਮਾਨ ਨੇ ਸਵ. ਉਦਾਸੀ ਨਾਲ ਜੈਤੋ ਵਿਖ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਅੰਗਰੇਜ਼ ਬਰਾੜ ਨੇ ਕਿਹਾ ਕਿ ਬੇਸ਼ੱਕ ਉਸ ਮਹਾਨ ਕਵੀ ਨਾਲ ਕਦੇ ਮੁਲਾਕਾਤ ਦਾ ਸਬੱਬ ਤਾਂ ਨਹੀਂ ਬਣਿਆ ਪਰ ਉਨ੍ਹਾਂ ਦੀਆਂ ਅਮਰ ਰਚਨਾਵਾਂ ਹਮੇਸ਼ਾਂ ਚੇਤਿਆਂ ਵਿਚ ਰਹਿਣਗੀਆਂ। ਪਰਮਜੀਤ ਸਿੰਘ ਸੇਖੋਂ ਨੇ ਸੰਤ ਰਾਮ ਉਦਾਸੀ ਦੇ ਕ੍ਰਾਂਤੀਕਾਰੀ ਗੀਤਾਂ ਰਾਹੀਂ ਉਸ ਨੂੰ ਯਾਦ ਕੀਤਾ।

(ਹਰਦਮ ਮਾਨ)  +1 604 308 6663; maanbabushahi@gmail.com

Welcome to Punjabi Akhbar

Install Punjabi Akhbar
×