ਵੈਨਕੂਵਰ ਵਿਚਾਰ ਮੰਚ ਵੱਲੋਂ ਸੁਰਿੰਦਰ ਗੀਤ, ਅਮਰ ਸਿੰਘ ਪੇਂਟਰ ਤੇ ਪਰਦੀਪ ਦੌਧਰੀਆ ਨਾਲ ਰੂਬਰੂ

(ਸਰੀ)-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕੈਲਗਰੀ ਤੋਂ ਆਈ ਕਵਿੱਤਰੀ ਸੁਰਿੰਦਰ ਗੀਤ, ਪੰਜਾਬ ਤੋਂ ਆਏ ਆਰਟਿਸਟ ਅਮਰ ਸਿੰਘ ਪੇਂਟਰ ਅਤੇ ਪੰਜਾਬੀ-ਉਰਦੂ ਦੇ ਸ਼ਾਇਰ ਪਰਦੀਪ ਦੌਧਰੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।

ਪ੍ਰੋਗਰਾਮ ਦੇ ਆਗਾਜ਼ ਵਿਚ ਸਭ ਨੂੰ ਜੀ ਆਇਆਂ ਆਖਦਿਆਂ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਬੀ.ਸੀ. ਵਿਚ ਆਏ ਮਹਿਮਾਨ ਲੇਖਕ, ਕਲਾਕਾਰ, ਵਿਦਵਾਨ, ਪੱਤਰਕਾਰ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਹਰ ਇਕ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਮਹਿਮਾਨਾਂ ਲਈ ਇਹ ਇਕ ਸਾਂਝਾ ਮੰਚ ਹੈ। ਬਹੁਤ ਸਾਰੇ ਮਹਿਮਾਨ ਲੇਖਕ, ਕਲਾਕਰ, ਪੱਤਰਕਾਰ, ਵਿਦਵਾਨ ਇਸ ਮੰਚ ਉਪਰ ਸੰਵਾਦ ਰਚਾ ਚੁੱਕੇ ਹਨ।

ਮੰਚ ਦੇ ਸੰਚਾਲਕ ਮੋਹਨ ਗਿੱਲ ਨੇ ਸਭ ਤੋਂ ਪਹਿਲਾਂ ਸ਼ਾਇਰਾ ਸੁਰਿੰਦਰ ਗੀਤ ਨੂੰ ਰੂਬਰੂ ਕਰਦਿਆਂ ਦੱਸਿਆ ਕਿ ਸੁਰਿੰਦਰ ਗੀਤ ਆਪਣੀਆਂ ਛੋਟੀਆਂ ਛੋਟੀਆਂ ਕਾਵਿ-ਕਿਰਤਾਂ ਰਾਹੀਂ ਸਮੁੱਚੀ ਲੋਕਾਈ ਦੀ ਗੱਲ ਕਰਦੀ ਹੈ। ਉਸ ਦੀਆਂ ਹੁਣ ਤੱਕ ਦਸ ਪੁਸਤਕਾਂ ਛਪ ਚੁੱਕੀਆਂ ਹਨ। ਸੁਰਿੰਦਰ ਗੀਤ ਨੇ ਆਪਣੇ ਲਿਖਣ ਕਾਰਜ ਬਾਰੇ ਦਸਦਿਆਂ ਕਿਹਾ ਕਿ ਉਹ ਪੰਜਵੀਂ ਜਮਾਤ ਵਿਚ ਪੜ੍ਹਨ ਸਮੇਂ ਹੀ ਕਵਿਤਾ ਲਿਖਣ ਲੱਗ ਪਈ ਸੀ। ਉਸ ਨੇ ਕੈਨੇਡਾ ਆ ਕੇ ਆਪਣੇ ਸ਼ੁਰੂਆਤੀ ਸੱਤ ਸਾਲਾਂ ਦੌਰਾਨ ਕੀਤੇ ਸੰਘਰਸ਼ ਦੀ ਗਾਥਾ ਸੁਣਾਈ ਅਤੇ ਫਿਰ ਕੈਲਗਰੀ ਸਿਟੀ ਕੌਂਸਲ ਵਿਚ ਸਰਵਿਸ ਮਿਲ ਜਾਣ ‘ਤੇ ਜੀਵਨ ਵਿਚ ਆਏ ਸੁਖਾਵੇਂ ਮੋੜ ਅਤੇ ਸਫਲਤਾ ਦਰ ਸਫਲਤਾ ਦੀ ਗੱਲ ਕੀਤੀ। ਕਾਵਿ ਰਚਨਾ ਬਾਰੇ ਉਸ ਨੇ ਕਿਹਾ ਕਿ ਉਸ ਨੇ ਰੁਮਾਂਟਿਕ ਕਵਿਤਾ ਦੀ ਕਦੇ ਰਚਨਾ ਨਹੀਂ ਕੀਤੀ ਅਤੇ ਨਾ ਹੀ ਇਸ ਤਰ੍ਹਾਂ ਦੀ ਕਵਿਤਾ ਨੇ ਉਸ ਦੀ ਸੋਚ ਵਿਚ ਕਦੇ ਅੰਗੜਾਈ ਲਈ ਹੈ। ਆਪਣੀਆਂ ਛਪੀਆਂ ਕਿਤਾਬਾਂ ਅਤੇ ਕਿਤਾਬਾਂ ਉਪਰ ਹੋਏ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਫਿਰ ਕਹਾਣੀ ਰਚਨਾ ਵੱਲ ਆਏ ਮੋੜ ਦਾ ਜ਼ਿਕਰ ਕੀਤਾ। ਉਨ੍ਹਾਂ ਆਪਣੀਆਂ ਕੁਝ ਕਵਿਤਾਵਾਂ (ਕਵੀ ਦਾ ਧਰਮ, ਕਵਿਤਾ ਦੀ ਤਾਸੀਰ, ਕਵਿਤਾ ਤੂੰ ਆ, ਸ਼ਬਦ ਸੁਣੱਖੇ, ਗੁਸਤਾਖ਼ ਹਵਾ, ਗ਼ਜ਼ਲ) ਵੀ ਸੁਣਾਈਆਂ।

ਦੂਜੇ ਮਹਿਮਾਨ ਅਮਰ ਸਿੰਘ ਨੂੰ ਪੇਸ਼ ਕਰਦਿਆਂ ਜਰਨੈਲ ਸਿੰਘ ਆਰਟਿਸਟ ਨੇ ਉਸ ਨਾਲ ਆਪਣੀ ਸਾਂਝ ਬਾਰੇ ਜ਼ਿਕਰ ਕੀਤਾ ਅਤੇ ਸੰਖੇਪ ਜਾਣਕਾਰੀ ਦਿੱਤੀ। ਅਮਰ ਸਿੰਘ ਪੇਂਟਰ ਨੇ ਦੱਸਿਆ ਕਿ ਆਪਣੇ ਲੇਖਕ ਭਰਾ ਅਜੀਤ ਸਿੰਘ ਪਿਆਸਾ ਦੀਆਂ ਲਿਖਤਾਂ ਕਦੇ ਕਦਾਈਂ ਉਹ ਪੜ੍ਹ ਲੈਂਦਾ ਸੀ। ਉਨ੍ਹਾਂ ਨੂੰ ਦੇਖ ਕੇ ਉਸ ਦੇ ਮਨ ਵਿਚ ਵੀ ਕੁਝ ਕਰਨ ਦੀ ਰੀਝ ਸੀ। ਉਸ ਨੇ ਦੱਸਿਆ ਕਿ ਸਮੇਂ ਸਮੇਂ ਅਨੁਸਾਰ ਪੇਂਟਿੰਗ ਰਾਹੀਂ ਆਪਣਾ ਰੁਜ਼ਗਾਰ, ਕਾਰੋਬਾਰ ਚਲਾਉਂਦਿਆਂ ਵੱਖ ਵੱਖ ਤਰਾਂ ਦੇ ਕਾਰੋਬਾਰੀ ਬੋਰਡ ਲਿਖਣ, ਚੋਣਾਂ ਸਮੇਂ ਬੈਨਰ ਆਦਿ ਤਿਆਰ ਕਰਨ, ਫਿਲਮਾਂ ਦੇ ਸਾਈਨ ਬੋਰਡ ਬਣਾਉਣ, ਸਿਨਮਿਆਂ ਦੀਆਂ ਦੀਵਾਰਾਂ ‘ਤੇ ਲਿਖਣ ਤੇ ਪੇਂਟ ਕਰਨ, ਟਰਾਲੀਆਂ ਤੇ ਪੇਟਿੰਗ ਕਰਨ ਅਤੇ ਟਰਾਲੀ ਦੇ ਡਾਲੇ ‘ਤੇ ਚਿੱਤਰਕਾਰੀ ਕਰਨ, ਮਾਟੋ ਲਿਖਣ ਦਾ ਕੰਮ ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਕੀਤਾ। ਟਰਾਲੀਆਂ ਦੇ ਡਾਲਿਆਂ ‘ਤੇ ਚਿੱਤਰਕਾਰੀ ਦਾ ਕਾਰਜ ਏਨਾ ਮਸ਼ਹੂਰ ਹੋਇਆ ਕਿ ਦੂਰ ਦੂਰ ਤੱਕ ਇਸ ਪੇਟਿੰਗ ਦੀ ਮਹਿਮਾ ਫੈਲ ਗਈ। ਬੇਸ਼ੱਕ ਇਸ ਕਾਰਜ ਸਦਕਾ ਉਸ ਨੇ ਬਹੁਤ ਵਧੀਆ ਜ਼ਿੰਦਗੀ ਮਾਣੀ ਪਰ ਕਿਤੇ ਨਾ ਕਿਤੇ ਅੰਦਰਲਾ ਕਲਾਕਾਰ ਸੰਤੁਸ਼ਟ ਨਹੀਂ ਸੀ ਹੋਇਆ। ਬੱਚਿਆਂ ਦੇ ਵਿਆਹ ਆਦਿ ਕਰਨ ਤੋਂ ਬਾਅਦ ਕੁਝ ਰਾਹਤ ਮਹਿਸੂਸ ਕਰਦਿਆਂ ਉਸ ਨੇ ਕਲਾਤਮਿਕ ਰਚਨਾ ਲਈ ਬੁਰਸ਼ ਚੁੱਕਿਆ। ਪਹਿਲਾਂ ਪਹਿਲ ਤਾਂ ਕੁਝ ਕਾਪੀ ਕਰਨ ਦਾ ਕੰਮ ਕੀਤਾ ਅਤੇ ਫਿਰ ਵੱਖ ਵੱਖ ਥਾਵਾਂ ‘ਤੇ ਘੁੰਮਦਿਆਂ ਨਵੇਂ ਦ੍ਰਿਸ਼ਾਂ, ਚਿੱਤਰਾਂ ਨੂੰ ਕਲਾਤਿਮਕਰੂਪ ਦੇਣ ਦਾ ਕਾਰਜ ਸ਼ੁਰੂ ਹੋਇਆ ਜੋ ਨਿਰੰਤਰ ਚੱਲ ਰਿਹਾ ਹੈ ਅਤੇ ਜਰਨੈਲ ਸਿੰਘ ਅਰਟਿਸਟ ਵਰਗੇ ਨਾਮਵਰ ਚਿੱਤਰਕਾਰਾਂ ਦੇ ਮੇਲਜੋਲ ਨਾਲ ਇਸ ਕਲਾ ਵਿਚ ਹੋਰ ਵੀ ਖੂਬਸੂਰਤੀ ਆ ਰਹੀ ਹੈ।

ਉਰਦੂ ਅਤੇ ਪੰਜਾਬੀ ਦੇ ਸ਼ਾਇਰ ਪਰਦੀਪ ਦੌਧਰੀਆ ਨੇ ਵੱਖ ਵੱਖ ਅਖਬਾਰਾਂ ਵਿਚ ਆਪਣੇ ਲੇਖਣ ਕਾਰਜ ਬਾਰੇ ਦੱਸਿਆ। ਉਸ ਨੇ ਕਿਹਾ ਕਿ ਸ਼ਾਇਰੀ ਵਿਚ ਖੂਬਸੂਰਤੀ ਮਾਣਨ ਲਈ ਉਸ ਨੇ ਉਰਦੂ ਸਿੱਖੀ ਅਤੇ ਫਿਰ ਪੰਜਾਬੀ ਦੇ ਨਾਲ ਨਾਲ ਉਰਦੂ ਵਿਚ ਸ਼ਾਇਰੀ ਵੀ ਕੀਤੀ। ਉਸ ਨੇ ਆਪਣੀਆਂ ਹਲਕੀਆਂ ਫੁਲਕੀਆਂ ਰਚਨਾਵਾਂ ਦੀਆਂ ਪੁਸਤਕਾਂ ‘ਦੁੱਕੀਆਂ ਤਿੱਕੀਆਂ’, ‘ਯੱਭਲੀਆਂ’ ਬਾਰੇ ਵੀ ਸੰਖੇਪ ਵਿਚ ਦੱਸਿਆ ਅਤੇ ਇਕ ਉਰਦੂ ਨਜ਼ਮ ਵੀ ਪੇਸ਼ ਕੀਤੀ।

ਇਸ ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਪੰਜਾਬੀ ਫਿਲਮ ਇੰਡਸਟਰੀ ਦੀ ਪ੍ਰਸਿੱਧ ਸ਼ਖ਼ਸੀਅਤ ਬਲਦੇਵ ਗਿੱਲ, ਭੁਪਿੰਦਰ ਮੱਲ੍ਹੀ, ਡਾ. ਚਰਨਜੀਤ ਸਿੰਘ, ਗੁਰਜੰਟ ਸਿੰਘ ਬਰਨਾਲਾ, ਬਲਰਾਜ ਬਾਸੀ, ਮਹਿੰਦਰਪਾਲ ਪਾਲ, ਬਾਈ ਅਵਤਾਰ ਗਿੱਲ, ਹਰਦਮ ਸਿੰਘ ਮਾਨ, ਕਾਮਰੇਡ ਨਵਰੂਪ ਸਿੰਘ, ਜਸਕਰਨ ਸਿੰਘ, ਅਮਨ ਸੀ ਸਿੰਘ, ਮੀਨੂੰ ਬਾਵਾ, ਬਿੰਦੂ ਮਠਾੜੂ, ਮੀਨੂੰ ਦੌਧਰੀਆ ਅਤੇ ਮਿਸਜ਼ ਅਮਰ ਸਿੰਘ ਪੇਂਟਰ ਹਾਜਰ ਸਨ।

ਇਸ ਮੌਕੇ ਅਮਰ ਸਿੰਘ ਪੇਂਟਰ ਵੱਲੋਂ ਆਪਣੀਆਂ ਕੁਝ ਕਲਾਕ੍ਰਿਤੀਆਂ ਦੀ ਲਾਈ ਗਈ ਪ੍ਰਦਰਸ਼ਨੀ ਨੂੰ ਵੀ ਸਭਨਾਂ ਨੇ ਨੀਝ ਨਾਲ ਮਾਣਿਆਂ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×