ਵੈਨਕੂਵਰ ਵਿਚਾਰ ਮੰਚ ਵੱਲੋਂ ਤਾਰਾ ਸਿੰਘ ਆਲਮ, ਗੁਰਦਿਆਲ ਰੌਸ਼ਨ ਅਤੇ ਨਿਰਮਲ ਜਸਵਾਲ ਨਾਲ ਸੰਵਾਦ

(ਸਰੀ)-ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਏ ਪੰਜਾਬੀ ਸ਼ਾਇਰ ਤਾਰਾ ਸਿੰਘ ਆਲਮ, ਪੰਜਾਬ ਤੋਂ ਆਏ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਟੋਰਾਂਟੋ ਤੋਂ ਆਈ ਕਹਾਣੀਕਾਰਾ ਨਿਰਮਲ ਜਸਵਾਲ ਨਾਲ ਸੰਵਾਦ ਰਚਾਉਣ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।

ਪ੍ਰੋਗਰਾਮ ਦੇ ਆਗਾਜ਼ ਵਿਚ ਅਮਰੀਕਾ ਵਸਦੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ ਚਿੰਤਕ ਡਾ. ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟ ਕਰਦਿਆਂ ਇਕ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ।  ਜਰਨੈਲ ਸਿੰਘ ਆਰਟਿਸਟ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸੰਖੇਪ ਵਿਚ ਵੈਨਕੂਵਰ ਵਿਚਾਰ ਮੰਚ ਦੀ ਸਥਾਪਨਾ, ਉਦੇਸ਼ ਅਤੇ ਸਰਗਰਮੀਆਂ ਬਾਰੇ ਦਸਦਿਆਂ ਕਿਹਾ ਕਿ ਇਹ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਇਕ ਮਹਿਮਾਨ ਕਲਾਕਾਰ, ਸਾਹਿਤਕਾਰ, ਪੱਤਰਕਾਰ, ਵਿਦਵਾਨ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਉਹ ਭਾਵੇਂ ਕਿਸੇ ਵੀ ਵਿਚਾਰਧਾਰਾ ਨਾਲ ਸਬੰਧਤ ਹੋਵੇ। ਪ੍ਰੋਗਰਾਮ ਦੇ ਸੰਚਾਲਕ ਮੋਹਨ ਗਿੱਲ ਨੇ ਸਭ ਤੋਂ ਪਹਿਲਾਂ ਨਿਰਮਲ ਜਸਵਾਲ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ਸਾਹਿਤਕ ਸਫ਼ਰ ਸਰੋਤਿਆਂ ਨਾਲ ਸਾਂਝਾ ਕਰਨ ਲਈ ਸੱਦਾ ਦਿੱਤਾ।

ਨਿਰਮਲ ਜਸਵਾਲ ਨੇ ਆਪਣੀਆਂ ਕਹਾਣੀਆਂ ਅਤੇ ਹੋਰ ਰਚਨਾਵਾਂ ਬਾਰੇ ਦਸਦਿਆਂ ਵਿਸ਼ੇਸ਼ ਤੌਰ ‘ਤੇ ਆਪਣੇ ਹਿੰਦੀ ਨਾਵਲ ‘ਰੈੱਡ ਵਾਈਨ’ ਬਾਰੇ ਕਿਹਾ ਕਿ ਇਸ ਵਿਚ ਕਸ਼ਮੀਰ ਦੇ ਨੌਜਵਾਨਾਂ ਦੀ ਗਾਥਾ ਹੈ, ਉਨ੍ਹਾਂ ਦੀ ਸੰਵੇਦਨਾ ਹੈ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ, ਤੜਪ ਦਾ ਜ਼ਿਕਰ ਹੈ। ਉਨ੍ਹਾਂ ਔਰਤਾਂ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਾਹਿਤਕ ਖੇਤਰ ਵਿਚ ਮਿਲੇ ਮਾਣ ਸਨਮਾਨ ਤੇ ਵੀ ਸੰਤੁਸ਼ਟੀ ਜ਼ਾਹਰ ਕੀਤੀ।

ਸ਼ਾਇਰ ਤਾਰਾ ਸਿੰਘ ਆਲਮ ਨੇ ਆਪਣੇ ਸਾਹਿਤਕ ਜੀਵਨ ਬਾਰੇ ਗੱਲ ਕੀਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜੋੜਣ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ। ਸਕੂਲਾਂ, ਕਾਲਜਾਂ ਵਿਚ ਜਾ ਕੇ ਜਾਂ ਸਾਹਿਤਕ ਪ੍ਰੋਗਰਾਮਾਂ ਵਿਚ ਉਨ੍ਹਾਂ ਨੂੰ ਬੁਲਾ ਕੇ ਅਜਿਹਾ ਕੀਤਾ ਜਾ ਸਕਦਾ ਹੈ। ਸਾਨੂੰ ਇਸ ਪਾਸੇ ਸੰਜੀਦਾ ਹੋਣ ਦੀ ਲੋੜ ਹੈ ਕਿਉਂਕਿ ਬੱਚੇ ਹੀ ਸਾਡਾ ਭਵਿੱਖ ਹਨ ਪਰ ਉਹ ਪੰਜਾਬੀ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਆਪਣੀਆਂ ਪੁਸਤਕਾਂ ਬਾਰੇ ਵੀ ਸੰਖੇਪ ਵਿਚ ਜਾਣਕਾਰੀ ਦਿੱਤੀ ਅਤੇ ਇਕ ਕਵਿਤਾ ‘ਹਿੱਕ ਤਾਣ ਕੇ ਕਹਿੰਦੇ ਹਾਂ ਕਿ ਅਸੀਂ ਸ਼ੇਰ ਪੰਜਾਬੀ ਹਾਂ, ਅੱਖਾਂ ਖੋਲ੍ਹ ਕੇ ਜਦੋਂ ਤੱਕਦੇ ਹਾਂ ਅੱਧਿਓਂ ਵੱਧ ਸ਼ਰਾਬੀ ਹਾਂ’ ਸੁਣਾਈ ਅਤੇ ਸਰੀ ਦੇ ਸਾਹਿਤ ਪ੍ਰੇਮੀਆਂ ਨਾਲ ਮਿਲਾਉਣ ਲਈ ਮੰਚ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਨੇ ਆਪਣੇ ਗ਼ਜ਼ਲ ਸਫ਼ਰ ਨਾਲ ਸਾਂਝ ਪੁਆਈ। ਉਨ੍ਹਾਂ ਇਸ ਗੱਲ ਤੋ ਜ਼ੋਰ ਦਿੱਤਾ ਕਿ ਇਕ ਲੇਖਕ ਦੀਆਂ ਲਿਖਤਾਂ ਅਤੇ ਜੀਵਨ ਵਿਚ ਸਮਾਨਤਾ ਹੋਣੀ ਚਾਹੀਦੀ ਹੈ ਕਿਉਂਕਿ ਲੇਖਕ ਸਮਾਜ ਦਾ ਰਾਹ ਦਸੇਰਾ ਹੈ ਅਤੇ ਉਸ ਦੇ ਸਾਹਿਤਕ ਕਾਰਜ ਦੇ ਨਾਲ ਨਾਲ ਸਮਾਜ ਵੱਲੋਂ ਉਸ ਦੇ ਕਿਰਦਾਰ ਨੂੰ ਵੀ ਗਹੁ ਨਾਲ ਵਾਚਿਆ ਜਾਂਦਾ ਹੈ।

 ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ, ਜੋ ਰਾਏਕੋਟ ਦੇ ਨਵਾਬ ਰਹੇ ਰਾਏ ਕੱਲਾ ਦੇ ਵਾਰਸ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਨ੍ਹਾਂ ਦੇ ਵਡੇਰਿਆਂ ਨੂੰ ਭੇਂਟ ਕੀਤੇ ਗਏ ਗੰਗਾ ਸਾਗਰ ਦੀ ਦੇਖ ਰੇਖ ਕਰ ਰਹੇ ਹਨ, ਨੇ ਸੰਖੇਪ ਵਿਚ ਆਪਣੇ ਜੀਵਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾ ਹਮੇਸ਼ਾ ਨਿਮਰਤਾ ਦਾ ਮਾਰਗ ਅਪਣਾਇਆ ਹੈ।

ਪ੍ਰੋਗਰਾਮ ਵਿਚ ਬਲਰਾਜ ਬਾਸੀ ਨੇ ਤਾਰਾ ਸਿੰਘ ਆਲਮ ਦੇ ਕਲਾਮ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤਾ। ਮੰਚ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਮਹਿਮਾਨ ਲੇਖਕਾਂ ਅਤੇ ਪ੍ਰੋਗਰਾਮ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਗੁਰਦਰਸ਼ਨ ਬਾਦਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਅਜਮੇਰ ਰੋਡੇ, ਸੁਰਜੀਤ ਕਲਸੀ, ਰਾਜਵੰਤ ਰਾਜ, ਹਰਦਮ ਮਾਨ, ਪ੍ਰੀਤ ਮਨਪ੍ਰੀਤ, ਬਿੰਦੂ ਮਠਾੜੂ, ਹਰਜਿੰਦਰ ਮਠਾੜੂ, ਅਮਨ ਸੀ. ਸਿੰਘ, ਡਾ. ਚਰਨਜੀਤ ਸਿੰਘ, ਜਸਬੀਰ ਕੌਰ ਮਾਨ, ਜਸਕਰਨ ਸਿੰਘ, ਅਮਰੀਕ ਪਲਾਹੀ, ਮਹਿੰਦਰਪਾਲ ਪਾਲ, ਪ੍ਰੀਤਮ ਸਿੰਘ ਭਰੋਵਾਲ, ਲਖਵਿੰਦਰ ਗਿੱਲ, ਪਰਮਿੰਦਰ ਸਿੰਘ ਭੁਪਾਲ, ਟੋਰਾਂਟੋ ਤੋਂ ਆਈ ਕਵਿੱਤਰੀ ਸੁਰਜੀਤ ਤੇ ਰਛਪਾਲ ਕੌਰ ਗਿੱਲ, ਮਿਸਜ਼ ਰਾਏ ਅਜ਼ੀਜ਼ ਉੱਲਾ, ਗਿਆਨੀ ਰੇਸ਼ਮ ਸਿੰਘ ਰਸੀਲਾ ਤੇ ਉਨ੍ਹਾਂ ਦੀ ਧਰਮ ਪਤਨੀ, ਪ੍ਰੀਤਪਾਲ ਅਟਵਾਲ ਪੂਨੀ ਅਤੇ ਰਮਨਬੀਰ ਸਿੰਘ ਸ਼ਾਮਲ ਸਨ।

(ਹਰਦਮ ਮਾਨ) +1 604 308 6663

maanbabushahi@gmail.com