ਅਗਲੇ ਸਾਲ ਤੋਂ ਟੀਕਾਕਰਣ ਵਾਲੇ ਲੋਕਾਂ ਨੂੰ ਨਿਊਜ਼ੀਲੈਂਡ ਪਰਤਣ ’ਤੇ ਪ੍ਰਬੰਧਕੀ ਇਕਾਂਤਵਾਸ ਦੀ ਲੋੜ ਨਹੀਂ

-ਅੱਜ ਆਏ 215 ਨਵੇਂ ਕੇਸ-ਇੰਡੀਆ ਹੋਵੇਗਾ ਖਤਰੇ ਤੋਂ ਬਾਹਰ

ਔਕਲੈਂਡ 24 ਨਵੰਬਰ, 2021:- ਨਿਊਜ਼ੀਲੈਂਡ ਸਰਕਾਰ ਟੀਕਾਕਰਣ ਕਰਵਾ ਚੁੱਕੇ ਕੀਵੀਆਂ ਦੇ ਲਈ ਅਤੇ ਇਥੇ ਆਉਣ ਵਾਲੇ ਹੋਰ ਯਾਤਰੀਆਂ ਦੇ ਲਈ ਐਮ. ਆਈ. ਕਿਊ. ’ਚ ਰਹਿਣ ਦੀ ਸ਼ਰਤ ਨੂੰ ਨਰਮ ਕਰਨ ਜਾ ਰਹੀ ਹੈ ਅਤੇ ਇਹ ਅਗਲੇ ਸਾਲ ਜਨਵਰੀ ਦੇ ਵਿਚ ਕੀਤਾ ਜਾਵੇਗਾ। ਇਸ ਗੱਲ ਦੀ ਘੋਸ਼ਣਾ ਸਰਕਾਰ ਵੱਲੋਂ ਅੱਜ ਨਵੇਂ ਆਏ 215 ਕੇਸਾਂ ਦੇ ਨਾਲ ਹੀ ਕੀਤੀ ਗਈ ਹੈ। ਹੁਣ ਡੈਲਟਾ ਕਰੋਨਾ ਦੀ ਗਿਣਤੀ 5000 ਤੋਂ ਉਪਰ ਵੀ ਹੋ ਚੁੱਕੀ ਹੈ ਅਤੇ ਹਜ਼ਾਰਾਂ ਕਰੋਨਾ ਪਾਜੇਟਿਵ ਲੋਕ ਘਰਾਂ ਦੇ ਵਿਚ ਇਕਾਂਤਵਾਸ ਕਰ ਰਹੇ ਹਨ। ਅੱਜ ਦੇ ਕੇਸਾਂ ਵਿਚ 181 ਕੇਸ ਔਕਲੈਂਡ ਦੇ ਅਤੇ 18 ਵਾਇਕਾਟੋ ਦੇ ਹਨ। 87 ਲੋਕ ਇਸ ਵੇਲੇ ਹਸਪਤਾਲ ਹਨ। ਟੀਕਾਕਰਣ ਪ੍ਰਣਾਲੀ ਸ਼ੁਰੂ ਹੋਣ ਬਾਅਦ 15 ਮੌਤਾਂ ਦੇ ਵਿਚੋਂ 10 ਲੋਕਾਂ ਦਾ ਟੀਕਾਕਰਣ ਨਹੀਂ ਹੋਇਆ ਸੀ। ਬਾਕੀ ਪੰਜਾਂ ਚੋਂ ਦੋ ਲੋਕਾਂ ਦੇ ਇਕ ਟੀਕਾ ਲੱਗਿਆ ਸੀ ਅਤੇ ਤਿੰਨ ਦੇ ਦੋਵੇਂ ਟੀਕੇ ਲੱਗੇ ਸਨ।
17 ਜਨਵਰੀ ਤੋਂ ਆਸਟਰੇਲੀਆ ਤੋਂ ਨਿਊਜ਼ੀਲੈਂਡ ਵਾਪਿਸ ਪਰਤਣ ਵਾਲੇ ਕੀਵੀ ਲੋਕ ਸਿੱਧੇ ਘਰ ਜਾ ਸਕਣਗੇ ਉਨ੍ਹਾਂ ਨੂੰ ਐਮ. ਆਈ. ਕਿਊ ’ਚ 7 ਦਿਨ ਰਹਿਣ ਦੀ ਲੋੜ ਨਹੀਂ ਰਹੇਗੀ, ਪਰ ਉਨ੍ਹਾਂ ਨੂੰ 7 ਦਿਨ ਘਰ ਵਿਚ ਇਕਾਂਤਵਾਸ ਕਰਨਾ ਹੋਵੇਗਾ। 13 ਜਨਵਰੀ ਤੋਂ ਦੋਵੇਂ ਟੀਕੇ ਲਗਵਾ ਚੁੱਕੇ ਦੇਸ਼ ਦੇ ਵਿਚ ਕਿਤੇ ਵੀ ਜਾ ਸਕਣਗੇ। ਅਪ੍ਰੈਲ ਮਹੀਨੇ ਤੋਂ ਕਿਸੇ ਵੀ ਦੇਸ਼ ਦਾ ਕੋਈ ਯਾਤਰੀ ਜੇਕਰ ਦੋਵੇਂ ਟੀਕੇ ਲਗਵਾ ਚੁੱਕਾ ਹੈ ਤਾਂ ਇਥੇ ਬਿਨਾਂ ਐਮ. ਆਈ. ਕਿਊ ਤੋਂ ਆ ਸਕੇਗਾ। ਪਰ ਇਹ ਯਾਤਰਾ ਦੇ ਵਿਚ ਕਈ ਕੁਝ ਬਦਲਾਅ ਵੇਖਣ ਨੂੰ ਮਿਲੇਗਾ। ਕਰੋਨਾ ਨਤੀਜਾ ਨੈਗੇਟਿ ਹੋਵੇ, ਵੈਕਸੀਨੇਸ਼ਨ ਦਾ ਸਬੂਤ, ਇਹ ਹਲਫਨਾਮਾ ਕਿ ਉਹ ਹਾਈ ਰਿਸਕ ਕੰਟਰੀ (ਕਰੋਨਾ ਖਤਰੇ ਵਾਲੇ ਦੇਸ਼) ਦੇ ਵਿਚ ਯਾਤਰਾ ਕਰਨ ਨਹੀਂ ਗਿਆ, ਦੇਣਾ ਹੋਵੇਗਾ।  ਉਨ੍ਹਾਂ ਦਾ ਇਥੇ ਪੁੱਜਣ ’ਤੇ ਆਮ ਹੋਣ ਵਾਲਾ ਕਰੋਨਾ ਟੈਸਟ ਕੀਤਾ ਜਾਵੇਗਾ। ਜਿਹੜੇ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਹੋਣਗੇ ਉਨ੍ਹਾਂ ਨੂੰ 7 ਦਿਨ ਐਮ. ਆਈ. ਕਿਊ ਰਹਿਣਾ ਹੋਵੇਗਾ ਤੇ ਤਿੰਨ ਦਿਨ ਘਰ ਇਕਾਂਤਵਾਸ ਕਰਨਾ ਹੋਵੇਗਾ। ਇੰਡੀਆ, ਪਾਕਿਸਤਾਨ, ਇੰਡੋਨੇਸ਼ੀਆ, ਬ੍ਰਾਜ਼ੀਲ ਹਾਈ ਰਿਸਕ ਉਤੇ ਹਨ ਪਰ ਲੋਕ ਆ ਸਕਣਗੇ ਕਿਉਂਕਿ ਦਸੰਬਰ ਮਹੀਨੇ ਦੇ ਸ਼ੁਰੂ ਵਿਚ ਇਹ ਦੇਸ਼ ਹਾਈ ਰਿਸਕ ਤੋਂ ਬਾਹਰ ਆ ਜਾਣਗੇ।  ਕੱਲ੍ਹ ਇਥੇ ਵਾਲ ਕੱਟਣ ਵਾਲਿਆਂ ਦੀਆਂ ਦੁਕਾਨਾਂ ਖੁੱਲ੍ਹ ਰਹੀਆਂ ਹਨ।

Install Punjabi Akhbar App

Install
×