ਉਸਤਾਦ ਯਮ੍ਹਲਾ ਜੱਟ 

Balwinder Singh Bhullar 190413 Yamla Jatt

ਜਦੋਂ ਵੀ ਤੂੰਬੀ ਦੀ ਅਵਾਜ਼ ਸੁਣਾਈ ਦਿੰਦੀ ਐ ਤਾਂ ਯਮ੍ਹਲਾ ਜੱਟ ਯਾਦ ਆ ਜਾਂਦਾ ਹੈ। ਤੂੰਬੀ ਦੇ ਕਾਢੂ ਇਸ ਗਾਇਕ ਨੇ ਕਰੀਬ ਚਾਰ ਦਹਾਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਜਦੋਂ ਮੰਜੇ ਜੋੜ ਕੇ ਕੋਠਿਆਂ ਤੇ ਸਪੀਕਰ ਲੱਗਿਆ ਕਰਦੇ ਸਨ, ਉਸ ਜਮਾਨੇ ਵਿੱਚ ਵਿਆਹ ਮੰਗਣਾ ਜਾਂ ਅਖੰਡ ਪਾਠ ਕੋਈ ਵੀ ਸਮਾਗਮ ਹੁੰਦਾ ਸਭ ਤੋਂ ਪਹਿਲਾਂ ਯਮ੍ਹਲਾ ਜੱਟ ਦਾ ਗੀਤ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ’ ਹੀ ਸੁਣਾਈ ਦਿੰਦਾ ਸੀ।

ਲਾਲ ਚੰਦ ਯਮ੍ਹਲਾ ਜੱਟ, ਜਿਸਨੂੰ ਕਲਾਕਾਰ ਅੱਜ ਵੀ ਉਸਤਾਦ ਜੀ ਦੇ ਨਾਂ ਨਾਲ ਯਾਦ ਕਰਦੇ ਹਨ, ਦਾ ਜਨਮ 28 ਮਾਰਚ 1914 ਨੂੰ ਚੱਕ ਨੰ: 384 ਲਾਇਲਪੁਰ ਹੁਣ ਪਾਕਿਸਤਾਨ ਵਿਖੇ ਪਿਤਾ ਖੇੜਾ ਰਾਮ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦਾ ਪਰਿਵਾਰ ਫ਼ਕੀਰ ਪੀਰ ਕਟੋਰੇ ਸ਼ਾਹ ਪ੍ਰਤੀ ਬਹੁਤ ਸਰਧਾ ਰਖਦਾ ਸੀ, ਉਹਨਾਂ ਦੀ ਧਾਰਨਾ ਸੀ ਕਿ ਲਾਲ ਚੰਦ ਦਾ ਜਨਮ ਪੀਰ ਦੀ ਸਮਾਧ ਤੇ ਸੁੱਖ ਸੁੱਖਣ ਸਦਕਾ ਹੋਇਆ ਹੈ। ਬਚਪਨ ਵਿੱਚ ਹੀ ਲਾਲ ਚੰਦ ਨੂੰ ਗਾਉਣ ਦਾ ਸੌਂਕ ਹੋ ਗਿਆ ਸੀ, 9 ਸਾਲ ਦੀ ਉਮਰ ਵਿੱਚ ਉਹਨਾਂ ਪਹਿਲੀ ਵਾਰ ਕਟੋਰੇ ਸਾਹ ਦੀ ਸਮਾਧ ਤੇ ਲੱਗੇ ਮੇਲੇ ‘ਚ ਗਾਇਆ ਸੀ। ਸੰਨ 1919 ਵਿੱਚ ਲਾਲ ਚੰਦ ਦੇ ਪਿਤਾ ਦੀ ਮੌਤ ਹੋ ਜਾਣ ਉਪਰੰਤ ਉਸਦੀ ਮਾਤਾ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਪਿੰਡ ਚੱਕ ਚੂਹੜ ਸਿੰਘ 224 ਵਿਖੇ ਰਹਿਣ ਲੱਗ ਪਈ।

ਇੱਥੇ ਹੀ ਲਾਇਲਪੁਰ ਦੀ ਪ੍ਰਸਿੱਧ ਗਾਇਕਾ ਖੁਰਸ਼ੀਦ ਬੇਗ਼ਮ ਰਹਿੰਦੀ ਸੀ, ਜਿਸਦਾ ਗਾਣਾ ‘ਅੱਖੀਆਂ ਕਰਮਾਂ ਸੜੀਆਂ ਜਿਹੜੀਆਂ ਨਾਲ ਸੱਜਣ ਦੇ ਜੁੜੀਆਂ’ ਲਾਲ ਚੰਦ ਨੇ ਸੁਣਿਆ, ਜਿਸਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਹ ਸਾਰਾ ਦਿਨ ਕੰਮ ਧੰਦਾ ਕਰਦਾ ਗਲੀਆਂ ਵਿੱਚ ਫਿਰਦਾ ਇਹੋ ਗਾਣਾ ਹੀ ਗੁਣਗਣਾਉਂਦਾ ਰਹਿੰਦਾ। ਇੱਕ ਦਿਨ ਖੁਰਸ਼ੀਦ ਨੇ ਉਸ ਦੇ ਮੂੰਹੋ ਇਹ ਗਾਣਾ ਸੁਣਿਆ ਤਾਂ ਉਸਨੇ ਲਾਲ ਚੰਦ ਨੂੰ ਆਪਣੇ ਕੋਲ ਬੁਲਾ ਕੇ ਗੁੱਸੇ ਵਿੱਚ ਕਿਹਾ, ‘ਛੋਕਰਿਆ ਜੇ ਸਾਡੀ ਗਲੀ ਵਿੱਚੋਂ ਦੀ ਲੰਘਣਾ ਹੈ ਤਾਂ ਐਡਾ ਬੇਸੁਰਾ ਨਾ ਗਾਇਆ ਕਰ।’ ਇਹ ਲਫ਼ਜ ਸੁਣ ਕੇ ਲਾਲ ਚੰਦ ਨੂੰ ਭਾਰੀ ਸੱਟ ਲੱਗੀ ਅਤੇ ਉਸਨੇ ਸੁਰ ਵਿੱਚ ਗਾਉਣ ਦਾ ਫੈਸਲਾ ਕਰਦਿਆਂ ਆਪਣੇ ਨਾਨਾ ਗੂੜ੍ਹਾ ਰਾਮ ਕੋਲ ਰਿਆਜ਼ ਕਰਨ ਲੱਗ ਪਿਆ। ਫਿਰ 1930 ਵਿੱਚ ਉਸਨੇ ਪੰਡਿਤ ਸਾਹਿਬ ਦਿਆਲ ਨੂੰ ਆਪਣਾ ਉਸਤਾਦ ਧਾਰ ਲਿਆ। ਉਸਨੇ ਸਿਰੰਗੀ, ਢੋਲਕ, ਦੋਤਾਰਾ ਵਜਾਉਣਾ ਸਿੱਖਣ ਉਪਰੰਤ ਪੱਕੇ ਰਾਗਾਂ ਦੀ ਸਿੱਖਿਆ ਪਿੰਡ ਛੱਤੇ ਦੀਨ ਦੇ ਚੌਧਰੀ ਮਜ਼ੀਦ ਤੋਂ ਹਾਸਲ ਕੀਤੀ। ਇੱਥੇ ਹੀ ਜਵਾਨੀ ਵਿੱਚ ਪੈਰ ਧਰਦਿਆਂ ਉਸਦਾ ਵਿਆਹ ਬੀਬੀ ਰਾਮ ਰੱਖੀ ਨਾਲ ਹੋਇਆ ਅਤੇ ਉਹਨਾਂ ਦੇ ਘਰ ਦੋ ਧੀਆਂ ਅਤੇ ਪੰਜ ਪੁੱਤਰਾਂ ਨੇ ਜਨਮ ਲਿਆ।

1947 ‘ਚ ਹੋਈ ਭਾਰਤ ਪਾਕਿ ਦੀ ਵੰਡ ਸਮੇਂ ਹੋਏ ਲੱਖਾਂ ਪਰਿਵਾਰਾਂ ਦੇ ਉਜਾੜੇ ਵਿੱਚ ਉਹਨਾਂ ਦਾ ਪਰਿਵਾਰ ਵੀ ਸਾਮਲ ਸੀ, ਜਿਹਨਾਂ ਨੇ ਆਪਣਾ ਭਰਿਆ ਭਰੁੰਨਿਆਂ ਘਰ ਤਿਆਗ ਕੇ ਆਪਣਾ ਜੱਦੀ ਦੌਲਤਖਾਨਾ ਚੱਕ ਨੇੜੇ ਟੋਭਾ ਟੇਕ ਸਿੰਘ ਲਾਇਲਪੁਰ ਛੱਡ ਦਿੱਤਾ ਅਤੇ ਦੁੱਖਾਂ ਭਰੇ ਮਨ ਨਾਲ ਜਲੰਧਰ ਪਹੁੰਚ ਗਏ ਤੇ ਕੁਝ ਦਿਨ ਉੱਥੇ ਰਹਿਣ ਉਪਰੰਤ ਜਵਾਹਰ ਕੈਂਪ ਲੁਧਿਆਣਾ ਵਿਖੇ ਆ ਗਏ, ਜੋ ਬਾਅਦ ਵਿੱਚ ਜਵਾਹਰ ਨਗਰ ਬਣ ਗਿਆ। ਇੱਥੇ ਉਹਨਾਂ ਚਾਂਦੀ ਵੱਢਾਂ ਦੇ ਖੇਤਾਂ ਵਿੱਚ ਕੁਝ ਚਿਰ ਕੰਮ ਕੀਤਾ। ਫਿਰ ਉਹਨਾਂ ਦਾ ਸੰਪਰਕ ‘ਦਰਦੀ’ ਦੇ ਨਾਂ ਨਾਲ ਜਾਣੇ ਜਾਂਦੇ ਇੱਕ ਚੰਗੇ ਇਨਸਾਨ ਨਾਲ ਹੋਇਆ, ਜਿਹਨਾਂ ਨੇ ਲਾਲ ਚੰਦ ਨੂੰ ਬਤੌਰ ਮਾਲੀ ਰੱਖ ਲਿਆ। ਉਹ ਖੇਤਾਂ ਵਿੱਚ ਬੂਟੇ ਉਗਾਉਂਦਾ, ਫੁੱਲ ਤੋੜ ਕੇ ਹਾਰ ਬਣਾ ਕੇ ਚੌੜੇ ਬਜ਼ਾਰ ਵਿੱਚ ਵੇਚ ਕੇ ਆਉਂਦਾ। ਇਸ ਔਖੇ ਸਮੇਂ ਵਿੱਚ ਮਾਲੀ ਦਾ ਕੰਮ ਕਰਦਿਆਂ ਵੀ ਉਸਦੇ ਅੰਦਰਲੀ ਗਾਇਕੀ ਨਹੀਂ ਤਿਆਗੀ ਗਈ ਅਤੇ ਜਦੋਂ ਵੀ ਵਿਹਲ ਮਿਲਦੀ ਉਹ ਝੁੱਗੀ ਵਿੱਚ ਬੈਠਾ ਗਾਉਣ ਲੱਗ ਜਾਂਦਾ।

ਇੱਕ ਦਿਨ ਸ੍ਰੀ ਦਰਦੀ ਦੇ ਪੁੱਤਰ ਨੂੰ ਲਾਲ ਚੰਦ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਬਹੁਤ ਖੁਸ਼ ਹੋਇਆ ਤੇ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਆਪਣਾ ਮਾਲੀ ਬਹੁਤ ਵਧੀਆ ਗਾਉਂਦਾ ਹੈ। ਸ੍ਰੀ ਦਰਦੀ ਨੇ ਜਦ ਉਸਦੀ ਅਵਾਜ਼ ਸੁਣੀ ਤਾਂ ਉਹ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਦੂਜੇ ਦਿਨ ਹੀ ਲੁਧਿਆਣਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪ੍ਰੋਗਰਾਮ ਤੇ ਉਹ ਲਾਲ ਚੰਦ ਨੂੰ ਲੈ ਕੇ ਪਹੁੰਚ ਗਿਆ ਅਤੇ ਉੱਥੇ ਉਸਨੇ ਸਟੇਜ਼ ਤੋਂ ਸਮਾਂ ਦਿਵਾਇਆ ਤਾਂ ਲਾਲ ਚੰਦ ਨੇ ਲੋਕ ਗਾਥਾ ‘ਸੱਸੀ’ ਗਾਈ, ਜਿਸਨੂੰ ਲੋਕਾਂ ਨੇ ਬਹੁਤ ਸਲਾਹਿਆ। ਇਸ ਸਮੇਂ ਹੀ ਉਸਦਾ ਸੰਪਰਕ ਪ੍ਰਸਿੱਧ ਕਵੀ ਸ੍ਰੀ ਸੁੰਦਰ ਦਾਸ ਆਸੀ ਨਾਲ ਹੋ ਗਿਆ, ਜਿਸ ਕੋਲ ਨੌਜਵਾਨ ਕਵਿਤਾ ਲਿਖਣੀ ਸਿੱਖਣ ਲਈ ਆਉਂਦੇ ਸਨ। ਲਾਲ ਚੰਦ ਵੀ ਉਸ ਕੋਲ ਜਾਣ ਲੱਗਾ, ਬਾਕੀ ਸਾਰੇ ਸਿਖਾਂਦਰੂ ਲਿਖਦੇ ਰਹਿੰਦੇ ਪਰ ਲਾਲ ਚੰਦ ਅਨਪੜ੍ਹ ਹੋਣ ਕਾਰਨ ਯਾਦ ਕਰਨ ਤੇ ਹੀ ਜੋਰ ਦਿੰਦਾ। ਇੱਕ ਦਿਨ ਸ੍ਰੀ ਆਸੀ ਨੇ ਲਾਲ ਚੰਦ ਨੂੰ ਛੇੜਦੇ ਹੋਏ ਕਿਹਾ, ”ਤੂੰ ਵੀ ਯਮ੍ਹਲਾ ਹੀ ਹੈਂ ਯਮ੍ਹਲਾ ਜੱਟ”, ਇਸਤੋ ਬਾਅਦ ਉਹ ਲਾਲ ਚੰਦ ਤੋਂ ਯਮ੍ਹਲਾ ਜੱਟ ਹੀ ਬਣ ਗਿਆ ਤੇ ਗਾਇਕੀ ਨੂੰ ਸਮਰਪਿਤ ਹੋ ਕੇ ਮਿਹਨਤ ਕਰਨ ਲੱਗਾ। ਉਸਦੀ ਮਿਹਨਤ ਨੂੰ ਫ਼ਲ ਲੱਗਾ ਤੇ ਛੇਤੀ ਹੀ ਉਹ ਮੋਹਰੀ ਗਾਇਕਾਂ ਵਿੱਚ ਸਾਮਲ ਹੋ ਗਿਆ। ਸਾਲ 1952 ਵਿੱਚ ਉਹਨਾਂ ਦਾ ਸਭ ਤੋਂ ਪਹਿਲਾ ਗੀਤ ਐੱਚ ਐੱਮ ਵੀ ਕੰਪਨੀ ਨੇ ਰਿਕਾਰਡ ਕੀਤਾ। ਬਹੁਤੇ ਗੀਤ ਉਹਨਾਂ ਇਕੱਲਿਆਂ ਹੀ ਗਾਏ ਪਰੰਤੂ ਕੁਝ ਦੋਗਾਣੇ ਵੀ ਉਹਨਾਂ ਸੰਗੀਤ ਪ੍ਰੇਮੀਆਂ ਦੇ ਰੂਬਰੂ ਕੀਤੇ।

ਯਮ੍ਹਲਾ ਜੱਟ ਨੂੰ ਸਰੋਤੇ ਇੱਕ ਦਰਵੇਸ ਗਾਇਕ ਹੀ ਮੰਨਦੇ ਰਹੇ ਹਨ, ਉਹਨਾਂ ਦੇ ਗਾਏ ਧਾਰਮਿਕ ਗੀਤ, ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਜੱਗ ਦਿਆ ਚਾਣਨਾ, ਮਾਂ ਦੀਆਂ ਅਸੀਸਾਂ, ਮੁੱਖ ਤੇਰਾ ਚੰਨ ਵਰਗਾ, ਸਖੀਆ ਨਾਮ ਸਾਈਂ ਦਾ ਬੋਲ ਆਦਿ ਬਹੁਤ ਮਕਬੂਲ ਹੋਏ। ਧਾਰਮਿਕ ਵਿਸ਼ੇ ਤੋਂ ਹਟ ਕੇ ਉਹਨਾਂ ਦੇ ਗਾਏ ਗੀਤ ਵੀ ਨਸੀਅਤ ਭਰਪੂਰ ਸਨ, ਜਿਵੇਂ ਕਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਅੱਲ੍ਹੜਪੁਣੇ ਵਿੱਚ ਲਾਈਆਂ ਤੋੜ ਨਿਭਾਵੀਂ ਵੇ, ਆਦਿ। ਲੋਕ ਗਾਥਾਵਾਂ ਦੁੱਲਾ ਭੱਟੀ, ਸ਼ਾਹਣੀ ਕੌਲਾਂ, ਪੂਰਨ ਭਗਤ, ਹੀਰ ਰਾਂਝਾ ਵੀ ਯਮ੍ਹਲਾ ਜੀ ਨੇ ਆਪਣੀ ਸ਼ੈਲੀ ਵਿੱਚ ਸਰੋਤਿਆਂ ਦੇ ਰੂਬਰੂ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਮਹਿੰਦਰਜੀਤ ਕੌਰ ਸੇਖੋਂ ਨਾਲ ਦੋਗਾਣੇ ਵੀ ਗਾਏ ਜੋ ਰਿਕਾਰਡ ਹੋਏ ਜਿਵੇਂ, ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਦੋਤਾਰਾ ਵਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਆਦਿ। ਕੁਝ ਗੀਤਾਂ ਵਿੱਚ ਨੌਜਵਾਨਾਂ ਦਾ ਮਨੋਰੰਜਨ ਪੂਰਾ ਕਰਨ ਲਈ ਕੁਝ ਹਲਕੀ ਫੁਲਕੀ ਠਰਕੀ ਸ਼ਬਦਾਵਲੀ ਵੀ ਮਿਲਦੀ ਹੈ, ਜੋ ਅੱਜ ਦੇ ਗੀਤਾਂ ਵਾਂਗ ਚੁਭਦੀ ਨਹੀਂ ਜਿਵੇਂ, ਮੰਗ ਸਾਂ ਮੈਂ ਤੇਰੀ ਹਾਣੀਆਂ ਬੇਈਮਾਨ ਮੁਕਰ ਗੇ ਮਾਪੇ, ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਐ।

ਯਮ੍ਹਲਾ ਜੀ ਨੇ ਹਰ ਤਰ੍ਹਾਂ ਦੇ ਗੀਤ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਦਿੱਤੇ, ਜੋ ਅੱਜ ਵੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਸੱਭਿਆਚਾਰ ਪ੍ਰਤੀ ਦੇਣ ਨੂੰ ਮੁੱਖ ਰਖਦਿਆਂ 1956 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਨੈਸ਼ਨਲ ਅਕੈਡਮੀ ਵੱਲੋਂ ਉਹਨਾਂ ਦਾ 1989 ਵਿੱਚ ਐਵਾਰਡ ਦੇ ਕੇ ਮਾਣ ਸਨਮਾਨ ਕੀਤਾ ਗਿਆ ਸੀ। ਇਸਤੋਂ ਇਲਾਵਾ ਪੰਜਾਬ ਦੀਆਂ ਸਮਾਜਿਕ ਧਾਰਮਿਕ ਤੇ ਸੱਭਿਆਚਾਰਕ ਜਥੇਬੰਦੀਆਂ ਵੱਲੋਂ ਤਾਂ ਉਹਨਾਂ ਨੂੰ ਹਜ਼ਾਰਾਂ ਵਾਰ ਸਨਮਾਨਿਆ ਗਿਆ। ਆਖ਼ਰ! ਘਰ ਵਿੱਚ ਹੀ ਤਿਲਕ ਕੇ ਡਿੱਗਣ ਕਾਰਨ ਵੱਜੀ ਸੱਟ ਲਾਲ ਚੰਦ ਯਮ੍ਹਲਾ ਜੱਟ ਦੀ ਮੌਤ ਦਾ ਕਾਰਨ ਬਣੀ, ਉਹ 20 ਦਸੰਬਰ 1991 ਨੂੰ ਲੁਧਿਆਣਾ ਵਿਖੇ ਆਪਣੇ ਸਰੋਤਿਆਂ ਨੂੰ ਸਦਾ ਲਈ ਵਿਛੋੜਾ ਦੇ ਗਏ। ਜਿਹਨਾਂ ਲੋਕਾਂ ਨੇ ਯਮ੍ਹਲਾ ਜੀ ਨੂੰ ਅੱਖੀਂ ਵੇਖਿਆ ਤੇ ਸੁਣਿਆਂ ਉਹਨਾਂ ਦੇ ਦਿਲਾਂ ਵਿੱਚ ਇਸ ਮਹਾਨ ਗਾਇਕ ਪ੍ਰਤੀ ਪੂਰੀ ਸਰਧਾ ਅਤੇ ਮਾਣ ਸਨਮਾਨ ਹੈ ਹੀ, ਪਰ ਉਹਨਾਂ ਦੇ ਸੰਸਾਰ ਤੋਂ ਚਲੇ ਜਾਣ ਉਪਰੰਤ ਪੈਦਾ ਹੋਏ ਨੌਜਵਾਨ ਵੀ ਉਹਨਾਂ ਦੇ ਗੀਤ ਬਹੁਤ ਮਾਣ ਨਾਲ ਸੁਣਦੇ ਹਨ। ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਗਾਇਕੀ ਤਾਰੇ ਵਾਂਗ ਚਮਕਦੀ ਰਹੇਗੀ।

ਯਮ੍ਹਲਾ ਜੀ ਦੇ ਪੁੱਤਰਾਂ ਕਰਤਾਰ ਚੰਦ, ਜਸਵਿੰਦਰ ਯਮ੍ਹਲਾ, ਜਸਦੇਵ ਯਮ੍ਹਲਾ, ਜਗਦੀਸ਼ ਯਮ੍ਹਲਾ ਤੇ ਜਗਵਿੰਦਰ ਕੁਮਾਰ ਅਤੇ ਦੋ ਪੁੱਤਰੀਆਂ ਸੰਤੋਸ ਰਾਣੀ ਤੇ ਸਰੂਪ ਰਾਣੀ ਸਨ, ਜਿਹਨਾਂ ਵਿੱਚੋਂ ਇੱਕ ਪੁੱਤਰ ਜਸਦੇਵ ਯਮਲਾ ਨੇ ਵੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਹੁਣ ਉਹਨਾਂ ਦਾ ਇੱਕ ਪੋਤਰਾ ਸੁਰੇਸ ਯਮ੍ਹਲਾ ਵੀ ਪੰਜਾਬੀ ਸੱਭਿਆਚਾਰ ਦੀ ਸੇਵਾ ਨੂੰ ਜਾਰੀ ਰੱਖ ਰਿਹਾ ਹੈ। ਇਸਤੋਂ ਸਪਸ਼ਟ ਹੈ ਯਮ੍ਹਲਾ ਜੀ ਦੇ ਵਾਰਸ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਉਹਨਾਂ ਵੱਲੋਂ ਪਾਈ ਪਿਰਤ ਨੂੰ ਅੱਗੇ ਤੋਰ ਕੇ ਪੰਜਾਬੀਅਤ ਦੀ ਸੇਵਾ ਕਰਨ ਲਈ ਯਤਨਸ਼ੀਲ ਹਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×