ਕੋਵਿਡ-19 ਮਹਾਂਮਾਰੀ ਦੌਰਾਨ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਕੁੱਝ ਧਿਆਨ ਰੱਖਣਯੋਗ ਗੱਲਾਂ

ਫਰੀਦਕੋਟ 12 ਮਈ– ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਘਰਾਂ/ਦਫ਼ਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸ.ਐਮ.ਓ ਪੀ.ਐਚ.ਸੀ ਜੰਡ ਸਾਹਿਬ ਡਾ.ਰਜੀਵ ਭੰਡਾਰੀ ਅਤੇ ਮਾਸ ਮੀਡੀਆ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚੱਲਦੇ ਏਅਰ ਕੰਡੀਸ਼ਨਰਾਂ / ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸੰਬੰਧੀ ਕੁਝ ਪੱਖ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਏਅਰ ਕੰਡੀਸ਼ਨਰ ਇੱਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ (ਰੀ-ਸਰਕੁਲੇਟ) ਦੁਬਾਰਾ ਠੰਡਾ ਕਰਨ ਦੇ ਨਿਯਮ ਤੇ ਕੰਮ ਕਰਦਾ ਹੈ ਅਤੇ ਮੌਜੂਦਾ ਕੋਵਿਡ-19 ਦੀ ਸਥਿਤੀ ਵਿੱਚ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਸ਼ਾਪਿੰਗ ਮਾਲ, ਦਫ਼ਤਰ, ਹਸਪਤਾਲ ਆਦਿ ਵਿਚ ਵਰਤੋਂ ਦੇ ਨਾਲ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ। ਉਨਾਂ ਦੱਸਿਆ ਕਿ ਇਸ ਦੇ ਚੱਲਦੇ ਸੂਬੇ ਵੱਲੋਂ ਅਜਿਹੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਏਅਰ ਕੰਡੀਸ਼ਨਰ / ਕੂਲਰਾਂ ਦੀ ਵੱਖ-ਵੱਖ ਥਾਵਾਂ ‘ਤੇ ਵਰਤੋਂ ਸੰਬੰਧੀ ਨਿਰਦੇਸ਼ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ ਤੇ ਏਸੀ ਦੀ ਵਰਤੋਂ ਕਰਨ ਸੰਬੰਧੀ ਜ਼ਰੂਰੀ ਸਲਾਹਾਂ / ਦਿਸ਼ਾ ਨਿਰਦੇਸ਼ ਤਹਿਤ ਘਰੇਲੂ ਥਾਵਾਂ ਵਿੱਚ ਏਅਰ ਕੰਡੀਸ਼ਨਰ ਦੁਆਰਾ ਕਮਰੇ ਵਿੱਚ ਵਾਰ-ਵਾਰ ਘੁੰਮਣ ਵਾਲੀ ਹਵਾ ਵਿੱਚ ਬਾਹਰੀ ਤਾਜ਼ੀ ਹਵਾ ਦਾ ਮੇਲ ਜ਼ਰੂਰੀ ਹੈ, ਜਿਸ ਲਈ ਖਿੜਕੀ ਨੂੰ ਥੋੜਾ ਜਿਹਾ ਖੋਲ ਕੇ ਰੱਖਿਆ ਜਾ ਸਕਦਾ ਹੈ ਤਾਂ ਜੋ ਕੁਦਰਤੀ ਹਵਾ ਕਮਰੇ ਵਿੱਚ ਦਾਖਿਲ ਹੋ ਸਕੇ ਅਤੇ ਬੰਦ ਹਵਾ ਨੂੰ ਬਾਹਰ ਜਾਣ ਦਾ ਰਸਤਾ ਮਿਲ ਪਾਵੇ। ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਵਿੱਚ ਸੈੱਟ ਕੀਤਾ ਜਾਵੇ ਅਤੇ ਨਮੀਂ (ਹਿਊਮੀਡਿਟੀ) ਨੂੰ 40 ਤੋਂ 70 ਪ੍ਰਤੀਸ਼ਤ ਵਿੱਚ ਰੱਖੀ ਜਾਵੇ। ਏਅਰ ਕੰਡੀਸ਼ਨਰ ਦੀ ਸਮੇਂ-ਸਮੇਂ ਤੇ ਸਰਵਿਸ ਕਰਵਾਈ ਜਾਵੇ ਤਾਂ ਜੋ ਫਿਲਟਰ ਸਾਫ਼ ਰਹਿਣ। ਜ਼ਿਆਦਾ ਲੋਕਾਂ ਵਾਲੇ ਕਮਰੇ ਵਿੱਚ ਹਵਾ ਬਾਹਰ ਕੱਢਣ ਵਾਲਾ ਪੱਖਾ (ਐਗਜ਼ਾਸਟਫੈਨ) ਲਗਾਇਆ ਜਾ ਸਕਦਾ ਹੈ, ਜਿਸ ਨਾਲ ਕਮਰੇ ਵਿੱਚ ਨੈਗੇਟਿਵ ਪ੍ਰੈਸ਼ਰ ਬਣੇ ਅਤੇ ਕਮਰੇ ਵਿੱਚ ਘੁੰਮ ਰਹੀ ਹਵਾ ਨੂੰ ਸਮੇਂ-ਸਮੇਂ ਤੇ ਬਾਹਰ ਕੱਢਿਆ ਜਾਵੇ। ਅਵੈਪੋਰੇਟਿਵ/ਡੈਜ਼ਰਟ ਏਅਰ ਕੂਲਰ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਧੂੜ-ਮਿੱਟੀ ਨੂੰ ਅੰਦਰ ਨਾ ਆਉਣ ਦਿਤਾ ਜਾਵੇ ਅਤੇ ਸਾਫ਼-ਸਫ਼ਾਈ (ਹਾਈਜੀਨ) ਰਖੀ ਜਾਵੇ। ਅਵੈਪੋਰੇਟਿਵ ਕੂਲਰਾਂ ਦੇ ਟੈਂਕਾਂ ਨੂੰ ਸਾਫ਼ ਤੇ ਰੋਗਾਣੂ ਮੁਕਤ ਕਰਨਾ ਜ਼ਰੂਰੀ ਹੈ ਅਤੇ ਸਮੇਂ-ਸਮੇਂ ਤੇ ਪਾਣੀ ਨੂੰ ਤਾਜ਼ਾ ਪਾਣੀ ਭਰ ਕੇ ਬਦਲਿਆ ਜਾਵੇ। ਇਸ ਦੇ ਪਾਣੀ ਵਾਲੇ ਟੈਂਕ ਨੂੰ ਖਾਲੀ ਕਰਕੇ ਕਿਸੇ ਸਾਫ਼ ਕੱਪੜੇ, ਸਪੰਜ ਅਤੇ ਗਰਮ ਪਾਣੀ ਨਾਲ ਸਾਫ਼ ਕੀਤਾ ਜਾਵੇ ਤਾਂ ਜੋ ਪਿਛਲੀ ਸਫ਼ਾਈ ਦੇ ਸਮੇਂ ਤੋਂ ਬਾਅਦ ਜਮਾਂ ਹੋਈ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ। ਇਸਤੋਂ ਇਲਾਵਾ ਟੈਂਕ ਨੂੰ ਹਲਕੇ ਸਾਬਣ ਵਾਲੇ ਪਾਣੀ ਦਾ ਇਸਤੇਮਾਲ ਕਰਨ ਉਪਰੰਤ ਸਾਫ਼ ਤਾਜ਼ੇ ਪਾਣੀ ਨਾਲ ਧੋਇਆ ਜਾ ਸਕਦਾ ਹੈ। ਸਹੀ ਵੈਂਟੀਲੇਸ਼ਨ ਲਈ ਅਵੈਪੋਰੇਟਿਵ ਕੂਲਰ ਵਿੱਚ ਬਾਹਰ ਦੀ ਤਾਜ਼ਾ ਹਵਾ ਆਉਣਾ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੱਖਿਆਂ ਨੂੰ ਚਲਾਉਣ ਸਮੇਂ ਵੀ ਖਿੜਕੀਆਂ ਨੂੰ ਥੋੜਾ ਜਿਹਾ ਖੋਲ ਕੇ ਰੱਖਿਆ ਜਾਵੇ। ਜੇਕਰ ਨਜ਼ਦੀਕ ਹੀ ਕੋਈ ਐਗਜ਼ਾਸਟ ਫੈਨ ਲੱਗਿਆ ਹੈ ਤਾਂ ਉਸਨੂੰ ਚੱਲਦਾ ਰੱਖੋ ਤਾਂ ਜੋ ਹਵਾ ਦਾ ਬਿਹਤਰ ਵਹਾਅ ਹੋ ਸਕੇ। ਉਨਾਂ ਕਿਹਾ ਕਿ ਵਪਾਰਿਕ ਤੇ ਉਦਯੋਗਿਕ ਥਾਵਾਂ ਵਿਖੇ ਹਵਾ ਵਿੱਚ ਫ਼ੈਲਾਅ ਨੂੰ ਘੱਟੋ-ਘੱਟ ਰੱਖਣ ਲਈ ਜ਼ਰੂਰੀ ਹੈ ਕਿ ਅੰਦਰੂਨੀ ਵਾਤਾਵਰਣ ਵਿੱਚ ਵੱਧ ਤੋਂ ਵੱਧ ਬਾਹਰੀ ਹਵਾ ਆਏ। ਸਿਰਫ਼ ਖਿੜਕੀਆਂ ਖੋਲਣ ਦੀ ਜਗ੍ਹਾ ‘ਤੇ ਜੇਕਰ ਵੈਂਟੀਲੇਸ਼ਨ ਵਾਲਾ ਮਕੈਨੀਕਲ ਵੈਂਟੀਲੇਸ਼ਨ ਸਿਸਟਮਜ਼ ਅਤੇ ਏਅਰ ਕੰਡੀਸ਼ਨਿੰਗ ਸਿਸਟਮਜ਼ ਹੋਵੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਬਾਹਰੀ ਹਵਾ ਨੂੰ ਫਿਲਟਰ ਕਰਕੇ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ। ਜੇਕਰ ਤਾਜ਼ੀ ਹਵਾ ਉਪਲਬੱਧ ਨਾ ਹੋ ਰਹੀ ਹੋਵੇ ਤਾਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤਾਜ਼ੀ ਹਵਾ ਲਈ ਸੈਂਟਰਲ ਇਨਲਾਈਨ ਫੈਨ ਫਿਲਟਰ ਯੂਨਿਟ ਨਾਲ ਇੱਕ ਏਅਰ ਡਕਟ (ਹਵਾ ਵਾਲੀ ਪਾਈਪ) ਜੋੜ ਦਿੱਤੀ ਜਾਵੇ ਅਤੇ ਜੇਕਰ ਮਲਟੀਪਲ ਕੈਸੇਟ ਜਾਂ ਮਲਟੀਪਲ ਹਾਈ ਵਾਲ ਯੂਨਿਟ ਹੋਣ ਤਾਂ ਤਾਜ਼ੀ ਹਵਾ ਨੂੰ ਗਰਿਲਾਂ ਰਾਹੀਂ ਅੰਦਰੂਨੀ ਖੇਤਰ ਵਿੱਚ ਜਾਂ ਉਸਦੇ ਨਜ਼ਦੀਕ ਪਹੁੰਚਾਇਆ ਜਾ ਸਕਦਾ ਹੈ। ਜਿਹੜੀਆਂ ਇਮਾਰਤਾਂ ਵਿੱਚ ਮਕੈਨੀਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ। ਉਨਾਂ ਵਿੱਚ ਖੁੱਲਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਖ਼ਾਸ ਤੌਰ ਤੇ ਕੋਵਿਡ-19 ਵਾਰਡਾਂ ਜਾਂ ਆਈਸੋਲੇਸ਼ਨ ਸੈਂਟਰਾਂ ਵਿੱਚ ਸੰਕਰਮਣ ਫ਼ੈਲਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਇਨਾਂ ਖੇਤਰਾਂ ਵਿੱਚ ਬਾਕੀ ਸਾਰੇ ਹਸਪਤਾਲ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹ ਕੁਝ ਥਾਵਾਂ ਜਿਥੇ ਵੱਖਰੀ ਏਅਰ ਕੰਡੀਸ਼ਨਿੰਗ ਨਹੀਂ ਕੀਤੀ ਜਾ ਸਕਦੀ। ਉਥੇ ਇਕੱਠੀ ਹੋਈ ਬਾਹਰ ਜਾਣ ਵਾਲੀ ਹਵਾ ਵਿੱਚ ਸੰਕ੍ਰਮਿਤ ਰੋਗਾਣੂ ਹੋਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਇਸ ਲਈ ਉਪਯੁਕਤ ਤਕਨੀਕ ਦੀ ਵਰਤੋਂ ਕਰਕੇ ਸੰਕ੍ਰਮਣ ਨੂੰ ਫੈਲਣ ਦੇ ਖ਼ਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਕੋਵਿਡ-19 ਪ੍ਰਭਾਵਿਤ ਮਰੀਜ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟਰੀਟਮੈਂਟ, ਹੈਪਾ-ਫਿਲਟਰੇਸ਼ਨ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬਲਿੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨਸ ਦੀ ਵਰਤੋਂ ਕੀਤੀ ਜਾਵੇ। ਡਾ.ਰਜਿੰਦਰ ਨੇ ਦੱਸਿਆ ਕਿ ਐਗਜ਼ਾਸਟ ਸਿਸਟਮ ਵਿੱਚ ਐਕਟਿਵ ਵਾਇਰਲ ਪਾਰਟੀਕਲ ਮੌਜੂਦ ਹੋਣ ਦੀ ਸੰਭਾਵਨਾ ਦੇ ਚੱਲਦੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਐਗਜ਼ਾਸਟ ਸਿਸਟਮ ਦੀ ਮੈਂਟੀਨੈਂਸ ਦੇ ਸਮੇਂ ਉਪਯੁਕਤ ਨਿੱਜੀ ਅਤੇ ਵਾਤਾਵਰਣ ਸੁਰੱਖਿਆ ਨਿਯਮਾਵਲੀ ਦੀ ਪਾਲਣਾ ਕੀਤੀ ਜਾਵੇ। ਕੋਵਿਡ-19 ਦੇ ਕਣਾਂ ਤੋਂ ਬਚਾਅ ਲਈ ਸੀਮਿਤ ਸਰੋਤਾਂ ਵਾਲੇ ਸਥਾਨਾਂ ਤੇ ਆਈਸੋਲੇਸ਼ਨ ਲਈ ਕੁਝ ਅਸਥਾਈ ਦੀਵਾਰਾਂ ਬਣਾ ਕੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਅਸਥਾਈ ਢਾਂਚੇ ਵਾਲੇ ਟੈਂਟ ਜਾਂ ਕਿਊਬੀਕਲ (ਪਲਾਸਟਿਕ ਜਾਂ ਧਾਤੂ) ਨੂੰ ਪਲਾਸਟਿਕ ਸ਼ੀਟ ਜਾਂ ਕੈਨਵਸ ਕਵਰ ਦਾ ਇਸਤੇਮਾਲ ਕਰਕੇ ਬਣਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗੇਟਿਵ ਜਾਂ ਨਿਉਟ੍ਰਲ ਪ੍ਰੈਸ਼ਰ ਤੇ ਮੈਂਟੇਨ ਹੋਣੇ ਚਾਹੀਦੇ ਹਨ। ਜਦੋਂ ਮਕੈਨੀਕਲ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਇੱਕ ਵਾਰ ਵਰਤੋਂ ਵਾਲਾ ਹੋਣਾ ਚਾਹੀਦਾ ਹੈ, ਜੋ ਕਿ ਸਾਫ਼ ਤੋਂ ਗੰਦੀ (ਮਰੀਜਾਂ ਵੱਲ ਸਾਫ਼ ਅਤੇ ਐਗਜ਼ਾਸਟ ਵੱਲ ਗੰਦੀ ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ ਵਿੱਚ ਲਿਆਂਦਾ ਜਾਵੇ। ਯੂਨਿਟਾਂ ਦਾ ਬਚਾਅ ਮੈਨੂਫੈਕਚਰਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਜਾਵੇ। ਜਿਸ ਵਿੱਚ ਡਿਸਇਨਫੈਕਸ਼ਨ ਅਤੇ ਸਫ਼ਾਈ ਦਾ ਹਦਾਇਤਾਂ ਅਨੁਸਾਰ ਧਿਆਨ ਰੱਖਿਆ ਜਾਵੇ। ਉਨ੍ਹਾਂ ਫੀਲਡ ਸਟਾਫ ਨੂੰ ਇਹਨਾਂ ਅਡਵਾਇਜ਼ੀਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ।

Install Punjabi Akhbar App

Install
×