ਲੱਗਦਾ ਹੈ ਕਿ ਯੂਕਰੇਨ ਵਾਂਗ ਅਮਰੀਕਾ -ਤਾਇਵਾਨ ਨੂੰ ਵੀ ਫਸਾਏਗਾ ਜੰਗ ਵਿੱਚ

ਚੀਨ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪਲੋਸੀ ਨੇ ਤਾਇਵਾਨ ਦਾ ਮਿਤੀ 2 ਤੋਂ 4 ਅਗਸਤ ਤੱਕ ਦਾ ਦੋ ਦਿਨਾਂ ਵਿਵਾਦਤ ਦੌਰਾ ਕੀਤਾ ਹੈ। ਤਾਇਵਾਨ ਨੂੰ ਹੜੱਪਣ ਦਾ ਬਹਾਨਾ ਭਾਲ ਰਹੇ ਚੀਨ ਨੇ ਦੌਰਾ ਖਤਮ ਹੁੰਦੇ ਸਾਰ ਉਸ ਦੇ ਨਜ਼ਦੀਕ ਜੰਗਾਂ ਮਸ਼ਕਾਂ (4 ਤੋਂ 7 ਅਗਸਤ) ਸ਼ੁਰੂ ਕਰ ਦਿੱਤੀਆਂ ਤੇ ਦਰਜ਼ਨਾਂ ਤਬਾਹਕੁੰਨ ਸਮੁੰਦਰੀ ਜਹਾਜ਼ਾਂ ਨਾਲ ਤਾਇਵਾਨ ਨੂੰ ਇੱਕ ਤਰਾਂ ਸਾਰੇ ਪਾਸੇ ਤੋਂ ਘੇਰ ਲਿਆ। ਐਤਵਾਰ ਨੂੰ ਜੰਗੀ ਮਸ਼ਕਾਂ ਖਤਮ ਹੋਣ ਤੋਂ ਬਾਅਦ ਚੀਨ ਨੇ ਨਵਾਂ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਅਮਰੀਕਾ ਦੇ ਮਿੱਤਰ ਦੱਖਣੀ ਕੋਰੀਆ ਦੇ ਨਜ਼ਦੀਕ ਯੈਲੋ ਅਤੇ ਬਹਾਈ ਸਾਗਰ ਵਿੱਚ ਜੰਗੀ ਮਸ਼ਕਾਂ ਕਰੇਗਾ। ਇਹ ਇੱਕ ਤਰਾਂ ਅਮਰੀਕਾ ਨੂੰ ਖੁਲ੍ਹੀ ਚਣੌਤੀ ਹੈ। ਰੂਸ ਦੇ ਯੂਕਰੇਨ ‘ਤੇ ਕੀਤੇ ਹਮਲੇ ਤੋਂ ਚੀਨ ਨੂੰ ਭਾਰੀ ਉਤਸ਼ਾਹ ਮਿਲਿਆ ਹੈ। ਯੂਕਰੇਨ ਨੇ ਅਮਰੀਕਾ ਦੇ ਇਸ ਵਾਅਦੇ ਕਾਰਨ ਰੂਸ ਨਾਲ ਜੰਗ ਜਾਰੀ ਰੱਖੀ ਸੀ ਕਿ ਉਸ ਨੂੰ ਨਾਟੋ ਦਾ ਮੈਂਬਰ ਬਣਾ ਲਿਆ ਜਾਵੇਗਾ ਤੇ ਹਥਿਆਰਾਂ ਦੀ ਖੁਲ੍ਹੀ ਸਪਲਾਈ ਕੀਤੀ ਜਾਵੇਗੀ। ਪਰ ਹੁਣ ਤੱਕ ਯੂਕਰੇਨ ਨੂੰ ਨਾ ਤਾਂ ਯੂਰਪੀਨ ਯੂਨੀਅਨ ਅਤੇ ਨਾਟੋ ਦੀ ਮੈਂਬਰਸ਼ਿੱਪ ਮਿਲੀ ਹੈ ਤੇ ਨਾ ਹੀ ਰੂਸ ਦੇ ਅੰਦਰੂਨੀ ਖੇਤਰ ਨੂੰ ਨਿਸ਼ਾਨਾ ਬਣਾ ਸਕਣ ਵਾਲੀਆਂ ਦੂਰ ਮਾਰ ਮਿਜ਼ਾਈਲਾਂ। ਅਮਰੀਕਾ ਨੂੰ ਪਤਾ ਹੈ ਕਿ ਜੇ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿੱਪ ਦੇ ਦਿੱਤੀ ਤਾਂ ਉਸ ਨੂੰ ਯੁੱਧ ਵਿੱਚ ਸ਼ਾਮਲ ਹੋਣਾ ਪਵੇਗਾ ਕਿਉਂਕਿ ਇੱਕ ਨਾਟੋ ਮੈਂਬਰ ‘ਤੇ ਹੋਇਆ ਹਮਲਾ ਸਾਰੇ ਨਾਟੋ ਸੰਗਠਨ ‘ਤੇ ਸਮਝਿਆ ਜਾਂਦਾ ਹੈ।
ਪੈਲੋਸੀ ਦੇ ਦੌਰੇ ਨੇ ਤਾਇਵਾਨ ਨੂੰ ਕੋਈ ਫਾਇਦਾ ਦੇਣ ਦੀ ਬਜਾਏ ਉਲਟਾ ਹੋਰ ਮੁਸੀਬਤ ਵਿੱਚ ਫਸਾ ਦਿੱਤਾ ਹੈ। ਅਸਲ ਵਿੱਚ ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਅਤੇ ਜਰਮਨੀ ਸਮੇਤ ਜਿਆਦਾਤਰ ਦੇਸ਼ ਤਾਇਵਾਨ ਨੂੰ ਅਜ਼ਾਦ ਦੇਸ਼ ਦੀ ਬਜਾਏ ਚੀਨ ਦਾ ਹਿੱਸਾ ਮੰਨਦੇ ਹਨ, ਜਿਸ ਕਾਰਨ ਅਜੇ ਤੱਕ ਤਾਇਵਾਨ ਨੂੰ ਯੂ.ਐਨ.ਉ. ਦੀ ਮੈਂਬਰਸ਼ਿੱਪ ਨਹੀਂ ਮਿਲ ਸਕੀ। 1971 ਵਿੱਚ ਸਰਬ ਸੰਮਤੀ ਨਾਲ ਪਾਸ ਹੋਏ ਇੱਕ ਮਤੇ ਰਾਹੀਂ ਜਨਰਲ ਕੌਂਸਲ ਨੇ ਤਾਇਵਾਨ ਦੀ ਯੂ.ਐਨ.ਉ. ਮੈਂਬਰਸ਼ਿੱਪ ਖਤਮ ਕਰ ਕੇ ਚੀਨ ਨੂੰ ਦੇ ਦਿੱਤੀ ਸੀ ਤੇ ਉਸ ਨੂੰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਵੀ ਬਣਾ ਦਿੱਤਾ ਸੀ। ਜਿਸ ਵੀ ਦੇਸ਼ ਦੇ ਤਾਇਵਾਨ ਨਾਲ ਕੂਟਨੀਕਤ ਸਬੰਧ ਹਨ, ਚੀਨ ਉਸ ਦਾ ਆਰਥਿਕ ਅਤੇ ਕੂਟਨੀਤਕ ਬਾਇਕਾਟ ਕਰ ਦਿੰਦਾ ਹੈ। ਇਸੇ ਕਾਰਨ 193 ਯੂ.ਐਨ.ਉ. ਮੈਂਬਰ ਦੇਸ਼ਾਂ ਵਿੱਚੋਂ ਤਾਇਵਾਨ ਦੇ ਸਿਰਫ 13 ਛੋਟੇ ਮੋਟੇ ਦੇਸ਼ਾਂ ਨਾਲ ਕੂਟਨੀਤਕ ਸਬੰਧ ਹਨ। ਇਥੋਂ ਤੱਕ ਕਿ ਅਮਰੀਕਾ ਅਤੇ ਤਾਇਵਾਨ ਦੇ ਵੀ ਆਪਸੀ ਕੂਟਨੀਤਕ ਸਬੰਧ ਨਹੀਂ ਹਨ। ਪੈਲੋਸੀ ਦੇ ਦੌਰੇ ਨੇ ਚੀਨ ਨੂੰ ਹਮਲਾਵਰ ਰੁਖ ਅਪਣਾਉਣ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਬਹਾਨਾ ਪ੍ਰਦਾਨ ਕਰ ਦਿੱਤਾ ਹੈ। ਹੁਣ ਉਹ ਵਪਾਰਕ ਅਤੇ ਫੌਜੀ ਗਤੀਵਿਧੀਆਂ ਰਾਹੀਂ ਤਾਇਵਾਨ ਦੀ ਸੰਘੀ ਘੁੱਟੇਗਾ। ਅਮਰੀਕਾ ਤਾਇਵਾਨ ਨੂੰ ਸਿਰਫ ਦੂਰੋਂ ਹੱਲਾਸ਼ੇਰੀ ਦੇਵੇਗਾ ਤੇ ਚੀਨ ਨਾਲ ਕਿਸੇ ਤਰਾਂ ਦੀ ਵੀ ਸਿੱਧੀ ਟੱਕਰ ਲੈਣ ਦੀ ਹਿੰਮਤ ਨਹੀਂ ਕਰੇਗਾ।
1970 ਤੋਂ ਬਾਅਦ ਚੀਨ ਨਾਲ ਆਮ ਵਰਗੇ ਸਬੰਧ ਬਣਾਉਣ ਖਾਤਰ ਅਮਰੀਕਾ ਨੇ ਤਾਇਵਾਨ ਦੀ ਬਜਾਏ ਚੀਨ ਨੂੰ ਕੂਟਨੀਤਕ ਮਾਨਤਾ ਪ੍ਰਦਾਨ ਕੀਤੀ ਸੀ ਅਤੇ ਚੀਨ ਦੇ ਇਸ ਦਾਅਵੇ ਕਿ ਤਾਇਵਾਨ ਉਸ ਦਾ ਅਨਿਖੜਵਾਂ ਅੰਗ ਹੈ, ਨੂੰ ਪ੍ਰਵਾਨ ਕਰਦਿਆਂ ਤਾਇਵਾਨ ਨਾਲ ਆਪਣੇ ਸਬੰਧ ਸੀਮਤ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਚੀਨ ਤੇ ਅਮਰੀਕਾ ਦਰਮਿਆਨ ਵੱਡੀਆਂ ਵਪਾਰਕ ਭਾਈਵਾਲੀਆਂ ਵਿਕਸਤ ਹੋਈਆਂ ਅਤੇ ਸਬੰਧਾਂ ਵਿੱਚ ਨਿੱਘਾਪਣ ਆਇਆ। ਪਰ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਚੀਨ ਦੀਆਂ ਪਸਾਰਵਾਦੀ ਨੀਤੀਆਂ ਵਿੱਚ ਟਕਰਾਉ ਆਉਣ ਕਾਰਨ ਚੀਨ ਰੂਸ ਦੇ ਨਜ਼ਦੀਕ ਚਲਾ ਗਿਆ ਤੇ ਅਮਰੀਕਾ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਜਿੱਥੇ ਚੀਨ ਦਾ ਦੋਸ਼ ਹੈ ਕਿ ਅਮਰੀਕਾ ਤਾਇਵਾਨ ਪ੍ਰਤੀ ਆਪਣੇ ਸਟੈਂਡ ਤੋਂ ਪਿੱਛੇ ਹਟ ਰਿਹਾ ਹੈ, ਉਥੇ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਦੇ ਮੌਜੂਦਾ ਰਾਸ਼ਟਰਪਤੀ ਜ਼ੀ ਜਿੰਨਪਿੰਗ ਦੀਆਂ ਨੀਤੀਆਂ ਤਾਇਵਾਨ ਦੀ ਯਥਾਸਥਿਤੀ ਨੂੰ ਬਦਲ ਰਹੀਆਂ ਹਨ। ਪੈਲੋਸੀ ਦੀ ਤਾਇਵਾਨ ਫੇਰੀ ਨੇ ਸਥਿੱਤੀ ਹੋਰ ਵੀ ਗੁੰਝਲਦਾਰ ਬਣਾ ਦਿੱਤੀ ਹੈ। ਪੈਲੋਸੀ ਦੇ ਦੌਰੇ ਤੋਂ ਫੌਰਨ ਬਾਅਦ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਨਪਿੰਗ ਨੇ ਇੱਕ ਸਖਤ ਬਿਆਨ ਦਿੱਤਾ ਹੈ ਕਿ ਚੀਨ ਅਤੇ ਤਾਇਵਾਨ ਦਾ ਰਲੇਵਾਂ ਅਟੱਲ ਹੈ, ਇਸ ਲਈ ਤਾਕਤ ਦੀ ਵਰਤੋਂ ਕਰਨੀ ਪਈ ਤਾਂ ਜਰੂਰ ਕੀਤੀ ਜਾਵੇਗੀ। ਇਸ ਦੇ ਜਵਾਬ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਮੋੜਵਾਂ ਬਿਆਨ ਦਿੱਤਾ ਕਿ ਤਾਇਵਾਨ ਅਮਰੀਕਾ ਦਾ ਮਿੱਤਰ ਦੇਸ਼ ਹੈ, ਇਸ ਦੀ ਰਾਖੀ ਕਰਨ ਲਈ ਅਮਰੀਕਾ ਹਰ ਪ੍ਰਕਾਰ ਦੀ ਸੈਨਿਕ ਮਦਦ ਦੇਵੇਗਾ।
ਚੀਨ ਅਤੇ ਤਾਇਵਾਨ ਦੇ ਝਗੜੇ ਬਾਰੇ ਜਾਨਣ ਲਈ ਇਤਿਹਾਸ ਵਿੱਚ ਪਿੱਛੇ ਜਾਣ ਦੀ ਜਰੂਰਤ ਹੈ। ਤਾਇਵਾਨ ਚੀਨ ਤੋਂ ਕਰੀਬ 100 ਕਿ.ਮੀ. ਦੂਰ ਦੱਖਣੀ ਚੀਨ ਸਾਗਰ ਵਿੱਚ ਸਥਿੱਤ ਹੈ। ਕੇਰਲਾ ਜਿੱਡੇ ਇਸ ਛੋਟੇ ਜਿਹੇ ਦੇਸ਼ ਦਾ ਕੁੱਲ ਖੇਤਰਫਲ 36197 ਕਿ.ਮੀ. ਤੇ ਅਬਾਦੀ ਕਰੀਬ ਢਾਈ ਕਰੋੜ ਹੈ। ਐਨੀ ਅਬਾਦੀ ਹੋਣ ਦੇ ਕਾਰਨ ਇਹ ਸੰਸਾਰ ਦੇ ਸਭ ਤੋਂ ਵੱਧ ਘਣੀ ਅਬਾਦੀ ਵਾਲੇ ਦੇਸ਼ਾਂ ਵਿੱਚ ਆਉਂਦਾ ਹੈ। ਇਸ ਨੇ ਐਨੀ ਉਦਯੋਗਿਕ ਤਰੱਕੀ ਕੀਤੀ ਹੈ ਕਿ ਇਹ ਸੰਸਾਰ ਦਾ ਵੀਹਵਾਂ ਸੱਭ ਤੋਂ ਅਮੀਰ ਦੇਸ਼ ਹੈ ਤੇ ਇਸ ਦੇ ਨਾਗਰਿਕਾਂ ਨੂੰ ਅਮਰੀਕਾ ਸਮੇਤ ਅਨੇਕਾਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਵਿੱਚ ਬਿਨਾਂ ਵੀਜ਼ਾ ਦਾਖਲ ਹੋਣ ਦੀ ਸਹੂਲਤ ਹੈ। ਸ਼ੁਰੂ ਤੋਂ ਇਹ ਇੱਕ ਅਜ਼ਾਦ ਦੇਸ਼ ਸੀ, ਪਰ 1683 ਈਸਵੀ ਵਿੱਚ ਚੀਨ ਦੇ ਕਵਿੰਗ ਵੰਸ਼ ਦੇ ਬਾਦਸ਼ਾਹ ਕਾਂਜ਼ੀ ਨੇ ਇਸ ਨੂੂੰ ਆਪਣੇ ਕਬਜ਼ੇ ਹੇਠ ਕਰ ਲਿਆ। ਪਰ ਪਹਿਲੇ ਚੀਨ ਜਪਾਨ ਯੁੱਧ ਵਿੱਚ ਹਾਰ ਜਾਣ ਤੋਂ ਬਾਅਦ ਹੋਈ ਇੱਕ ਸੰਧੀ ਕਾਰਨ ਬਾਦਸ਼ਾਹ ਗੁਆਂਗਜ਼ੂ ਨੇ 1895 ਵਿੱਚ ਇਸ ‘ਤੇ ਜਪਾਨ ਦਾ ਅਧਿਕਾਰ ਮੰਨ ਲਿਆ।
1911 ਵਿੱਚ ਚੀਨ ਵਿੱਚ ਚਿਆਂਗ ਕਾਈ ਸ਼ੇਕ ਦੀ ਅਗਵਾਈ ਹੇਠ ਬਗਾਵਤ ਹੋ ਗਈ ਤੇ ਕਵਿੰਗ ਵੰਸ਼ ਦੇ ਆਖਰੀ ਬਾਦਸ਼ਾਹ ਜ਼ੁਆਨਤੌਂਗ ਨੂੰ ਤਖਤ ਬਰਦਾਰ ਕਰ ਕੇ ਲੋਕਤੰਤਰ ਦੀ ਸਥਾਪਨਾ ਕੀਤੀ ਗਈ। ਦੂਸਰੇ ਸੰਸਾਰ ਯੁੱਧ ਵਿੱਚ ਜਪਾਨ ਦੇ ਹਾਰ ਜਾਣ ‘ਤੇ ਚੀਨ ਨੇ ਦੁਬਾਰਾ ਤਾਇਵਾਨ ‘ਤੇ ਕਬਜ਼ਾ ਕਰ ਲਿਆ। ਇੱਕ ਅਕਤੂਬਰ 1949 ਨੂੰ ਮਾਉ ਜ਼ੇ ਤੁੰਗ ਦੀ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚਿਆਂਗ ਕਾਈ ਸ਼ੇਕ ਨੂੰ ਹਰਾ ਕੇ ਚੀਨ ‘ਤੇ ਕਬਜ਼ਾ ਕਰ ਲਿਆ। ਚਿਆਂਗ ਕਾਈ ਸ਼ੇਕ ਆਪਣੀ ਸਰਕਾਰ ਨੂੰ ਤਾਇਵਾਨ ਲੈ ਗਿਆ ਤੇ 7 ਦਸੰਬਰ 1949 ਈਸਵੀ ਨੂੰ ਤਾਇਵਾਨ ਨੂੰ ਅਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ। ਲੋਕਤਾਂਤਰਿਕ ਸਰਕਾਰ ਅਧੀਨ ਤਾਇਵਾਨ ਨੇ ਤੇਜ਼ੀ ਨਾਲ ਤਰੱਕੀ ਕੀਤੀ ਤੇ ਕੁਝ ਹੀ ਸਾਲਾਂ ਵਿੱਚ ਇਹ ਸੰਸ਼ਾਰ ਦਾ ਮੋਹਰੀ ਉਦਯੋਗਕ ਦੇਸ਼ ਬਣ ਗਿਆ। ਇਸ ਵੇਲੇ ਇਹ ਸੈਮੀਕੰਡਕਟਰ, ਪੈਟਰੋਕੈਮੀਕਲ, ਗੱਡੀਆਂ, ਸਪੇਅਰ ਪਾਰਟਸ, ਸਮੁੰਦਰੀ ਜਹਾਜ, ਇਲੈੱਕਟਰੋਨਿਕਸ, ਮੋਬਾਇਲ ਫੋਨ, ਸਟੀਲ, ਪਲਾਸਟਿਕ ਅਤੇ ਕੰਪਿਊਟਰ ਆਦਿ ਦਾ ਸੰਸਾਰ ਦਾ 18ਵਾਂ ਵੱਡਾ ਨਿਰਯਾਤਕ ਹੈ।
ਪਰ ਸੈਨਿਕ ਸ਼ਕਤੀ ਵਿੱਚ ਇਹ ਚੀਨ ਦੇ ਮੁਕਾਬਲੇ ਪਾਸਕੂ ਵੀ ਨਹੀਂ ਹੈ। ਚੀਨ ਦੀ ਫੌਜ (2100000 ) ਸੰਸਾਰ ਦੀ ਸਭ ਤੋਂ ਵੱਡੀ ਫੌਜ ਹੈ ਜਿਸ ਦੇ ਮੁਕਾਬਲੇ ਤਾਇਵਾਨ ਕੋਲ ਕੁਲ ਮਿਲਾ ਕੇ ਸਿਰਫ ਤਿੰਨ ਲੱਖ ਦੇ ਕਰੀਬ ਸੈਨਿਕ ਹਨ। ਤਾਇਵਾਨ ਕਿਸੇ ਤਰਾਂ ਵੀ ਪ੍ਰਮਾਣੂ ਸ਼ਕਤੀ ਚੀਨ ਦੀ ਫੌਜ, ਡਰੋਨਾਂ, ਬੈਲਸਟਿਕ ਮਿਜ਼ਾਈਲਾਂ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਫੌਜੀ ਸਾਜ਼ੋ ਸਮਾਨ ਲਈ ਪੂਰੀ ਤਰਾਂ ਅਮਰੀਕਾ ‘ਤੇ ਨਿਰਭਰ ਹੈ, ਕਿਉਂਕਿ ਚੀਨ ਦੇ ਦਬਾਅ ਕਾਰਨ ਹੋਰ ਕੋਈ ਦੇਸ਼ ਇਸ ਨੂੰ ਹਥਿਆਰ ਵੇਚਣ ਦੀ ਜ਼ੁੱਰਅਤ ਨਹੀਂ ਕਰਦਾ। ਜ਼ੁਬਾਨੀ ਜਮ੍ਹਾ ਖਰਚ ਤੋਂ ਇਲਾਵਾ ਅਮਰੀਕਾ ਕਿਸੇ ਵੀ ਸੰਧੀ ਅਧੀਨ ਚੀਨ ਦੇ ਹਮਲੇ ਸਮੇਂ ਤਾਇਵਾਨ ਦੀ ਰਾਖੀ ਕਰਨ ਲਈ ਪਾਬੰਦ ਨਹੀਂ ਹੈ।
ਜੇ ਚੀਨ ਤਾਇਵਾਨ ‘ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹ ਪੈਸੀਫਿਕ ਸਾਗਰ ਵਿੱਚ ਉੱਚਤਮ ਸ਼ਕਤੀ ਬਣ ਜਾਵੇਗਾ ਤੇ ਗੁਆਮ ਅਤੇ ਹਵਾਈ ਵਿੱਚ ਅਮਰੀਕੀ ਸੈਨਿਕ ਅੱਡਿਆਂ ਲਈ ਖਤਰਾ ਪੈਦਾ ਕਰ ਸਕਦਾ ਹੈ। ਇਸ ਵੇਲੇ ਚੀਨੀ ਜਹਾਜ਼ਾਂ ਨੇ ਤਾਇਵਾਨ ਨੂੰ ਸੱਤ ਪਾਸੇ ਤੋਂ ਘੇਰਿਆ ਹੋਇਆ ਹੈ ਤੇ ਇਤਿਹਾਸ ਵਿੱਚ ਪਹਿਲੀ ਵਾਰ ਚੀਨ ਨੇ ਅਸਲੀ ਬਾਰੂਦ ਵਾਲੀਆਂ ਮਿਜ਼ਾਈਲਾਂ ਸਮੁੰਦਰ ਵਿੱਚ ਦਾਗੀਆਂ ਹਨ। ਚੀਨੀ ਹਵਾਈ ਜਹਾਜ਼ਾਂ ਨੇ ਚਾਰ ਦਿਨਾਂ ਵਿੱਚ 128 ਵਾਰ ਤਾਇਵਾਨ ਦੀ ਹਵਾਈ ਸੀਮਾਂ ਉਲੰਘੀ ਹੈ। ਜੇ ਚੀਨ ਨੇ ਹਮਲਾ ਨਾ ਵੀ ਕੀਤਾ ਤਾਂ ਹੋ ਸਕਦਾ ਹੈ ਕਿ ਉਹ ਤਾਇਵਾਨ ਦੀ ਆਰਥਿਕ ਨਾਕਾਬੰਦੀ ਕਰ ਦੇਵੇ। ਜੇ ਚੀਨ ਨੇ ਤਾਇਵਾਨ ‘ਤੇ ਹਮਲਾ ਕਰ ਦਿੱਤਾ ਤਾਂ ਸੰਸਾਰ ਨੂੰ ਯੂਕਰੇਨ ਸੰਕਟ ਨਾਲੋਂ ਵੀ ਵੱਧ ਔਖਿਆਈ ਝੱਲਣੀ ਪੈ ਸਕਦੀ ਹੈ। ਸੰਸਾਰ ਦਾ ਮਿਲਟਰੀ ਸਾਜ਼ੋ ਸਮਾਨ, ਗੱਡੀਆਂ, ਮੋਬਾਇਲ ਫੋਨ, ਘੜੀਆਂ, ਵੀਡੀਉ ਗੇਮਾਂ ਅਤੇ ਹਰ ਪ੍ਰਕਾਰ ਦਾ ਇਲੈੱਟਰੋਨਿਕ ਸਮਾਨ ਆਦਿ ਤਾਇਵਾਨ ਨਿਰਮਤ ਮਾਈਕਰੋ ਚਿੱਪਾਂ ‘ਤੇ ਨਿਰਭਰ ਕਰਦਾ ਹੈ, ਕਿਉਂਕਿ ਤਾਇਵਾਨ ਸੰਸਾਰ ਦਾ ਸਭ ਤੋਂ ਵੱਡਾ ਚਿੱਪ ਨਿਰਮਾਤਾ ਹੈ। ਤਾਇਵਾਨ ਦੇ ਸਿਰਫ ਇੱਕ ਅਦਾਰੇ, ਦੀ ਤਾਇਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦਾ ਸੰਸਾਰ ਦੀ ਅੱਧੀ ਤੋਂ ਵੱਧ ਚਿੱਪ ਮੰਡੀ ‘ਤੇ ਏਕਾਧਿਕਾਰ ਹੈ। ਇਸ ਦਾ ਕਾਰੋਬਾਰ 7500 ਕਰੋੜ ਰੁਪਏ ਸਲਾਨਾ ਤੋਂ ਵੀ ਵੱਧ ਹੈ। ਅਜਿਹੀਆਂ ਸੂਖਮ ਇਕਾਈਆਂ ‘ਤੇ ਕਬਜ਼ਾ ਕਰ ਕੇ ਚੀਨ ਸੰਸਾਰ ਨੂੰ ਰੂਸ ਦੇ ਤੇਲ ਨਾਲੋਂ ਵੀ ਵੱਧ ਬਲੈਕਮੇਲ ਕਰਨ ਦੇ ਸਮਰੱਥ ਹੋ ਜਾਵੇਗਾ।