26 ਜਨਵਰੀ ਨੂੰ ਰਾਜਪੱਥ ‘ਤੇ ਨਾ ਉੱਡੇ ਇਕ ਵੀ ਜਹਾਜ਼ ਅਮਰੀਕਾ ਨੇ ਕੀਤੀ ਮੰਗ, ਭਾਰਤ ਨੇ ਕੀਤਾ ਇਨਕਾਰ

150118modiobamaਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਮੁਸਤੈਦ ਹਨ ਪਰ ਭਾਰਤ ਨੇ ਅਮਰੀਕੀ ਸੁਰੱਖਿਆ ਏਜੰਸੀ ਦਾ ਇਕ ਸੁਝਾਅ ਮੰਨਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਦੀ ਸੁਰੱਖਿਆ ਟੀਮ ਨੇ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸੁਝਾਅ ਦਿੱਤਾ ਸੀ ਕਿ 26 ਜਨਵਰੀ ਨੂੰ ਰਾਜਪੱਥ ਦੇ ਨਜ਼ਦੀਕ 5 ਕਿਲੋਮੀਟਰ ਦੇ ਦਾਇਰੇ ‘ਚ ਕੋਈ ਜਹਾਜ਼ ਨਹੀਂ ਉੱਡਣਾ ਚਾਹੀਦਾ ਅਤੇ ਇਸ ਖੇਤਰ ਨੂੰ ਨੋ-ਫਲਾਇੰਗ ਜ਼ੋਨ ਐਲਾਨ ਕਰ ਦਿੱਤਾ ਜਾਵੇ। ਜਿਸ ਨੂੰ ਭਾਰਤੀ ਅਧਿਕਾਰੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਭਾਰਤ ਨੇ ਅਮਰੀਕੀ ਸੁਰੱਖਿਆ ਟੀਮ ਨੂੰ ਦੱਸਿਆ ਕਿ ਇਹ ਗਣਤੰਤਰ ਦਿਵਸ ‘ਤੇ ਰਿਵਾਜ ਹੈ ਕਿ ਰਾਜਪੱਥ ‘ਤੇ ਫਲਾਈ-ਪਾਸਟ ਹੁੰਦਾ ਹੈ। ਵੈਸੇ ਰਾਜਪੱਥ ‘ਤੇ ਵਪਾਰਕ ਜਹਾਜ਼ਾਂ ਲਈ ਨੋ-ਫਲਾਈ ਜ਼ੋਨ ਹੁੰਦਾ ਹੈ। ਇਸ ਕਾਰਨ ਓਬਾਮਾ ਦੀ ਸੁਰੱਖਿਆ ਟੀਮ ਨੂੰ ਕਹਿ ਦਿੱਤਾ ਗਿਆ ਕਿ ਇਹ ਸੰਭਵ ਹੀ ਨਹੀਂ ਹੈ। ਭਾਰਤੀ ਸੁਰੱਖਿਆ ਏਜੰਸੀ ਦੇ ਸੂਤਰਾਂ ਮੁਤਾਬਿਕ ਅਜੇ ਵੀ ਓਬਾਮਾ ਦੀ ਸੁਰੱਖਿਆ ਟੀਮ ਸਿਵਲ ਏਵੀਏਸ਼ਨ ਵਿਭਾਗ ਤੋਂ ਇਸ ਮਾਮਲੇ ਨਾਲ ਸੰਪਰਕ ਕਰ ਰਹੀ ਹੈ ਪਰ ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ। ਗੌਰਤਲਬ ਹੈ ਕਿ ਰਾਜਪੱਥ, ਰਾਸ਼ਟਰਪਤੀ ਭਵਨ, ਨਾਰਥ ਅਤੇ ਸਾਊਥ ਬਲਾਕ ਦੇ ਨਾਲ ਨਾਲ ਪ੍ਰਧਾਨ ਮੰਤਰੀ ਰਿਹਾਇਸ਼ ਦੇ ਨਜ਼ਦੀਕ ਦਾ ਇਲਾਕਾ 26 ਜਨਵਰੀ ਨੂੰ ਫਲਾਈ-ਪਾਸਟ ਨੂੰ ਛੱਡ ਕੇ ਹਮੇਸ਼ਾ ਨੋ-ਫਲਾਇੰਗ ਜ਼ੋਨ ਰਹਿੰਦਾ ਹੈ।