ਅਮਰੀਕਾ ਦੇ ਆਜ਼ਾਦੀ ਦਿਵਸ ਦੇ ਜਸ਼ਨਾਂ ਵਿੱਚ ਡੇਟਨ ਤੇ ਕੋਲੰਬਸ, ਓਹਾਇਓ ਦੇ ਸਿੱਖਾਂ ਨੇ ਕੀਤੀ ਸ਼ਮੂਲੀਅਤ

– ਸਿੱਖਾਂ ਦੀ ਨਿਵੇਕਲੀ ਪਛਾਣ ਖਿਚ ਦਾ ਕੇਂਦਰ ਰਹੀ

Picture (3)
ਡੇਟਨ (ਅਮਰੀਕਾ): ਅਮਰੀਕਾ ਵਿਚ ਆਜ਼ਾਦੀ ਦਿਵਸ ਨੂੰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਹਿਰਾਂ ਵਿੱਚ ਪਰੇਡਾਂ ਕੱਢੀਆਂ ਜਾਂਦੀਆਂ ਹਨ, ਜਿਸ ਵਿੱਚ ਵਿੱਦਿਅਕ ਅਦਾਰਿਆਂ ਦੇ ਬੈਂਡ ਭਾਗ ਲੈਂਦੇ ਹਨ, ਵੱਖ ਵੱਖ ਵਿਭਾਗ, ਵਪਾਰਕ ਅਤੇ ਹੋਰ ਅਦਾਰਿਆਂ ਦੀਆਂ ਝਾਕੀਆਂ ਜਿਨ੍ਹਾਂ ਨੂੰ ਇੱਥੇ ਫਲੋਟ ਕਹਿੰਦੇ ਹਨ ਕੱਢੀਆਂ ਜਾਂਦੀਆਂ ਹਨ। ਸੜਕਾਂ ਕੰਢੇ ਲੋਕ ਪ੍ਰਵਾਰ ਸਮੇਤ ਇਨ੍ਹਾਂ ਦੇ ਸੁਆਗਤ ਲਈ ਬੈਠੇ ਹੁੰਦੇ ਹਨ। ਅਮਰੀਕੀ ਝੰਡਿਆਂ ਦਾ ਇੱਥੇ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਹਰ ਅਦਾਰੇ ਅੰਦਰ ਭਾਵੇਂ ਕਿ ਉਹ ਧਾਰਮਿਕ ਸਥਾਨ ਹੀ ਹੋਏ, ਅਮਰੀਕੀ ਝੰਡਾ ਝੂਲਦਾ ਨਜ਼ਰ ਆਵੇਗਾ। ਪ੍ਰੇਡ ਸਮੇਂ ਵੀ ਹਰ ਵਿਅਕਤੀ ਦੇ ਹੱਥ ਵਿੱਚ ਝੰਡਾ ਲਹਿਰਾ ਰਿਹਾ ਨਜ਼ਰ ਆਵੇਗਾ। ਇੱਕ ਕਿਸਮ ਦਾ ਮੇਲੇ ਵਰਗਾ ਮਾਹੌਲ ਹੁੰਦਾ ਹੈ।

Picture (4)

ਓਹਾਇਹੋ ਸੂਬੇ ਦੀ ਰਾਜਧਾਨੀ ਕੋਲੰਬਸ ਦੇ ਡਾਊਨ ਟਾਊਨ ਅਤੇ ਹਵਾਈ ਜਹਾਜ਼ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਸ਼ਹਿਰ ਡੇਟਨ ਵਿੱਚ ਵੀ ਇਸ ਮੌਕੇ ਤੇ ਪਰੇਡ ਕੱਢੀ ਗਈ। ਆਜ਼ਾਦੀ ਦੇ ਪ੍ਰੋਗਰਾਮਾਂ ਵਿਚ ਸਿੱਖ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਗੁਰੂ ਨਾਨਕ ਰਿਲੀਜਸ ਸੋਸਾਇਟੀ ਕੋਲੰਬਸ ਅਤੇ ਸਿੱਖ ਸੋਸਾਇਟੀ ਆਫ ਡੇਟਨ ਤੋ ਸਿੱਖ ਭਾਈਚਾਰਾ ਵੀ ਇਹਨਾਂ ਪਰੇਡਾਂ ਵਿਚ ਸ਼ਾਮਲ ਹੋਇਆ।

ਡੇਟਨ ਦੇ ਨਾਲ ਲਗਦੇ ਸ਼ਹਿਰ ਸਪਰਿੰਗਫੀਲਡ ਦੀ ਜੋੜੀ ਸ. ਅਵਤਾਰ ਸਿੰਘ ਤੇ ਬੀਬੀ ਸਰਬਜੀਤ ਕੌਰ ਨੇ ਉਚੇਚੇ ਤੌਰ ਤੇ ਆਜ਼ਾਦੀ ਦਿਵਸ ਨਾਲ ਸੰਬੰਧਤ ਫਲੋਟ ਤਿਆਰ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਸਭ ਸ਼ਹਿਰਾਂ ਵਿਚ ਵੱਖ-ਵੱਖ ਮੋਕਿਆਂ ਤੇ ਨਿਕਲਦੀਆਂ ਪਰੇਡਾਂ ਵਿਚ ਸਿੱਖ ਸੰਸਥਾਵਾਂ ਨੂੰ ਵੱਖ-ਵੱਖ ਦਿਵਸਾਂ ਨਾਲ ਸੰਬੰਧਤ ਫਲੋਟ ਤਿਆਰ ਕਰਕੇ ਇਹਨਾਂ ਪਰੇਡਾਂ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਵਲੋਂ ਅਮਰੀਕਾ ਵਿਚ ਰਹਿ ਕੇ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਵੀ ਜਾਣੂ ਕਰਾਇਆ ਜਾ ਸਕਦਾ ਹੈ।

Picture1-Group

ਉਹ ਆਪਣੇ ਪਰਿਵਾਰ ਤੇ ਫਲੋਟ ਸਮੇਤ ਕੋਲੰਬਸ ਅਤੇ ਬੀਵਰਕਰੀਕ (ਡੇਟਨ) ਦੀਆਂ ਪਰੇਡਾਂ ਵਿਚ ਸ਼ਾਮਲ ਹੋਏ।  ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿਖ ਫਲੋਟ ਦਾ ਦਰਸ਼ਕਾਂ ਨੇ ਭਰਵਾਂ ਸੁਆਗਤ ਕੀਤਾ। ਸਿੱਖਾਂ ਦੀ ਨਵੇਕਲੀ ਪਛਾਣ ਵੀ ਪਰੇਡ ਵਿਚ ਵਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਕਈਆ ਨੇ ਉਹਨਾਂ ਦੀ ਪਛਾਣ ਬਾਰੇ ਜਾਣਕਾਈ ਲੈਣ ਵਿਚ ਦਿਲਚਸਪੀ ਦਿਖਾਈ। ਫਲੋਟ ਉਪਰ ਲਗਾਏ ਬੈਨਰਾਂ ਰਾਹੀਂ ਸਿੱਖਾਂ ਦੀ ਤਰਫੋਂ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ ਸੀ। ਲੋਕ ਹੈਪੀ ਫੋਰਥ ਜੁਲਾਈ, ਹੈਪੀ ਇੰਡੀ ਪੈਂਨਡੈਂਨਸ ਡੇ ਕਹਿ ਕੇ ਸੁਆਗਤ ਕਰ ਰਹੇ ਸਨ।

Install Punjabi Akhbar App

Install
×