ਪੰਜਾਬੀ ਸੱਥ ਮੈਲਬੌਰਨ ਅਤੇ ਊਰਜਾ ਫਾਊਂਡੇਸ਼ਨ ਵੱਲੋਂ ਏਪਿੰਗ ਵਿਖੇ ਸਾਹਿਤਕ ਸਮਾਗਮ 

news avtar bhullar 190807 urjaa foundation eping literare program

ਬੀਤੇ ਐਤਵਾਰ ਪੰਜਾਬੀ ਸੱਥ ਮੈਲਬੌਰਨ ਅਤੇ ਊਰਜਾ ਫਾਊਂਡੇਸ਼ਨ ਵੱਲੋਂ ਏਪਿੰਗ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਵੱਖ ਵੱਖ ਸਾਹਿਤਕ ਸ਼ਖਸ਼ੀਅਤਾਂ ਨੇ ਆਪਣੀ ਹਾਜਿਰੀ ਲ਼ਗਵਾਈ ਜਿਨਾਂ ਵਿੱਚ ਸੁਖਵਿੰਦਰ ਅਮ੍ਰਿਤ, ਗੁਰਦਿਆਲ ਦਲਾਲ, ਪ੍ਰੇਮ ਸਿੰਘ ਬਜਾਜ, ਸੁੱਚਾ ਸਿੰਘ ਰੰਧਾਵਾ,ਚੰਨ ਅਮਰੀਕ, ਗੁਰਮੀਤ ਫਰਵਾਲੀ, ਦਵਿੰਦਰ ਦੀਦਾਰ, ਪਰੋਫੈਸਰ ਮਨਜੀਤ ਸਿੰਘ, ਹਾਜਿਰ ਸਨ।

ਇਸ ਸਮਾਗਮ ਵਿੱਚ ਸੁਖਵਿੰਦਰ ਅਮ੍ਰਿਤ ਨੂੰ ਸੁਣਨ ਲਈ ਸਰੋਤਿਆਂ ‘ਚ ਬਹੁਤ ਉਤਸੁਕਤਾ ਸੀ। ਉਹਨਾਂ ਨੇ ‘ਊੜੇ ਤੇ ਜੂੜੇ’ ਵਾਲੀ ਆਪਣੀ ਰਵਾਇਤੀ ਸ਼ੁਰੂਆਤੀ ਬੋਲੀ ਨਾਲ ਆਗਾਜ ਕੀਤਾ। ਉਹਨਾਂ ਨੇ ਕੁਝ ਕਵਿਤਾਵਾਂ ਤੇ ਆਪਣੇ ਗੀਤਾਂ ਦੇ ਕੁਝ ਬੰਦ ਸੁਣਾਏ। ਉਹਨਾਂ ਨੇ ਕੁੜੀਆਂ ਨੂੰ ਸੰਬੋਧਿਤ ਹੋ ਕੁਝ ਕਾਵਿ ਵੰਨਗੀਆਂ ਵੀ ਸੁਣਾਈਆਂ ਤੇ ਸਰੋਤਿਆਂ ਨੂੰ ਭਾਵੁਕ ਕੀਤਾ। ਉਹਨਾਂ ਨੇ ਹਰ ਸ਼ੇਅਰ ਤੇ ਸਰੋਤਿਆਂ ਦੀ ਭਰਪੂਰ ਦਾਦ ਖੱਟੀ। ਗੁਰਦਿਆਲ ਦਲਾਲ ਹੁਰਾਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

ਪੰਜਾਬ ਤੋਂ ਆਏ ਪ੍ਰਸਿੱਧ ਪੱਤਰਕਾਰ ਜਗਰੂਪ ਸਿੰਘ ਜਰਖੜ ਹੁਰਾਂ ਦਾ ਖੇਡ ਜਗਤ ਲੇਖਣੀ ‘ਚ ਭਰਪੂਰ ਯੋਗਦਾਨ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਨੌਜਵਾਨ ਸ਼ਾਇਰ ਰਣਜੀਤ ਫਰਵਾਲੀ , ਰੇਡੀਓ ਪੇਸ਼ਕਾਰ ਤੇ ਮੰਚ ਸੰਚਾਲਕ ਜਗਦੀਪ ਜੋਗਾ ਦਾ ਵੀ ਸਨਮਾਨ ਕੀਤਾ ਗਿਆ। ਪੰਜਾਬੀ ਸੱਥ ਮੈਲਬੌਰਨ ਤੋਂ ਕੁਲਜੀਤ ਕੌਰ ਗਜਲ ਤੇ ਬਿੱਕਰ ਬਾਈ ਹੋਰਾਂ ਵੱਲੋਂ ਊਰਜਾ ਫਾਊਂਡੇਸ਼ਨ ਦੀ ਟੀਮ ਨਾਲ ਮਿਲ ਕੇ ਕੀਤਾ ਗਿਆ ਉਪਰਾਲਾ ਸਲਾਹੁਣ ਯੋਗ ਸੀ। ਮੰਚ ਸੰਚਾਲਨ ਦੀ ਜਿੰਮੇਵਾਰੀ ਅਰਸ਼ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਅਜੀਤ ਸਿੰਘ ਚੌਹਾਨ, ਮਧੂ ਤਨਹਾ, ਸੰਜੇ ਭੰਡਾਰੀ, ਹਰਜਿੰਦਰ ਸਿੰਘ ਗੁੱਲਪੁਰ ਤੇ ਚਰਨਾਮਤ ਸਿੰਘ ਵੀ ਹਾਜ਼ਰ ਸਨ।

Install Punjabi Akhbar App

Install
×