ਆਸਟ੍ਰੇਲੀਆਈ ਰੈਡ ਕਰਾਸ ਲਾਈਫ਼ ਬਲੱਡ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਅਦਾਰੇ ਨੂੰ ਨਿਤ-ਪ੍ਰਤੀ-ਦਿਨ ਹਸਪਤਾਲਾਂ ਅੰਦਰ ਮਰੀਜ਼ਾਂ ਵਾਸਤੇ ਖ਼ੂਨ ਅਤੇ ਪਲਾਜ਼ਮਾ ਦੀ ਪੂਰਤੀ ਤਹਿਤ, ਖ਼ੂਨ ਦਾਨੀਆਂ ਨੂੰ ਅਪੀਲ ਹੈ ਕਿ ਉਹ ਜਲਦੀ ਤੋਂ ਜਲਦੀ ਖ਼ੂਨਦਾਨ ਕਰਨ। ਇਸ ਮੁਹਿੰਮ ਤਹਿਤ ਏ, ਬੀ, ਓ ਪਾਜ਼ਿਟਿਵ ਅਤੇ ਖਾਸ ਕਰਕੇ ਓ ਨੈਗੇਟਿਵ ਖ਼ੂਨ ਦੀ ਜ਼ਰੂਰਤ ਹੈ।
ਅਦਾਰੇ ਦੇ ਕਾਰਜਕਾਰੀ ਨਿਰਦੇਸ਼ਕ -ਕੈਥ ਸਟੋਨ ਨੇ ਕਿਹਾ ਹੈ ਕਿ ਮੌਜੂਦਾ ਖ਼ੂਨ ਅਤੇ ਪਲਾਜ਼ਮਾ ਦੀ ਜ਼ਰੂਰਤ ਬੀਤੇ 10 ਵਿੱਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਕਰੋਨਾ ਕਾਲ਼ ਦੌਰਾਨ ਹਸਪਤਾਲਾਂ ਅੰਦਰ, ਬਹੁਤ ਸਾਰੇ ਆਪ੍ਰੇਸ਼ਨ ਆਦਿ ਬੰਦ ਰੱਖੇ ਗਏ ਸਨ ਅਤੇ ਹੁਣ ਉਨ੍ਹਾਂ ਆਪ੍ਰੇਸ਼ਨਾਂ ਦੀ ਸੂਚੀ ਤਹਿਤ ੳਕਮ ਆਪ੍ਰੇਸ਼ਨ ਚੱਲ ਰਹੇ ਹਨ ਅਤੇ ਹਸਪਤਾਲਾਂ ਅੰਦਰ ਖ਼ੂਨ ਅਤੇ ਪਲਾਜ਼ਮਾ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਓ ਨੈਗੇਟਿਵ ਗਰੁੱਪ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਓ ਗਰੁੱਪ ਯੂਨੀਵਰਸਲ ਹੁੰਦਾ ਹੈ ਅਤੇ ਇਸਨੂੰ ਹਮੇਸ਼ਾ ਹੀ ਬਲੱਡ ਬੈਂਕਾਂ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਇਸ ਗਰੁੱਪ ਨੂੰ ਲੋੜ ਪੈਣ ਤੇ ਅਜਿਹੇ ਮਰੀਜ਼ਾਂ ਨੂੰ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਬਲੱਡ ਗਰੁੱਪ ਬਾਰੇ ਪਤਾ ਨਹੀਂ ਹੁੰਦਾ ਅਤੇ ਇਸ ਨੂੰ ਆਪਾਤਕਾਲੀਨ ਸਥਿਤੀਆਂ ਵਾਸਤੇ ਐਂਬੂਲੈਂਸਾਂ ਜਾਂ ਬਚਾਉ ਦਲ਼ਾਂ ਦੇ ਹੈਲੀਕਾਪਟਰਾਂ ਆਦਿ ਵਿੱਚ ਰੱਖਿਆ ਜਾਂਦਾ ਹੈ।
ਦੇਸ਼ ਅੰਦਰ ਅਜਿਹੇ ਗਰੁੱਪ ਦੇ (ਓ ਨੈਗੇਟਿਵ) ਖ਼ੂਨ ਵਾਲੇ ਲੋਕਾਂ ਦੀ ਗਿਣਤੀ 7% ਤੋਂ ਵੀ ਘੱਟ ਹੈ ਅਤੇ ਹਸਪਤਾਲਾਂ ਆਦਿ ਵਿੱਚ ਇਸ ਗਰੁੱਪ ਦੀ ਮੰਗ 16% ਤੱਕ ਪਹੁੰਚ ਜਾਂਦੀ ਹੈ।
ਅਗਲੇ ਮਹੀਨੇ ਈਸਟਰ ਦੇ ਤਿਉਹਾਰ ਨੂੰ ਦੇਸ਼ ਦੇ 40 ਤੋਂ ਵੀ ਵੱਧ ਬਲੱਡ ਡੋਨੇਸ਼ਨ ਸੈਂਟਰਾਂ ਨੂੰ ਖੁੱਲ੍ਹਾ ਰੱਖਿਆ ਜਾ ਰਿਹਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਬਲੱਡ ਡੋਨਰ ਇੱਥੇ ਆ ਕੇ ਆਪਣਾ ਖ਼ੂਨਦਾਨ ਕਰ ਸਕਣ।