ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਯਾਤਰਾ ਦੇ ਦੌਰਾਨ ਅਣਸੁਲਝੇ ਵਾਲੇ ਸਵਾਲਾਂ ਦੇ ਜੁਆਬਾਂ ਦੀ ਉਡੀਕ ਵਿਚ ਮਨ……………..

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!
ਕੁੱਝ ਦਿਨ ਪਹਿਲਾਂ ਸਾਡੀ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੰਪਿਊਟਰ ਅਤੇ ਹੋਰ ਤਕਨੀਕੀ ਜਾਂ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲੈ ਰਹੇ ਵਿਦਿਆਰਥੀ ਖ਼ਾਸਕਰ ਵਿਦਿਆਰਥਣਾਂ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਯਾਤਰਾ/ਟ੍ਰਿਪ ਦਾ ਪ੍ਰੋਗਰਾਮ ਬਣਾਇਆ ਗਿਆ। ਮੈਂ ਬੱਸ ਬੁੱਕ ਕਰਵਾਈ ਤੇ ਕਿਰਾਇਆ ਵੰਡ ਕੇ ਦਫ਼ਤਰ ਵਿਚ ਮੇਰੀ ਸਹਾਇਕਾ ਮੈਡਮ ਅਮਨਦੀਪ ਕੌਰ ਨੂੰ ਦੱਸ ਦਿੱਤਾ ਕਿ ਇਕੱਠੇ ਕਰ ਲੈਣਾ ਉਨ੍ਹਾਂ ਕਿਰਾਇਆ ਇਕੱਠਾ ਕਰ ਲਿਆ ਤੇ ਅਸੀਂ ਦੋ ਦਿਨਾਂ ਦੀ ਦਫ਼ਤਰ ਛੁੱਟੀ ਕਰ ਦਿੱਤੀ੩੩.. ਅਗਲੇ ਦਿਨ ਸਵੇਰੇ 7.30 ਵਜੇ ਦੇ ਕਰੀਬ ਸੰਦੌੜ ਦਫ਼ਤਰ ਤੋਂ ਸਫ਼ਰ ਦੌਰਾਨ ਰਾਜ਼ੀ ਖੁੱਸੀ ਦੀ ਅਰਦਾਸ ਕੀਤੀ ਤੇ ਬਚਿਆਂ ਨੂੰ ਬਸ ਵਿਚ ਬੈਠਣ ਲਈ ਕਹਿ ਦਿੱਤਾ ਵਿਦਿਆਰਥਣਾਂ ਬੱਸ ਦੀਆਂ ਪਿਛਲੀਆਂ ਸੀਟਾਂ ਤੇ ਬੈਠ ਗਈਆਂ ਤੇ ਵਿਦਿਆਰਥੀ ਅਗਲੀਆਂ ਸੀਟਾਂ ਤੇ….. ਲਗਭਗ ਸਾਰੇ ਮਿਲਾ ਕੇ ਅਸੀਂ 35 ਜਣੇ ਸੀ ਮੈਨੂੰ ਮੇਰੇ ਵਿਦਿਆਰਥੀਆਂ ਤੇ ਪੂਰਾ ਮਾਣ ਏ ਉਹ ਸਤਿਕਾਰ ਵੀ ਬਹੁਤ ਕਰਦੇ ਨੇ ਸਾਰੇ ਸਟਾਫ਼ ਦਾ ਕਿਉਂਕਿ ਸਾਰਾ ਸਟਾਫ਼ ਇੱਕ ਪਰਵਾਰ ਵਾਂਗਰਾਂ ਹੀ ਸੇਵਾ ਨਿਭਾ ਰਿਹਾ ਹੈ…. ਫੇਰ ਵੀ ਸਭ ਨੂੰ ਬੱਸ ਵਿਚ ਚੜ੍ਹਨ ਉਪਰੰਤ ਉਨ੍ਹਾਂ ਨੂੰ ਨਿਯਮ ਅਤੇ ਅਨੁਸ਼ਾਸਨ ਵਿਚ ਰਹਿਣ ਦੀ ਬੇਨਤੀ ਕਰ ਕੇ ਅਗਲੀਆਂ ਸੀਟਾਂ ਤੇ ਜਾ ਬੈਠਾ ਤੇ ਉਨ੍ਹਾਂ ਦੇ ਚਾਅ ਵਾਂ ਨੂੰ ਦੇਖ ਮਨ ਹੀ ਮਨ ਹੀ ਮਨ ਵਿਚ ਸੋਚਣ ਲੱਗਿਆ ਕਿ ਇਹ ਵਿਦਿਆਰਥੀ ਜੀਵਨ ਵੀ ਕਿੰਨਾ ਅਨਮੋਲ ਹੁੰਦਾ ਹੈ ਖ਼ਾਸਕਰ  ਇਹ ਪਲ ਜਦੋਂ ਇਕੱਠੇ ਪੜ੍ਹ ਰਹੇ  ਇੱਕੋ ਹਾਣ ਦੇ ਹਾਣੀ ਕਿਸੇ ਸਫ਼ਰ ਵਿਚ ਘੁੰਮਣ ਫਿਰਨ ਯੋਗ ਅਗਵਾਈ ਹੇਠ ਜਾਂਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਆਈ ਰੌਣਕ ਦੇ ਅਹਿਸਾਸ ਨੂੰ ਕਿਸੇ ਪਤਝੜ ਵਿਚ ਆਈ ਬਹਾਰ ਤੋਂ ਘੱਟ ਸਮਝਣਾ ਮੇਰੇ ਲਈ ਤਾਂ ਅਨੁਮਾਨ ਤੋਂ ਵੀ ਬਾਹਰ ਲੱਗ ਰਿਹਾ ਸੀ………. ਮੈਂ ਉਨ੍ਹਾਂ ਦੀਆਂ ਖੁੱਸੀਆਂ ਨੂੰ ਦੇਖ ਕੇ ਮਨ ਹੀ ਮਨ ਵਿਚ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਕਰ ਰਿਹਾ ਸੀ ਸਫ਼ਰ ਸ਼ੁਰੂ ਹੋ ਚੁੱਕਿਆ ਸੀ ਵਿਦਿਆਰਥੀ ਆਪਣੇ ਰੰਗਾਂ ਵਿਚ ਰੰਗ ਚੁੱਕੇ ਸਨ ਇੱਕ ਦੂਜੇ ਨਾਲ ਹਾਸੇ ਸਾਂਝੇ ਕਰ ਰਹੇ ਸਨ ਕੁੱਝ ਕੰਨਾਂ ਤੇ ਹੈਡਫੋਨ ਲਗਾ ਗੀਤ ਸੁਣ ਰਹੇ ਸਨ ਤੇ ਕੁੱਝ ਅੰਤਾਂਕਛੜੀ ਖੇਡਣ, ਕੁਰਕਰੇ, ਲੇਅਜ ਆਦਿ ਖਾਣ ਵਿਚ ਮਸਤ ਸਨ, ਮੈਂ ਵੀ ਆਪਣੇ ਮਨ ਦੀ ਨਾ ਬੁਝਣ ਵਾਲੀ ਕਿਸੇ ਖ਼ਿਆਲ ਦੀ ਪਿਆਸ ਵਿਚ ਪਿਆਸਾ ਹੋ ਕੇ ਆਪਣੇ ਆਪ ਵਿਚ ਗੁਣਗੁਣਾ ਕੇ ਲੱਗੀ ਤ੍ਰੇਹ ਨੂੰ ਬੁਝਾਉਣ ਦੇ ਯਤਨ ਵਿਚ ਖੋਇਆ ਹੋਇਆ ਸਾਂ।
ਗੁਰਦੁਆਰਾ ਸਾਹਿਬ ਤਰਨ ਤਾਰਨ ਸਾਹਿਬ ਜੀ ਪਹੁੰਚਣ ਤੱਕ ਸਾਨੂੰ ਦੁਪਹਿਰ ਹੋ ਚੁੱਕਾ ਸੀ ਡਰਾਈਵਰ ਨੇ ਬੱਸ ਪਾਰਕਿੰਗ ਵਿਚ ਪਾਰਕ ਕੀਤੀ ਤੇ ਸਾਰਿਆਂ ਨੂੰ ਮੈਂ ਗੁਰੂ ਸਾਹਿਬ ਜੀ ਅੱਗੇ ਨਤਮਸਤਕ ਅਤੇ ਲੰਗਰ ਪਾਣੀ ਛਕਣ ਬਾਰੇ ਕਹਿ ਕੇ ਇੱਕ ਘੰਟੇ ਵਿਚ ਵਾਪਸ ਆ ਜਾਣ ਦੀ ਬੇਨਤੀ ਕੀਤੀ….. ਕਾਰਨ ਸੀ ਕਿ ਜਲਦ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਗੇ ਪਹਿਲਾਂ ਵਾਹਗਾ (ਅਟਾਰੀ) ਬਾਰਡਰ ਪਹੁੰਚਿਆ ਜਾਵੇ ਤਾਂ ਕੇ ਉਹ ਪਾਕਿਸਤਾਨ ਅਤੇ ਭਾਰਤ ਦੇ ਬਾਰਡਰ ਤੇ ਹੋਣ ਵਾਲੀ ਆਰਮੀ ਪਰੇਡ ਨੂੰ ਦੇਖ ਕੇ ਅਨੰਦ ਮਾਣ ਸਕਣ… ਹੋਇਆ ਵੀ ਇੰਜ ਹੀ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਪਰਸ਼ਾਦਾ ਪਾਣੀ ਛਕਿਆ ਤੇ ਟਾਈਮ ਤੇ ਵਾਪਸ ਆ ਗਏ ।
ਇੱਕ ਗੱਲ ਇੱਥੇ ਹੋਰ ਜੋ ਸਾਂਝੀ ਕਰਨਾ ਚਾਹਾਂਗਾ ਉਹ ਇਹ ਹੈ ਕਿ ਜਦੋਂ ਮੈਂ ਤੇ ਮੇਰਾ ਭੁਜੰਗੀ ਲੰਗਰ ਛਕਣ ਜਾ ਰਹੇ ਸੀ ਤਾਂ ਉਦੋਂ ਮੇਰੇ ਭੁਜੰਗੀ ਨੇ ਇੱਕੋ ਥਾਲ਼ ਤੇ ਬਾਟੀ ਲੈ ਲਈ ਤੇ ਕਤਾਰ ਵਿਚ ਬੈਠ ਗਏ ਜੱਦੋ ਇੱਕ ਪੂਰਨ ਬਾਣੇ ਵਿਚ ਸੇਵਾਦਾਰ ਸਿੰਘ ਲੰਗਰ ਵਰਤਾਉਂਦਾ ਹੋਇਆ ਸਾਡੇ ਕੋਲ ਆਇਆ ਤਾਂ ਇੱਕ ਥਾਲ਼ ਦੇਖ ਕੇ ਕਿੰਤੂ ਪਰੰਤੂ ਕਰਨ ਲਗਾ ਕਿ “ਇੱਕੋ ਥਾਲ਼ ਵਿਚ ਨਹੀਂ ਛੱਕ ਛਕਦੇ ਹੋਰ ਥਾਲ਼ਾ ਲੈ ਕੇ ਆਓ” ਮੈਂ ਪੁੱਛਿਆ “ਵਾਹਿਗੁਰੂ ਜੀ ਕੀ ਗੱਲ ਕਿਉਂ? ਇਹ ਤਾਂ ਮੇਰਾ ਭੁਜੰਗੀ ਹੈ ਅਤੇ ਕਾਰਨ ਹੈ ਕਿ ਜੂਠ ਨਾ ਛੱਡੀ ਜਾਵੇ ਤੇ ਕੋਈ ਉਲੰਘਣਾ ਨਾ ਹੋਵੇ” ਉਸ ਨੇ ਮੇਰੀ ਗੱਲ ਸੁਣਦਿਆਂ ਅਤੇ ਮੇਰੇ ਸਿੱਖੀ ਸਰੂਪ ਨੂੰ ਵੇਖਦਿਆਂ ਰੋਹ ਵਿਚ ਆਉਂਦਿਆਂ ਕਈ ਸਵਾਲਾਂ ਦੇ ਪਹਾੜਾਂ ਨੂੰ ਖੜ੍ਹਾ ਕਰ ਦਿੱਤਾ ਜਿੰਨਾ ਵਿਚੋਂ ਆਖਰਿਲੇ ਸਵਾਲ ਦਾ ਮੈਂ ਜੁਆਬ ਦੇਣਾ ਲਾਜ਼ਮੀ ਸਮਝਿਆ ਅਤੇ ਵਹਿਸ਼ ਵਾਲਾ ਨਾ ਮਾਹੌਲ ਬਣਾਉਣ ਦੇ ਮੰਤਵ ਨਾਲ ਨਿਮਰਤਾ ਨਾਲ ਮਾਫ਼ੀ ਮੰਗਣੀ ਚਾਹੀ। ਉਨ੍ਹਾਂ ਦੇ ਕਈ ਸਵਾਲਾਂ ਵਿਚ ਉਹ ਆਖ਼ਰੀ ਸਵਾਲ ਸੀ “ਥੋੜ੍ਹਾ ਅੰਮ੍ਰਿਤ ਛਕਿਆ ਹੋਇਆ ਹੈ?” ਗੁਰੂ ਕਿਰਪਾ ਨਾਲ ਮੈਂ ਕਿਹਾ ਸੀ ਕਿ “ਵਾਹਿਗੁਰੂ ਜੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਉਦੋਂ ਤਾਂ ਕਿਸੇ ਜਾਤ-ਪਾਤ ਜਾਂ ਸੱਚ ਝੂਠ ਜਾਂ ਸੁੱਚ ਜੂਠ ਦਾ ਵੇਰਵਾ ਨਹੀਂ ਪੁੱਛਿਆ ਜਾਂਦਾ ਖੰਡੇ ਵਾਟੇ ਤੋਂ ਤਿਆਰ ਹੋਇਆ ਅੰਮ੍ਰਿਤ ਇੱਕੋ ਵਾਟੇ ਵਿਚ ਛਕਾਇਆ ਜਾਂਦਾ ਹੈ ਸ਼ਾਇਦ ਤੁਹਾਨੂੰ ਵੀ ਇੰਜ ਹੀ ਛਕਾਇਆ ਗਿਆ ਹੋਵੇਗਾ ਜੇਕਰ ਫਿਰ ਵੀ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਤੁਸੀਂ ਗੁਣੀ-ਗਿਆਨੀ ਤੇ ਬਖ਼ਸ਼ਣਹਾਰੇ ਹੋ” ਉਹ ਮੇਰੀਆਂ ਇਨ੍ਹਾਂ ਅਣਜਾਣਪੁਣੇ ਵਾਲੀਆਂ ਗੱਲਾਂ ਨੂੰ ਸੁਣ ਕੇ ਚਲੇ ਤਾਂ ਗਏ ਪਰ ਮੈਨੂੰ ਉਲਝਾ ਗਏ ਕਿ ਹੁਣ ਕਿਸ ਦੀ ਮੰਨੀਏ ਗੁਰੂ ਸਾਹਿਬ ਜੀ ਦੀ ਜਾਂ ਅਜੋਕੀਆਂ ਮਿਲ ਰਹੀਆਂ ਸਿੱਖਿਆਵਾਂ ਦੀ”
ਅਸੀਂ ਲੰਗਰ ਪਾਣੀ ਛੱਕ ਕੇ ਬੱਸ ਵੱਲ ਨੂੰ ਆ ਗਏ ਉਦੋਂ ਤੱਕ ਸਾਰੇ ਵਿਦਿਆਰਥੀ ਵੀ ਆ ਹੀ ਗਏ ਸਨ ਫਿਰ ਅਗਾਂਹ ਲਈ ਚਾਲੇ ਪਾ ਦਿੱਤੇ ਵਾਹਗਾ ਬਾਰਡਰ ਤੇ ਪਰੇਡ ਲਈ ਲਗਭਗ ਚਾਰ ਵਜੇ ਤੱਕ ਪਹੁੰਚਣਾ ਲਾਜ਼ਮੀ ਹੁੰਦਾ ਹੈ ਕਿਉਂਕਿ ਬਾਰਡਰ ਗੇਟ ਤੱਕ ਪਹੁੰਚਣ ਲਈ ਬੱਸ ਪਾਰਕਿੰਗ ਤੋਂ ਕਾਫ਼ੀ ਦੂਰ ਤੱਕ ਲਗਭਗ 1 ਕੀ. ਮੀ. ਪੈਦਲ ਜਾਣਾ ਪੈਂਦਾ ਹੈ ਆਰਮੀ/ਬੀ. ਐੱਸ. ਐਫ  ਦੇ ਜਵਾਨਾਂ ਦੀ ਵੀ ਦਰਸ਼ਕਾਂ ਲਈ ਚੈਕਿੰਗ ਦੇ ਬਹੁਤ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਅਸੀਂ ਟਾਈਮ ਤੇ ਹੀ ਪਹੁੰਚ ਗਏ ਸੀ ਤੇ ਸਾਰੇ ਇਕੱਠੇ ਹੋ ਕੇ ਤੁਰ ਪਏ ਬਾਰਡਰ ਦੇ ਮੁੱਖ ਗੇਟ ਵੱਲ ਨੂੰ ਤੁਰ ਪਏ…..  ਇਕੱਠ ਵੀ ਹਜ਼ਾਰਾਂ ਵਿਚ ਸੀ ।
ਬੱਸ ਇੱਥੇ ਹੀ ਮਨ ਦੁਖੀ ਹੋ ਗਿਆ ਉੱਥੇ ਇੱਕ ਮੰਜਰ ਦੇਖ ਕੇ ਬੀ. ਐੱਸ. ਐਫ. ਦੇ ਜਵਾਨਾਂ ਦਾ ਉਹ ਬਹੁਤ ਸਖ਼ਤਾਈ ਦਿਖਾ ਰਹੇ ਸਨ ਸਖ਼ਤਾਈ ਵੀ ਹੋਣੀ ਜ਼ਰੂਰੀ ਤਾਂ ਹੈ ਪਰ ਇੰਨਾ ਵੀ ਕਾਹਦਾ ਕਿ ਡਾਂਗਾਂ ਸੋਟੀਆਂ ਚਲਾਈਆਂ ਜਾਣ। ਮੇਰੇ ਸਾਹਮਣੇ ਹੀ ਇੱਕ ਛੋਟੀ ਜਿਹੀ ਭੀੜ ਨੂੰ ਹਟਾਉਣ ਲਈ ਉਨ੍ਹਾਂ ਤੇ ਸੋਟੀਆਂ ਮਾਰਨ ਲੱਗ ਪਏ ਨਿੱਕੇ ਨਿੱਕੇ ਬੱਚਿਆਂ ਦੇ ਵੀ ਡਾਂਗਾਂ ਮਾਰੀਆਂ ਜਾ ਰਹੀਆਂ ਸਨ। ਉਹ ਬੇ ਚਾਰੇ ਖੜੇ ਲੋਕ ਹੋਏ ਇਸ ਅਚਾਨਕ ਹਮਲੇ ਤੋਂ ਸਹਿਮ ਕੇ ਇਕਦਮ ਆਲ਼ੇ ਦੁਆਲੇ ਨੂੰ ਭੱਜ ਕੇ ਹੋ ਗਏ ਅਸੀਂ ਅਲੱਗ ਲਾਇਨ ਵਿਚ ਸੀ ਜੋ ਹੋਲੀ ਹੋਲੀ ਅੱਗੇ ਨੂੰ ਜਾ ਰਹੀ ਸੀ ।  ਉਹ ਜਵਾਨ ਆਪਣੀ ਸਖ਼ਤ ਕਾਰਵਾਈ ਕਰਦੇ ਹੋਏ ਉੱਥੋਂ ਅੱਗੇ ਨੂੰ ਜਾ ਰਹੇ ਸੀ ਜੋ ਕੋਰੀ ਇਸ ਤਸ਼ੱਦਦ ਦੀ ਪ੍ਰਵਾਹ ਨਹੀਂ ਕਰ ਰਹੇ ਸਨ ਕਿ ਕਿਸੇ ਦੇ ਸੱਟ ਵੀ ਲੱਗੀ ਕਿ ਨਹੀਂ।
ਮੈਂ ਉੱਥੇ ਹੀ ਰੁਕ ਗਿਆ ਤੇ ਲਾਈਨ ਤੋਂ ਬਾਹਰ ਹੋ ਕੇ ਉਨ੍ਹਾਂ ਦੁਖੀ ਹੋਏ ਲੋਕਾਂ ਕੋਲ ਚਲਾ ਗਿਆ ਤੇ ਉਨ੍ਹਾਂ ਦਾ ਹਾਲ ਪੁੱਛਣ ਲੱਗ ਪਿਆ ਉਨ੍ਹਾਂ ਦੁਖੀ ਹੋਏ ਲੋਕਾਂ ਦੀਆਂ ਗੱਲਾਂ ਸੁਣ ਮਨ ਫੇਰ ਆਜ਼ਾਦ ਭਾਰਤ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਬੰਨ੍ਹਿਆ ਜਾਣ ਲੱਗਿਆ ਉਹ ਫ਼ੌਜ ਦੇ ਜਵਾਨਾਂ ਨੂੰ ਕੋਸ ਰਹੇ ਸਨ ਤੇ ਕਹਿ ਰਹੇ ਸਨ ਕਿ “ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਕੀ ਕਸੂਰ ਸੀ, ਸਾਨੂੰ ਕਸੂਰ ਤਾਂ ਘੱਟੋ ਘੱਟ ਦਸ ਦਿੰਦੇ, ਇਹ ਤਾਂ ਸਰਾਸਰ ਧੱਕਾ ਏ, ਕੀ ਅਸੀਂ ਕੋਈ ਆਂਤਕਵਾਦੀ ਹੈਗੇ ਆ? ਕੀ ਇਸ ਨੂੰ ਹੀ ਸਾਂਤੀ ਕਿਹਾ ਜਾਦਾਂ ਏ? ਜੋ ਬਾਰਡਰ ਤੇ ਆਪਣੇ ਹੀ ਲੋਕਾਂ ਤੇ ਸੋਟੀਆਂ ਵਰਾ ਕੇ ਕੀਤੀ ਜਾ ਰਹੀ ਹੈ?”
ਮੈਂ ਉਨ੍ਹਾਂ ਦੇ ਇੰਨਾ ਸਵਾਲਾਂ ਦੇ ਜੁਆਬਾਂ ਨੂੰ ਲੱਭਣ ਦਾ ਯਤਨ ਕਰਦਾ ਹੋਇਆ ਉਨ੍ਹਾਂ ਦੇ ਦੁੱਖ ਵਿਚ ਦੁਖੀ ਹੁੰਦਾ ਹੋਇਆ ਉੱਥੇ ਹੀ ਖੜ ਗਿਆ ਤੇ ਸਾਥ ਦਿੰਦਾ ਹੋਇਆ ਆਰਮੀ ਦੇ ਉੱਥੇ ਖੜੇ ਇੱਕ ਅਫ਼ਸਰ ਨੂੰ ਸਖ਼ਤੀ ਨਾਲ ਪੁੱਛਿਆ ਕਿ “ਬਾਰਡਰ ਤੇ ਆਏ ਇਹਨਾਂ ਆਪਣੇ ਹੀ ਦੇਸ਼ ਦੀ ਜਨਤਾ ਨੂੰ ਇਸ ਤਰਾਂ ਕੁੱਟਣ ਦਾ ਅਧਿਕਾਰ ਤੁਹਾਨੂੰ ਤੇ ਤੁਹਾਡੇ ਜਵਾਨਾਂ ਨੂੰ ਸਰਕਾਰਾਂ ਵੱਲੋਂ ਕਦੋਂ ਤੋਂ ਪ੍ਰਾਪਤ ਹੋਇਆ ਹੈ ਇਹ ਸਰਾਸਰ ਧੱਕੇਸ਼ਾਹੀ ਹੈ ਇਸ ਕਾਰੇ ਲਈ ਤੁਹਾਨੂੰ ਮਾਫ਼ੀ ਮੰਗਣੀ ਚਾਹੀਦੀ ਹੈ” ਉਸ ਅਫ਼ਸਰ ਨੇ ਮੇਰੇ ਵੱਲ ਘੂਰੀ ਜਿਹੀ ਨਾਲ ਤੱਕਦਿਆਂ ਕਿਹਾ ਕਿ “ਹਮਾਰੇ ਸਾਥ ਬਾਤ ਕੈਸੇ ਕਰ ਰਹੇ ਹੋ ਤੁਮ ਤੁਮਾਰੇ ਪਾਸ ਕਿਆ ਅਧਿਕਾਰ ਹੈ” ਮੈ ਆਪਣੀ ਪਹਿਚਾਣ ਦੱਸਦਿਆਂ ਕਿਹਾ ਕਿ “ਇੱਕ ਹਿੰਦੁਸਤਾਨੀ ਨਾਗਰਿਕ ਨਾ ਕਿ ਪਾਕਿਸਤਾਨੀ ਹਾਂ” ਤੇ ਪੱਤਰਕਾਰ ਤੇ ਲੇਖਕ ਹੋਣ ਦੇ ਪ੍ਰਮਾਣ ਵਜੋਂ ਸਵਾਲ ਪੁੱਛਣ ਦੇ ਕਈ ਅਧਿਕਾਰਾਂ ਵਾਲੇ ਆਈ. ਡੀ. ਕਾਰਡ. ਦੇ ਢੇਰ ਉਸ ਦੇ ਹੱਥ ਵਿਚ ਰੱਖ ਦਿੱਤੇ।
ਉਹ ਅਫ਼ਸਰ ਸਹਿਮ ਗਿਆ ਤੇ ਕਹਿਣ ਲੱਗਾ ਕਿ “ਯੇ ਗ਼ਲਤ ਕਿਆ ਹੈ ਇਨ ਜਵਾਨੋ ਨੇ, ਉੱਨ ਜਵਾਨੋ ਕੀ ਤਰਫ਼ ਸੇ ਹਮ ਗ਼ਲਤੀ ਮਾਨਤੇ ਹੈ”। ਸ਼ਾਇਦ ਇੰਨਾ ਸੁਣ ਕੇ ਉਹ ਲੋਕ ਤਾਂ ਚੁੱਪ ਹੋ ਗਏ…. ਕਰ ਵੀ ਕੀ ਸਕਦੇ ਸੀ ਪਰ ਇਸ ਧੱਕੇਸ਼ਾਹੀ ਦੀ ਕਾਰਵਾਈ ਨੂੰ ਦੇਖਣ ਵਾਲੀ ਮੇਰੀ ਸੋਚ ਸੋਚਾਂ ਦੇ ਗਹਿਰੇ ਸਮੁੰਦਰਾਂ ਵਿਚ ਡੁੱਬ ਚੁੱਕੀ ਸੀ ਮੈਨੂੰ ਤਸੱਲੀ ਨਹੀਂ ਹੋ ਰਹੀ ਸੀ ਹੁਣ ਸੱਚ ਜਾਨੋਂ ਆਪਣੀ ਧਰਤੀ ਤੇ ਹੀ ਪਰਾਏ ਪਣ ਦਾ ਅਹਿਸਾਸ ਹੋ ਰਿਹਾ ਸੀ। ਮੈਂ ਉੱਥੋਂ ਅੱਗੇ ਨਹੀਂ ਗਿਆ ਅਸਲ ਵਿਚ ਅੱਗੇ ਜਾਣਾ ਵੀ ਨਹੀਂ ਚਾਹੁੰਦਾ ਸੀ ਸਮਝ ਨਹੀਂ ਆ ਰਿਹਾ ਸੀ ਕਿ ਅਸਲ ਬਾਰਡਰ ਕਿਹੜਾ ਏ ਉਹ ਬਾਰਡਰ ਜਿੱਥੇ ਪਰੇਡ ਹੋ ਰਹੀ ਸੀ ਜਾਂ ਆਪਣੀ ਹੀ ਧਰਤੀ ਤੇ ਆਪਣੇ ਹੀ ਰਾਖੇ ਜਵਾਨਾਂ ਵੱਲੋਂ ਕੁੱਝ ਕੁੱਝ ਦੂਰੀ ਤੇ ਬਾਰਡਰ ਬਣਾ ਕੇ ਲੋਕਾਂ ਦੀ ਪਰੇਡ ਕੀਤੇ ਜਾਣ ਵਾਲਾ ਇਹ ਬਾਰਡਰ।
ਮੈਂ ਉੱਥੇ ਹੀ ਸਾਈਡ ਤੇ ਬੈਠ ਗਿਆ ਪਰੇਡ ਖ਼ਤਮ ਹੋਣ ਤੋਂ ਬਾਅਦ ਲੋਕ ਵਾਪਸ ਆ ਰਹੇ ਸੀ ਸਾਰੇ ਵਿਦਿਆਰਥੀ ਵੀ ਆ ਗਏ ਮੈਂ ਉੱਠਿਆ ਤੇ ਉਨ੍ਹਾਂ ਨਾਲ ਵਾਪਸ ਹੋ ਕੇ ਬੱਸ ਵਿਚ ਬੈਠ ਗਿਆ ਤੇ ਡਰਾਈਵਰ ਵੀਰ ਨੂੰ  ਬੱਸ ਸ੍ਰੀ ਦਰਬਾਰ ਸਾਹਿਬ ਜੀ ਵੱਲ ਲੈ ਕੇ ਜਾਣ ਨੂੰ ਬੇਨਤੀ ਕਰ ਦਿੱਤੀ ਬੱਸ ਅਜੇ ਤੁਰੀ ਹੀ ਸੀ ਕਿ ਦੋ ਫ਼ੌਜ ਦੇ ਦੋ ਜਵਾਨ ਬੱਸ ਵਿਚ ਅੰਮ੍ਰਿਤਸਰ ਸਾਹਿਬ ਤੱਕ ਜਾਣ ਲਈ ਚੜ੍ਹ ਗਏ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਉਨ੍ਹਾਂ ਨੂੰ ਦੇਖ ਕੇ ਉਤਾਰਨਾ ਵੀ ਚਾਹਿਆ ਬੱਸ ਵਿਚੋਂ ਪਰ ਸੋਚਿਆ ਕਿ ਹਰੇਕ ਇੱਕੋ ਜਿਹਾ ਨਹੀਂ ਹੁੰਦਾ।
ਅਸੀਂ ਸਾਰੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਦੀ ਹੁੰਦੇ ਹੋਏ ਟ੍ਰੈਫਿਕ ਵਿਚੋਂ ਦੀ ਜਾ ਰਹੇ ਸੀ ਟ੍ਰੈਫਿਕ ਬਹੁਤ ਜ਼ਿਆਦਾ ਸੀ……………. ਸ਼ਹਿਰ ਵਿਚ ਜੇਕਰ ਸਫ਼ਾਈ ਦੀ ਗੱਲ ਕਰੀਏ ਤਾਂ ਜਿਸ ਤਰਾਂ ਪੂਰੀ ਦੁਨੀਆ ਤੇ ਸਾਂਝੇ ਧਰਮਾਂ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਿੱਖੀ ਸਿਧਾਂਤਾਂ ਦਾ ਸਤਿਕਾਰ ਦਿਲਾਂ ਵਿਚ ਰੱਬੀ ਰੂਹਾਂ ਨੂੰ ਦ੍ਰਿੜ੍ਹ  ਕਰਦਾ ਹੈ ਉਸੇ ਦੇ ਉਲਟ ਸ਼ਹਿਰ ਵਿਚ ਜਗ੍ਹਾ ਜਗ੍ਹਾ ਕੁੜੇ ਦੇ ਢੇਰ,  ਆਵਾਰਾ ਜਾਨਵਰ ਸ਼ਰੇਆਮ ਘੁੰਮ ਰਹੇ ਸਨ,  ਗੁਰੂ ਕੀ ਨਗਰੀ ਦੀ ਮਹਾਨਤਾ ਨੂੰ ਨਤਮਸਤਕ ਹੋਣ ਵਾਲੇ ਅਨੇਕਾਂ ਹੀ ਦੇਸਾਂ ਵਿਦੇਸ਼ਾਂ ਤੋਂ ਆਏ ਲੋਕਾਂ ਦੀਆਂ ਦਿਲਾਂ ਵਿਚ ਜ਼ਰੂਰ ਕਈ ਅਣਸੁਲਝਣ ਵਾਲੇ ਸਵਾਲ ਮੇਰੇ ਸਵਾਲਾਂ ਵਾਂਗੂੰ ਘੇਰੇ ਪਾ ਰਹੇ ਹੋਣਗੇ ।.
ਸਭ ਤੋਂ ਵੱਡੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਸ਼ਰਾਬ ਦੇ ਠੇਕੇ ਵੀ ਆਮ ਸ਼ਹਿਰਾਂ ਨਾਲੋਂ ਵੀ ਵੱਧ ਸਨ ਜਿੱਥੇ ਤਕ ਮੈਂ ਜਾਣਦਾ ਹਾਂ ਕਿ ਹਿੰਦੂ ਧਰਮ ਵਿਚ ਮਹਾਨਤਾ ਰੱਖਣ ਵਾਲਾ ਤੀਰਥ ਅਸਥਾਨ ਹਰਿਦੁਆਰ ਵਿਖੇ ਕੋਈ ਵੀ ਠੇਕਾ ਨਹੀਂ ਜੇਕਰ ਕੋਈ ਸ਼ਰਾਬ ਜਾਂ ਹੋਰ ਕਈ ਨਸ਼ਾ ਵੀ ਵੇਚਦਾ ਜਾਂ ਖਾਧਾ ਪੀਂਦਾ ਦੇਖ ਲਿਆ ਜਾਂਦਾ ਹੈ (ਜਾਂ ਇਸ ਤੋਂ ਇਲਾਵਾ ਮੇਰੀ ਬੇਚੈਨੀ ਵਿਚ ਉਦੋਂ ਵਧਾਅ ਹੋ ਗਿਆ ਜੱਦੋ ਆਜ਼ਾਦੀ ਵਿਚ ਅਹਿਮ ਰੋਲ ਅਦਾ ਕਰ ਕੇ ਸਹੀਦੀਆਂ ਪ੍ਰਾਪਤ ਕਰਨ ਵਾਲੇ ਲੱਖਾਂ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਕਰਨ ਤੋਂ ਬਾਅਦ ਕੁੱਝ ਆਗੂਆਂ ਤੇ ਸਰਕਾਰਾਂ ਵੱਲੋਂ ਆਪਣੇ ਨਿੱਜੀ ਫ਼ਾਇਦਿਆਂ ਲਈ ਵਰਤੀਆਂ ਨੀਤੀਆਂ ਰਾਹੀ ਕੀਤੀ ਰਾਜਨੀਤਕਾਂ ਵਿਚ ਅਹਿਮ ਰੋਲ ਅਦਾ ਕਰ ਕੇ ਆਜਾਦੀ ਲਈ ਪ੍ਰਮੁੱਖਤਾ ਅਤੇ ਮਹਾਤਮਾ ਦਾ ਦਰਜਾ ਪ੍ਰਾਪਤ ਕਰਨ ਵਾਲੇ ਮੋਹਨ ਦਾਸ ਕਰਮ ਚੰਦ ਗਾਂਧੀ ਦੀ 2 ਅਕਤੂਬਰ ਦੀ ਜਨਮ ਮਿਤੀ ਤੇ ਵੀ ਸ਼ਰਾਬ ਜਾਂ ਹੋਰ ਨਸ਼ੇ ਦੇ ਬਿਕਰੀ ਤੇ ਪਾਬੰਦੀ ਲਗਾਈ ਗਈ ਹੈ) ਜੇਕਰ ਕੋਈ ਉਲੰਘਣਾ ਕਰੇ ਤਾਂ ਉਸ ਉੱਪਰ ਸਖ਼ਤੀ ਕੀਤੀ ਜਾਂਦੀ ਅਤੇ ਕਾਨੂੰਨ ਦੇ ਤਹਿਤ ਕੇਸ਼ ਵੀ ਦਰਜ ਕੀਤੇ ਜਾਂਦੇ ਫਿਰ ਕਿਉਂ ਸਰਬ ਧਰਮਾਂ ਦੇ ਸਾਂਝੇ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਾਂਝੇ ਧਰਮ ਸਿੱਖ ਧਰਮ ਦੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੇ ਹੋਰ ਬੇਅੰਤ ਸਹੀਦਾ ਦੇ ਸਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਇਹੋ ਜਿਹੇ ਨਸ਼ਿਆਂ ਨੂੰ ਰੋਕਣ ਹਿਤ ਸਖ਼ਤ ਕਾਨੂੰਨ ਨਹੀਂ ਬਣਾਏ ਗਏ। ਹੁਣ ਸਵਾਲ ਇਹ ਵੀ ਹੈ ਕਿ ਕਿਵੇਂ ਗੁਰੂ ਕੀ ਨਗਰੀ ਦੀ ਮਹਾਨਤਾ ਤੇ ਸਤਿਕਾਰ ਨੂੰ ਬਰਕਰਾਰ ਰੱਖਿਆ ਜਾਵੇ ਪਤਾ ਨਹੀਂ ਫਿਰ ਕਿੰਨੇ ਹੀ ਸਵਾਲਾਂ ਵਿਚ ਲਗਾਤਾਰ ਘਿਰਦਾ ਜਾ ਰਿਹਾ ਸੀ ਮੈਂ।
ਅਸੀਂ ਲਗਭਗ 7 ਵਜੇ ਸਾਮੀ ਦਰਬਾਰ ਸਾਹਿਬ ਪਹੁੰਚ ਗਏ ਸੀ। ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਨਜ਼ਦੀਕੀ ਮਿੱਤਰ ਐੱਸ ਜੀ ਪੀ ਸੀ ਮੈਂਬਰ ਸਤਿਕਾਰਯੋਗ ਗੁਰਪ੍ਰੀਤ ਸਿੰਘ ਝੱਬਰ ਜੀ ਮਾਨਸਾ ਜੀ ਦੀ ਕਿਰਪਾ ਸਦਕਾ ਮਾਤਾ ਗੰਗਾ ਨਿਵਾਸ ਵਿਚ ਹਾਲ ਕਮਰਾ ਬੁੱਕ ਪਹਿਲਾਂ ਹੀ ਕਰਵਾਇਆ ਜਾ ਚੁੱਕਿਆ ਸੀ ਅਸੀਂ ਚਾਬੀ ਲਈ ਤੇ ਹਾਲ ਵਿਚ ਆਪੋ ਆਪਣਾ ਸਾਮਾਨ ਰੱਖ ਕੇ ਥੋੜ੍ਹਾ ਆਰਾਮ ਕਰਨ ਲੱਗ ਪਏ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ “ਸਾਰੇ ਜਣੇ ਹੁਣ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਤੇ ਅਨੰਦ ਮਈ ਕੀਰਤਨ ਸਰਵਨ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਆਪਣੀ ਇਸ ਯਾਤਰਾ ਨੂੰ ਸਫਲਾ ਬਣਾਉਣ ਤੇ ਇਹਨਾਂ ਅਨਮੋਲ ਯਾਦਾਂ ਨੂੰ ਲਮੇਰੇ ਸਮੇਂ ਤੱਕ ਹਿਰਦੇ ਵਿਚ ਵਸਾਉਣ” ਮੇਰਾ ਇੰਜ ਸਮਝਾਉਣਾ ਲਾਜ਼ਮੀ ਵੀ ਸੀ ਤੇ ਸਾਰੇ ਸਮਝ ਵੀ ਗਏ ਸਨ ਕੁੱਝ ਸਮੇਂ ਬਾਅਦ ਅਸੀਂ ਸਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਚਲੇ ਗਏ ਉਪਰੰਤ ਰਾਤ ਨੂੰ ਲੰਗਰ ਪਾਣੀ ਛਕਿਆ ਤੇ ਵਾਪਸ ਹਾਲ ਵਿਚ ਆ ਕੇ ਆਰਾਮ ਕੀਤਾ ਤੇ ਸਵੇਰੇ ਇਸ਼ਨਾਨ ਉਪਰੰਤ ਨੇੜੇ ਦੇ ਸਾਰੇ ਗੁਰੂ-ਘਰੋਂ ਦੇ ਦਰਸ਼ਨ ਕੀਤੇ।
ਮੈਂ ਉੱਥੇ ਪਹੁੰਚੀ ਸੰਗਤ ਦੇ ਵੀ ਦਰਸ਼ਨ ਕਰ ਕੇ ਬੇਅੰਤ ਉਪਜ ਰਹੇ ਸਵਾਲਾਂ ਦੇ ਜੁਆਬਾਂ ਦੀ ਉਡੀਕ ਕਰ ਰਿਹਾ ਸੀ ਅਸਲ ਵਿਚ ਸਿੱਖ ਕੌਮ ਦਾ ਪਾਸਾਰ ਤਾਂ ਹੋ ਰਿਹਾ ਹੈ ਪਰ ਸਿੱਖੀ ਨਾਲ ਸੰਬੰਧਿਤ ਲੋਕਾਂ ਵਿਚ ਨਹੀਂ ਹੋਰਾਂ ਧਰਮਾਂ ਦੇ ਲੋਕ ਗੁਰਸਿੱਖੀ ਜੀਵਨ ਦੇ ਸੁਚੱਜੇ ਸਿਧਾਂਤਾਂ ਵੱਲ ਪ੍ਰਭਾਵਿਤ ਹੋ ਰਹੇ ਹਨ ਇਸ ਦੇ ਸਿੱਟੇ ਵਜੋਂ ਤਾਂ ਗੈਰ ਧਰਮਾਂ ਦਾ ਇਕੱਠ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਭਾਰੀ ਗਿਣਤੀ ਵਿਚ ਸੀ…….ਇੰਜ ਨਹੀਂ ਕਿ ਸਾਬਤ ਸਰੂਪ ਵਾਲੇ ਵੀਰ ਭੈਣ ਨਹੀਂ ਸਨ …… ਸਾਬਤ ਸਰੂਪ ਵਾਲੇ ਸਿੰਘ ਭਾਈ ਤੇ ਬੀਬੀਆਂ ਵੀ ਸਨ ਪਰ ਬਹੁਤ ਘੱਟ ਇਹ ਸਭ ਦੇਖ ਕੇ ਸੋਚ ਰਿਹਾ ਸੀ ਸਿੱਖ ਕੌਮ ਵਿਚ ਆਈ ਨਿਘਾਰਤਾ ਦੇ ਆਉਣ ਦੇ ਕਈ ਕਾਰਨ ਵਿਚੋਂ ਇੱਕ ਮੁੱਖ ਕਾਰਨ ਬੇਅੰਤ ਸੰਪਰਦਾਵਾਂ ਉਨ੍ਹਾਂ ਦੇ ਆਪਣੇ ਨਿਯਮ, ਡੇਰਾਵਾਦਾਂ, ਬਾਬਿਆਂ, ਪ੍ਰਚਾਰਕਾਂ ਦਾ ਕੌਮ ਨੂੰ ਸਿੱਖੀ ਸਿਧਾਂਤਾਂ ਦੇ ਮੂਲ ਨਾਲੋਂ ਤੋੜ ਕੇ ਆਪਣੀ ਮਨਮਤ ਅਨੁਸਾਰ ਜੋੜਨਾ ਹੈ। ਉੱਥੇ ਬੇਅੰਤ ਲੋਕਾਂ ਦੇ ਸਿੱਖੀ ਪੂਰਨ ਬਾਣਿਆਂ ਦੇ ਦਰਸ਼ਨ ਕਰ ਕੇ ਮੈਂ ਪ੍ਰਭਾਵਿਤ ਹੋ ਤਾਂ ਰਿਹਾ ਸੀ  ਪਰ ਇਸ ਤੋਂ ਉਲਟ ਕਈਆਂ ਦੇ ਬਾਣਿਆਂ ਤੇ ਨਜ਼ਰ ਜਦੋਂ ਪੈ ਜਾਂਦੀ ਤਾਂ ਅੱਖਾਂ ਤੇ ਸ਼ਰਮ ਦਾ ਪਰਦਾ ਪਾਉਣ ਲਈ ਨੀਵਾਂ ਕਰਨਾ ਪੈ ਜਾਂਦਾ ਸੀ ਅਸਲ ਵਿਚ ਹੁਣ ਤਾਂ ਧਾਰਮਿਕ ਅਸਥਾਨਾਂ ਤੇ ਵੀ ਲੋਕਾਂ ਦਾ ਆਉਣਾ ਭਾਵਨਾਵਾਂ ਅਤੇ ਸ਼ਰਧਾ ਨੂੰ ਅਣਦੇਖਾ ਕਰ ਕੇ ਪਿਕਨਿਕ ਤੇ ਆਉਣ ਦੇ ਸਮਾਂ ਤਰ ਹੀ ਸਮਝਣਾ ਹੋ ਗਿਆ ਹੈ।
ਜੇਕਰ ਮੇਰੀਆਂ ਇੰਨਾ ਗੱਲਾਂ ਤੋਂ ਕਿਸੇ ਦਾ ਮਨ ਦੁਖੀ ਹੋ ਰਿਹਾ ਹੋਵੇ ਤਾਂ ਮੁਆਫ਼ੀ ਚਾਹੁੰਦਾ ਪਰ ਜੋ ਸੱਚ ਹੈ ਉਸ ਦੀ ਵਿਚਾਰ ਕਰਨਾ ਤੋਂ ਮੈ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਸਦਕਾ ਨਿਡਰ ਹੋ ਕੇ ਕਰਦ ਹਾਂ ਤੇ ਕਰਦਾ ਰਹਾਂਗੇ । ਧਾਰਮਿਕ ਅਸਥਾਨਾਂ ਤੇ ਜਾ ਕੇ ਵੀ ਲੋਕ ਤਰਾਂ ਤਰਾਂ ਦੇ ਪੋਜ਼ ਬਣਾ ਕੇ ਫ਼ੋਟੋ ਸੂਟ ਕਰਦੇ ਹਨ, ਹੁਣ ਤਾਂ ਸੈਲਫੀ ਫ਼ੋਟੋ ਖਿੱਚਣ ਦਾ ਵੀ ਰੁਝਾਨ ਬਹੁਤ ਵੱਧ ਗਿਆ ਹੈ ਤੇ ਸੋਸ਼ਲ ਸ਼ਾਇਟਿਸ ਦੇ ਜਿੱਥੇ ਫ਼ਾਇਦੇ ਹਨ ਉੱਥੇ ਉਸ ਤੋਂ ਵੱਧ ਨੁਕਸਾਨ ਹਨ ਇਹਨਾਂ ਗੱਲਾਂ ਤੋਂ ਵੀ ਸਾਰੇ ਪਾਠਕ ਵੀਰ ਭਲੀ ਭਾਂਤੀ ਜਾਣੂੰ ਹੀ ਹਨ ।
ਮੇਰੇ ਨਾਲ ਗਏ ਮਾਸਟਰ ਵੀਰ ਮਨਦੀਪ ਸਿੰਘ ਚੱਕ ਨਾਲ ਵਿਚਾਰਾਂ ਕਰ ਰਿਹਾ ਸੀ ਕਿ ਵੀਰ ਮੈਨੂੰ ਇਹ ਮਾਹੌਲ ਦੇਖ ਕੇ ਅਕਸਰ ਸਿੱਖ ਕੌਮ ਦੇ ਇੱਕ ਮਹਾਨ ਪ੍ਰਚਾਰਕ  ਦੀ ਗੱਲ ਯਾਦ ਆ ਜਾਂਦੀ ਉਹ ਕਿਹਾ ਕਰਦੇ ਸਨ ਕਿ “ਜਿਹੋ ਜਿਹੀ ਪ੍ਰਬਲ ਇੱਛਾ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਜਾਂ ਦੂਜੇ ਨੂੰ ਆਪਣੇ ਪ੍ਰਤੀ ਖਿੱਚਣ ਦੀ ਹੁੰਦੀ ਹੈ ਉਸੇ ਤਰਾਂ ਦਾ ਪਹਿਰਾਵਾ ਜਾਂ ਆਚਰਨ ਪਸੰਦ ਹੁੰਦਾ ਹੈ ਤੇ ਉਹੀ ਪਹਿਰਾਵਾ ਅਤੇ ਆਚਰਨ ਆਪਣੇ ਆਪ ਉੱਪਰ ਵੀ ਭਾਰੂ ਹੋਣ ਲੱਗ ਜਾਂਦਾ ਹੈ” ਉਹ ਉਦਾਹਰਨ ਦਿੰਦਿਆਂ ਦੱਸਦੇ ਹੁੰਦੇ ਸਨ “ਇਸ ਸੰਸਾਰਿਕ ਜੀਵਨ ਦੌਰਾਨ ਜਿਵੇਂ ਬੰਦੇ ਵਿਚ ਔਰਤ ਪ੍ਰਤੀ ਤੇ ਔਰਤ ਵਿਚ ਬੰਦੇ ਪ੍ਰਤੀ ਖਿੱਚ ਹੈ ਤੇ ਜੇਕਰ ਇਸ ਖਿੱਚ ਨੂੰ ਭਾਰੂ ਹੋਣ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ  ਬੰਦੇ ਵਿਚ ਵੀ ਔਰਤ ਵਾਲੀਆਂ ਆਦਤਾਂ ਤੇ ਪਹਿਰਾਵੇ ਤੇ ਔਰਤਾਂ ਵਿਚ ਬੰਦੇ ਵਾਲਾ ਪਹਿਰਾਵਾ ਤੇ ਆਦਤਾਂ ਦਾ ਹੋਣਾ ਸੁਭਾਵਿਕ ਹੋ ਜਾਂਦਾ ਹੈ” ਤੇ ਇਹ ਸੱਚ ਵੀ ਤਾਂ ਹੈ ਹੁੰਦਾ ਵੀ ਤਾਂ ਇੰਜ ਹੀ ਹੈ ਲੱਖਾਂ ਉਦਾਹਰਨਾਂ  ਆਪਣੇ ਆਲ਼ੇ ਦੁਆਲੇ ਘੁੰਮ ਰਹੀਆਂ ਹਨ ਜਿੰਨਾ ਨੂੰ ਅਸੀਂ ਝੁਠਲਾ ਨਹੀਂ ਸਕਦੇ ਅਸੀਂ ਇੰਨਾ ਵਿਚਾਰਾਂ ਵਿਚ ਖੋਏ ਹੋਏ ਸਾਂ ਕਿ ਪਤਾ ਵੀਂ ਨਹੀਂ ਚੱਲਿਆ ਕਿ ਕੱਦ ਹਾਲ ਕਮਰੇ ਵਿਚ ਆ ਗਏ।
ਅਗਲੇ ਦਿਨ ਵਾਪਸ ਪਰਤਣ ਲਈ ਮੈਂ ਸਾਰਿਆਂ ਵਿਦਿਆਰਥੀਆਂ ਨੂੰ ਤਿਆਰ ਹੋ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਾਅਦ ਚਾਲੇ ਪਾਉਣ ਲਈ ਬੇਨਤੀ ਕੀਤੀ । ਵਿਦਿਆਰਥੀਆਂ ਦੇ ਚਿਹਰਿਆਂ ਤੇ ਨਮੋਸ਼ੀ ਵੀ ਸਾਫ਼ ਝਲਕ ਰਹੀ ਸੀ ਮੈਂ ਚੰਗੀ ਤਰਾਂ ਉਨ੍ਹਾਂ ਦੇ ਮਨ ਦੇ ਖ਼ਿਆਲਾਂ ਨੂੰ ਸਮਝ ਰਿਹਾ ਸੀ ਕਿਉਂ ਸ਼ਾਮ ਨੂੰ ਸਾਰਿਆਂ ਨੇ ਫਿਰ ਵਿੱਛੜ ਜਾਣਾ ਜਿਸ ਦੇ ਗ਼ਮ ਹੁਣੇ ਤੋਂ ਹੀ ਸ਼ੁਰੂ ਹੋ ਚੁੱਕਿਆ ਸੀ।  ਤਿਆਰ ਬਰ ਤਿਆਰ ਹੋ ਕੇ ਗੁਰੂ ਸਾਹਿਬ ਜੀ ਤੋਂ ਵਾਪਸੀ ਅਤੇ ਹੋਈਆਂ ਭੁੁੱਲਾਂ ਚੁੱਕਾਂ ਦੀ ਖਿਮਾ ਦੀ ਅਰਦਾਸ ਮੰਗ ਕੇ ਵਾਪਸੀ ਲਈ ਚਾਲੇ ਪਾ ਦਿੱਤੇ।
ਰਸਤੇ ਵਿਚ ਇੱਕ ਨਾਮੀ ਤੇ ਵੱਡੀ ਸਤਿਕਾਰਯੋਗ ਸੰਪਰਦਾਇ ਦੇ ਗੁਰਦੁਆਰਾ ਸਾਹਿਬ  ਰੁਕਣ ਲਈ ਡਰਾਈਵਰ ਨੂੰ ਬੇਨਤੀ ਕੀਤੀ ਉਨ੍ਹਾਂ ਵੀ ਬੱਸ ਨੂੰ ਰੋਕਿਆ ਤੇ ਸਾਰੇ ਵਿਦਿਆਰਥੀਆਂ ਸਮੇਤ ਅਸੀਂ ਵੀ ਦਰਿਆ ਤੇ ਬਣੇ ਪੁਲ ਉੱਪਰ ਦੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੁਰ ਪਏ । ਇੱਥੇ ਦੱਸਣਾ ਚਾਹਾਂਗਾ ਕਿ ਜਦੋਂ ਪੁਲ ਨੂੰ ਲੰਘ ਰਹੇ ਸੀ ਤਾਂ ਬੜੀ ਗੰਦੀ ਬਦਬੂ ਆ ਰਹੀ ਸੀ ਉੱਥੋਂ ਦੀ ਗੁਜ਼ਰਨਾ ਬੜਾ ਮੁਸ਼ਕਲ ਹੋ ਰਿਹਾ ਸੀ ਸਾਰਿਆਂ ਨੇ ਆਪਣੇ ਮੂੰਹ ਖ਼ਾਸਕਰ ਨੱਕ ਉੱਪਰ ਰੁਮਾਲ ਜਾਂ ਚੁੰਨੀ ਰੱਖੀ  ਹੋਈ ਸੀ ਅਸਲ ਵਿਚ ਦਰਿਆ/ਨਹਿਰ ਦੇ ਬਣੇ ਪੁਲ ਤੋਂ ਜਦੋਂ ਵਗਦੇ ਪਾਣੀ ਵੱਲ ਦੇਖਿਆ ਤਾਂ ਕਈ ਮਰੇ ਹੋਏ ਜਾਨਵਰ ਵਿਖੇ ਜੋ ਗੱਲ ਸੜ ਰਹੇ ਸੀ ਇਸ ਦੇਖ ਮਨ ਬੜਾ ਦੁਖੀ ਹੋਇਆ। ਸ਼ਾਇਦ ਉਥੋਂ ਦੇ ਸੇਵਾਦਾਰਾਂ ਨੂੰ ਇਸ ਬਦਬੂ ਦਾ ਅਹਿਸਾਨ ਨਹੀਂ ਹੋ ਪਾ ਰਿਹਾ ਸੀ। ਮੇਰਾ ਮਨ ਬਣਿਆ ਕਿ ਇਸ ਬਾਰੇ ਜਰੂਰ ਵਿਚਾਰ ਕਰਾਂਗਾ।
ਅਗਾਂਹ ਗਏ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਘਰ ਦੇ ਆਲ਼ੇ ਦੁਆਲੇ ਬਣੇ ਦ੍ਰਿਸ਼ਾਂ ਨੂੰ ਦੇਖਣ ਲੱਗ ਪਏ ਪਰ ਹੈਰਾਨੀ ਉਦੋਂ ਹੋਈ ਜਦੋਂ ਉੱਥੋਂ ਦੇ ਸੇਵਾਦਾਰਾਂ ਨੇ ਰੋਕਣਾ ਸ਼ੁਰੂ ਕਰ ਦਿੱਤਾ “ਇੱਧਰ ਨਾ ਜਾਓ ਉੱਧਰ ਨਾ ਜਾਓ, ਇਥੇ ਚਾਹ ਲੰਗਰ ਟਾਈਮ ਤੇ ਸੇਵਾਦਾਰਾਂ ਲਈ ਹੀ ਆਉੰਦਾ” ਬੋਲੀ ਦੀ ਵਰਤੋਂ ਵੀ ਪ੍ਰੇਮ ਵਾਲੀ ਤਾਂ ਹੈ ਹੀ ਨਹੀਂ ਸੀ ਮੈਂ ਬੜਾ ਹੈਰਾਨ ਹੋਇਆ ਤੇ ਉਸ ਸੇਵਾਦਾਰ ਨੂੰ ਪੁੱਛਿਆ ਕਿ “ਭਾਈ ਸਾਹਿਬ ਜੀ ਇੱਥੋਂ ਦੇ ਮੁੱਖ ਸੇਵਾਦਾਰ ਕੋਣ ਨੇ ਅਸੀਂ ਦਰਸ਼ਨ ਕਰਨੇ ਚਾਹੁੰਦੇ ਹਾਂ ਉਨ੍ਹਾਂ ਦੇ” ਉਹ ਕਹਿੰਦਾ ਕਿ ” ਉਹ ਦਰਬਾਰ ਸਾਹਿਬ ਦੇ ਪਿਛਾਂਹ ਉਨ੍ਹਾਂ ਦਾ ਨਿਵਾਸ ਅਸਥਾਨ ਹੈ ਉੱਥੇ ਚਲੇ ਜਾ” ਅਸੀਂ ਸੱਤ ਕਿਹਾ ਤੇ  ਚੱਲ ਪਏ ਮੈਂ ਦਰਸ਼ਨ ਕਰਨਾ ਚਾਹੁੰਦਾ ਸੀ ਉੱਥੋਂ ਦੇ ਮੁੱਖ ਸੇਵਾਦਾਰ ਸਾਹਿਬ ਜੀ ਦੇ ਜਿੰਨਾ ਦੇ ਏਨੇ ਸਖ਼ਤ ਆਦੇਸ਼ਾਂ ਹਿਤ ਸਫਾਈ ਨੂੰ ਬਰਕਰਾਰ ਰਖਣ ਲਈ ਰੋਕਾਂ ਲਗਾਈਆਂ ਜਾ ਰਹੀਆਂ ਸਨ ਅਤੇ ਖ਼ਾਸਕਰ ਪੁੱਛਣਾ ਚਾਹੁੰਦਾ ਸੀ ਪੁਲ ਉੱਪਰ ਦੀ ਗੁਜ਼ਰਨ ਲੱਗੇ ਆ ਰਹੀ ਬਦਬੂ ਨੂੰ ਨਾ ਹਟਾਉਣ ਦੇ ਕਾਰਨ ਬਾਰੇ” ।
ਮੁੱਖ ਸੇਵਾਦਾਰ ਸਾਹਿਬਾਨ ਜੀ ਦੇ ਨਿਵਾਸ ਅਸਥਾਨ ਦੇ ਬਾਹਰ ਖੜੇ ਸੇਵਾਦਾਰ ਨੇ ਰੋਕਿਆ ਤੇ ਕਿਹਾ ਕਿ “ਬਾਬਾ ਜੀ ਤਾਂ ਅਜੇ ਆਰਾਮ ਵਿਚ ਹਨ ਅਜੇ ਨਹੀਂ ਮਿਲ ਸਕਦੇ” ਮੈਂ ਕਿਹਾ ਕਿ “ਵੀਰ ਕੋਈ ਗੱਲ ਨਹੀਂ ਇੰਤਜ਼ਾਰ ਕਰ ਲੈਣੇ ਆ ” ਅਸੀਂ ਉੱਥੇ ਹੀ ਬੈਠ ਗਏ। ਬੈਠਿਆਂ ਨੂੰ ਕਾਫ਼ੀ ਦੇਰ ਹੋ ਗਈ ਸੀ ਕੋਈ ਸੁਨੇਹਾ ਨਾ ਆਇਆ ਦੇਖ ਮੈਂ ਫੇਰ ਕਿਹਾ ਕਿ ਵੀਰ ਦਾਸ ਇੱਕ ਅਖ਼ਬਾਰ ਦਾ ਸੰਪਾਦਕ ਹੈ ਜੇਕਰ ਸਮਾਂ ਮਿਲ ਜਾਵੇ ਤਾਂ ਕੁੱਝ ਧਾਰਮਿਕ ਮੁੱਦਿਆਂ ਤੇ ਵਿਚਾਰਾਂ ਹੋ ਜਾਂਦੀਆਂ”। ਇਹ ਸੁਣ ਸ਼ਾਇਦ ਉਨ੍ਹਾਂ ਅੰਦਾਜ਼ਾ ਲਗਾ ਲਿਆ ਹੋਣਾ ਕਿ ਇਨ੍ਹਾਂ ਮਿਲੇ ਬਗੈਰ ਨਹੀਂ ਜਾਣਾ।
ਲਓ ਜੀ ਸਾਨੂੰ ਵੀ ਆਗਿਆ ਮਿਲ ਹੀ ਗਈ ਅੰਦਰ ਕਮਰੇ ਵਿਚ ਦਾਖਲ ਹੋਣ ਦੀ ਜਦੋਂ ਅੰਦਰ ਗਏ ਤਾਂ ਬਾਬਾ ਜੀ ਇੱਕ ਵੱਡੀ ਸਾਰੀ ਕੁਰਸੀ ਤੇ ਬੈਠੇ ਸਨ ਤੇ ਫਰਸ ਤੇ ਵਿਛਾਈ ਦਰੀ ਤੇ ਦੋ ਬੀਬੀਆਂ ਤੇ ਇੱਕ ਭਾਈ ਸਾਹਿਬ ਬੈਠੇ ਸਨ ਜੋ ਕਿਸੇ ਡੂੰਘੀਆਂ ਸਮਸਿਆ ਦੇ ਹੱਲ ਲਈ ਆਏ ਜਾਪ ਰਹੇ ਸਨ। ਮੈ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ” ਬੁਲਾਉਣੀ ਕੀਤੀ ਪਰ ਜੁਆਬ ਨਾ ਸੁਣ ਕੇ ਮਨ ਨੂੰ ਹੈਰਾਨੀ ਬਹੁਤ ਹੋਈ ।  ਫ਼ਤਿਹ ਦਾ ਜੁਆਬ ਨਾ ਮਿਲਣਾ ਮੈਨੂੰ ਹੋਰ ਵੀ ਪਰੇਸ਼ਾਨ ਕਰ ਗਿਆ ਸੀ।  ਥੋੜ੍ਹੀ ਦੇਰ ਬੈਠਿਆ ਤੇ ਗੁਰੂ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਹੋਰ ਕਾਰਨਾਂ ਬਾਰੇ ਵਿਚਾਰ ਕਰਨੀ ਚਾਹੀ, ਪੁਲ ਉੱਪਰ ਆ ਰਹੀ ਬਦਬੂ, ਤੇ ਅਸਥਾਨ ਤੇ ਕਰੜੇ ਲਫ਼ਜ਼ਾਂ ਦੀ ਵਰਤੋਂ ਆਦਿ ਬਾਰੇ ਪੁੱਛਣਾ ਕੀਤਾ ਪਰ ਕਿਸੇ ਸਵਾਲ ਦਾ ਜੁਆਬ ਨਾ ਮਿਲਦਾ ਦੇਖ ਉੱਥੋਂ ਜਾਣ ਵਿਚ ਹੀ ਭਲਾਈ ਸਮਝੀ। ਸ਼ਾਇਦ ਉਨ੍ਹਾਂ ਮੇਰੇ ਸਵਾਲਾਂ ਦੇ ਜੁਆਬ ਦੇਣੇ ਉਪਯੁਕਤ ਨਹੀਂ ਲੱਗੇ ਹੋਣੇ ਜਾਂ ਅਣਭੋਲ ਜਾਣ ਕੇ ਵਿਸਾਰ ਦਿੱਤੇ ਹੋਣੇ।
ਗੁਰੂ ਸਾਹਿਬ ਜੀ ਵੱਲੋਂ ਦਰਸਾਏ ਸੱਚ ਦੇ ਮਾਰਗ ਤੋਂ ਭਟਕੇ ਲੋਕਾਂ ਦੀ ਅੰਨ੍ਹੀ ਸ਼ਰਧਾ ਨੇ ਲੱਖਾਂ ਹੀ ਸਾਧਾਂ ਦੇ ਡੇਰਿਆਂ ਨੂੰ ਚਾਰ ਚੰਦ ਲਗਾ ਦਿੱਤੇ ਹਨ। ਗੁਰੂ ਸਾਹਿਬ ਜੀ ਨੇ ਤਾਂ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਹੋਕਾ ਦਿੱਤਾ ਹੈ ਪਰ ਆਪਾ ਇਸ ਤੋਂ ਬੇਮੁਖ ਹੋ ਗਏ ਹਾਂ ਨਾ ਤਾਂ ਹੁਣ ਹੱਡ ਭੰਨਵੀਂ ਸੁਚੱਜੀ ਹੱਥੀ ਮਿਹਨਤ ਵਾਲੀ ਕਿਰਤ ਰਹੀ ਹੈ, ਨਾਮ ਜਪਣਾ ਤਾਂ ਸੋ ਮਨਾਂ ਤੋਂ ਵੀ ਵੱਧ ਦਾ ਭਾਰ ਜਿਹਾ ਹੋ ਗਿਆ ਹੈ, ਵੰਡ ਛਕੋ ਤਾਂ ਦੂਰ ਦੂਜੇ ਦੇ ਹੱਥੋ ਵੀ ਖੋਹਣ ਤੋਂ ਹੁਣ ਕੋਈ ਵੀ ਗੁਰੇਜ਼ ਨਹੀਂ ਕਰਦਾ ਚਾਹੇ ਉਹ ਧਰਮਾਂ ਦੇ ਨਾਮ ਤੇ ਬਣੀ ਦੁਕਾਨ ਦਾ ਕੋਈ ਸਾਧ ਹੋਵੇ ਜਾਂ ਕੋਈ ਮੇਰੇ ਵਰਗਾ ਇਮਾਨਦਾਰੀ ਦਾ ਹੋਕਾ ਲਾਉਣ ਵਾਲਾ ਅਖੌਤੀ ਬੰਦਾ । ਜੋ ਕੁਦਰਤ ਨੂੰ ਚਾਹੁਣ ਵਾਲੇ ਫ਼ੱਕਰ ਰੱਬ ਦੇ ਪਿਆਰੇ ਹੁੰਦੇ ਨੇ ਉਹ ਤਾਂ ਨਿਰਪੱਖ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਕਰਦੇ ਆਪਣੇ ਸਾਹ ਵੀ ਕੁਦਰਤ ਦੇ ਹਰ ਜੀਅ ਅਤੇ ਮਾਨਵਤਾ ਦੀ ਭਲਾਈ ਦੇ ਲੇਖੇ ਲਾ ਦਿੰਦੇ ਹਨ ਉਨ੍ਹਾਂ ਨੂੰ ਲੱਖੀਂ ਕਰੋੜੀ ਵਾਰ ਸਜਦਾ ਕਰਦੇ ਹਾਂ ਤੇ ਕਰਦੇ ਰਹਾਂਗੇ।  ਇਹੋ ਜਿਹੇ ਖ਼ਿਆਲਾਂ ਵਿਚ ਖੋਇਆ ਅਸੀਂ ਉੱਥੋਂ ਵੀ ਵਾਪਸੀ ਲਈ ਚਾਲੇ ਪਾ ਲਏ ਸੀ ਮੰਜ਼ਿਲ ਤੇ ਪਹੁੰਚ ਕੇ ਸਾਰੇ ਇੱਕ ਦੂਜੇ ਨੂੰ ਮਿਲਣ ਉਪਰੰਤ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਸਨ । ਪਰ ਮੇਰੇ ਇਸ ਟੂਰ ਦੌਰਾਨ ਵਾਪਰੇ ਅਨੇਕਾਂ ਸਵਾਲਾਂ ਦੇ ਜੁਆਬਾਂ ਦੀ ਉਲਝੀ ਤਾਣੀ ਨੂੰ ਸੁਲਝਾਉਣ ਦੇ ਯਤਨਾਂ ਵਿਚ ਮੇਰਾ ਮਨ ਵਿਅਸਤ ਹੋ ਚੁੱਕਾ ਸੀ ਜਿਸ ਨੂੰ ਕਲਮਬੰਦ ਕਰਨਾ ਉਚਿੱਤ ਪ੍ਰਤੀਤ ਹੋਇਆ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!

ਭੁੱਲ ਚੁੱਕ ਦੀ ਖਿਮਾ…… ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)  ਸੰਗਰੂਰ
9914062205

pressharminder@sahibsewa.com

Install Punjabi Akhbar App

Install
×