
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਵਿੱਚ ਤਿਆਰ ਹੋ ਰਹੀ ਕਰੋਨਾ ਵਾਇਰਸ ਵੈਕਸੀਨ ਜਿਹੜੀ ਕਿ ਫੈਲਰਲ ਸਰਕਾਰ ਨੇ 50 ਮਿਲੀਅਨ ਖੁਰਾਕਾਂ ਲਈ ਸੁਰੱਖਿਅਤ ਵੀ ਕੀਤੀ ਹੋਈ ਸੀ, ਦੀ ਡੀਲ ਖ਼ਤਮ ਕਰ ਦਿੱਤੀ ਗਈ ਹੈ ਅਤੇ ਇਸ ਦਾ ਟਰਾਇਲ ਕੁਈਨਜ਼ਲੈਂਡ ਯੂਨੀਵਰਸਿਟੀ ਵਿੱਚ ਬੰਦ ਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਵੈਕਸੀਨ ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਬਾਇਓ ਤਕਨਾਲੋਜੀ ਕੰਪਨੀ ਸੀ.ਐਸ.ਐਲ. ਦੁਆਰਾ ਬਣਾਈ ਜਾ ਰਹੀ ਸੀ ਅਤੇ ਅੱਜ ਸਵੇਰੇ ਹੀ ਇਸ ਦੇ ਸਾਰੇ ਟਰਾਇਲ ਰੱਦ ਕਰ ਦਿੱਤੇ ਗਏ ਹਨ ਜੋ ਕਿ ਆਪਣੇ ਦੂਸਰੇ ਅਤੇ ਤੀਸਰੇ ਪੜਾਅ ਵਿੱਚ ਸਨ ਅਤੇ ਇਸਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਇਸ ਟਰਾਇਲ ਵਿੱਚ ਭਾਗ ਲੈਣ ਵਾਲਿਆਂ ਦੀ ਗਲਤ ਐਚ.ਆਈ.ਵੀ. ਰਿਪੋਰਟ ਦਿੱਤੀ ਗਈ ਹੈ। ਉਕਤ ਦੀ ਤਜਵੀਜ਼ ਕੌਮੀ ਸੁਰੱਖਿਆ ਕਮੇਟੀ ਵੱਲੋਂ ਦਿੱਤੀ ਗਈ ਹੈ ਅਤੇ ਇਹ ਵਿਗਿਆਨਿਕ ਸਲਾਹਕਾਰਾਂ ਦੀ ਸਲਾਹ ਉਪਰ ਆਧਾਰਿਤ ਅਤੇ ਪ੍ਰਮਾਣਿਕ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਹੁਣ ਅਸੀਂ ਐਸਟ੍ਰਾਜੈਨੇਕਾ ਤੋਂ 20 ਮਿਲੀਅਨ ਖੁਰਾਕਾਂ ਅਤੇ ਇਸ ਤੋਂ ਇਲਾਵਾ ਇੱਕ ਹੋਰ ਕੰਪਨੀ ਨੋਵਾਵੈਕਸ ਤੋਂ 11 ਮਿਲੀਅਨ ਖੁਰਾਕਾਂ ਕੋਵਿਡ-19 ਵੈਕਸੀਨ ਦੀਆਂ ਖਰੀਦਾਂਗੇ। ਸਿਹਤ ਮੰਤਰੀ ਗਰੈਗ ਹੰਟ ਦਾ ਕਹਿਣਾ ਹੈ ਕਿ ਹੁਣ ਸਾਡੇ ਕੋਲ 140 ਮਿਲੀਅਨ ਤੋਂ ਵੀ ਵੱਧ ਵੈਕਸੀਨਾਂ ਦੀ ਖੁਰਾਕ ਤੈਅਸ਼ੁਦਾ ਹੈ ਅਤੇ ਇਸ ਨਾਲ ਸਮੁੱਚੇ ਆਸਟ੍ਰੇਲੀਆ ਅੰਦਰ ਇਸ ਵੈਕਸੀਨ ਵੀ ਵੰਡ ਲਈ ਵਾਜਿਬ ਹੈ। ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨੈਸਤੇਸੀਆ ਪਾਲਾਸ਼ਾਈ ਨੇ ਇਸ ਉਪਰ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਖ਼ਬਰ ਸੁਣ ਕੇ ਬਹੁਤ ਵੱਡਾ ਧੱਕਾ ਲੱਗਾ ਹੈ ਪਰੰਤੂ ਹੁਣ ਅਸੀਂ ਹੋਰ ਕੰਪਨੀਆਂ ਵੱਲੋਂ ਇਸ ਦਵਾਈ ਨੂੰ ਲਵਾਂਗੇ ਕਿਉਂਕਿ ਜਨਤਕ ਸਿਹਤ ਪਹਿਲਾਂ ਜ਼ਰੂਰੀ ਹੈ।