ਸਾਂਝੇ ਕਿਸਾਨੀ ਅੰਦੋਲਨ ਨੇ ਭਾਜਪਾ ਦੇ ਫ਼ਿਰਕੂ ਏਜੰਡੇ ਨੂੰ ਨਕਾਰਿਆ, ਪੰਜਾਬ ਦੀ ਜੁਆਨੀ ਨੇ ਸਿੱਖੀ ਸੋਚ ਨੂੰ ਬਣਾਇਆ ਆਦਰਸ਼

ਪੰਜਾਬ ਦੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਨਿਰੇਂਦਰ ਮੋਦੀ ਦੀ ਅਗਵਾਈ ਵਿਚ ਬਣੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿਚ ਜੋ ਸੰਘਰਸ਼ ਸ਼ੁਰੂ ਕੀਤਾ ਸੀ, ਉਹ ਅੱਜ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣ ਕੇ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਕੇਂਦਰ ਸਰਕਾਰ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਆਪਣੇ ਪਾਲਤੂ ਮੀਡੀਏ ਰਾਹੀ ਕਿਸਾਨੀ ਘੋਲ ਨੂੰ ਬਦਨਾਮ ਕਰ ਕੇ ਫ਼ੇਲ੍ਹ ਕਰਨਾ ਚਾਹੁੰਦੀ ਸੀ, ਪਰ ਇਸ ਵਾਰ ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਦੀਆਂ ਸਕੀਮਾਂ ਬੁਰੀ ਤਰਾਂ ਫ਼ੇਲ੍ਹ ਕਰ ਕੇ ਰੱਖ ਦਿੱਤੀਆਂ। ਇਸ ਅੰਦੋਲਨ ਚੋ ਜਿਹੜੀ ਸਭ ਤੋ ਮਹੱਤਵਪੂਰਨ ਤੇ ਚੰਗੀ ਸੋਚ ਉੱਭਰ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕੀ ਦੇਸ਼ ਦੀ ਗੰਦੀ ਸਿਆਸਤ ਵੱਲੋਂ ਪੰਜਾਬ ਅਤੇ ਹਰਿਆਣੇ ਦੀ ਆਪਸ ਵਿਚ ਪੈਦਾ ਕਰਵਾਈ ਦੁਸ਼ਮਣੀ ਖ਼ਤਮ ਹੀ ਨਹੀਂ ਹੋਈ, ਬਲਕਿ ਆਪਸੀ ਸਾਂਝ ਗੂੜ੍ਹੀ ਹੋਈ ਹੈ। ਇੱਥੇ ਹੀ ਬੱਸ ਨਹੀਂ ਜਿਹੜੇ ਪੰਜਾਬੀਆਂ ਨੂੰ ਭਾਰਤੀ ਪਾਲਤੂ ਮੀਡੀਆ ਅੱਤਵਾਦੀ ਵੱਖਵਾਦੀ ਜਾਂ ਖ਼ਾਲਿਸਤਾਨ ਕਹਿ ਕੇ ਭੰਡਦਾ ਨਹੀਂ ਸੀ ਥੱਕਦਾ, ਤੇ ਮੁਲਕ ਦੇ ਅੰਦਰ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਗਈ ਸੀ, ਅੱਜ ਦੇਸ਼ ਦੇ ਲੋਕਾਂ ਨੇ ਸਿਆਸਤ ਅਤੇ ਮੀਡੀਏ ਦੀ ਫ਼ਿਰਕੂ ਸੋਚ ਨੂੰ ਨਕਾਰ ਕੇ ਉਨ੍ਹਾਂ ਅੱਤਵਾਦੀਆਂ, ਵੱਖਵਾਦੀਆਂ ਅਤੇ ਖਾਲਿਸਤਾਨੀਆਂ ਦੀ ਅਗਵਾਈ ਕਬੂਲ ਕੀਤੀ ਹੈ। ਅਖਿਲ ਭਾਰਤੀ ਸੁਆਮੀ ਨਾਥਨ ਸੰਘਰਸ਼ ਸੰਮਤੀ ਰਾਜਸਥਾਨ ਦੇ ਪ੍ਰਧਾਨ ਵੱਲੋਂ ਮੀਡੀਏ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਪਾਲਤੂ ਮੀਡੀਏ ਅਤੇ ਸਰਕਾਰ ਨੂੰ ਚੈਲੰਜ ਕਰਦਿਆਂ ਸਿੱਧੇ ਤੇ ਸਪਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਜੇਕਰ ਹੱਕ ਮੰਗਣ ਵਾਲੇ ਲੋਕ ਖ਼ਾਲਿਸਤਾਨ ਹਨ, ਤਾਂ ਫਿਰ ਰਾਜਸਥਾਨ, ਤੋ ਲੈ ਕੇ ਨਾਗਾਲੈਂਡ ਤੱਕ ਅਤੇ ਕੇਰਲ ਤੋ ਲੈ ਕੇ ਜੰਮੂ ਕਸ਼ਮੀਰ ਤੱਕ ਦੇ ਕਿਸਾਨ ਵੀ ਖ਼ਾਲਿਸਤਾਨੀ ਹਨ, , ਉਨ੍ਹਾਂ ਕਿਹਾ ਕਿ ਮੈਂ ਵੀ ਹਿੱਕ ਠੋਕ ਕੇ ਕਹਿੰਦਾ ਹਾਂ ਕਿ ਮੈ ਵੀ ਖ਼ਾਲਿਸਤਾਨ ਹਾਂ, ਅਸੀਂ ਵੀ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਹੱਕ ਮੰਗਣ ਲਈ ਆਏ ਹਾਂ। ਉਨ੍ਹਾਂ ਨੇ ਦੇਸ਼ ਦੀ ਕਿਸਾਨੀ ਨੂੰ ਜਗਾਉਣ ਲਈ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ।
ਦੇਸ਼ ਦੀ ਗੰਦੀ ਰਾਜਨੀਤੀ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ ਅੱਤਵਾਦੀ ਬਣਾ ਦਿੱਤਾ ਸੀ, ਪਰ ਅੱਜ ਦੇ ਜਾਗਰੂਕ ਕਿਸਾਨਾਂ ਸਮੇਤ ਸਮੁੱਚੇ ਵਰਗਾਂ ਨੇ ਪੰਜਾਬ ਦੇ ਕਿਸਾਨਾਂ ਅਤੇ ਸਿੱਖੀ ਨੂੰ ਸਿੱਜਦਾ ਕੀਤਾ ਹੈ। ਦਿੱਲੀ ਦੇ ਅੰਦੋਲਨ ਵਿਚ ਜਿਸ ਤਰ੍ਹਾਂ ਪੰਜਾਬੀ ਕਿਸਾਨਾਂ ਨੂੰ ਹਰਿਆਣੇ ਅਤੇ ਦਿੱਲੀ ਦੇ ਲੋਕ ਮਾਣ ਸਤਿਕਾਰ ਦੇ ਰਹੇ ਹਨ, ਉਨ੍ਹਾਂ ਦੀ ਹਰ ਤਰਾਂ ਨਾਲ ਸਹਾਇਤਾ ਕਰ ਰਹੇ ਹਨ, ਉਨ੍ਹਾਂ ਲਈ ਲੰਗਰ ਲਾ ਰਹੇ ਹਨ, ਉਹ ਵਰਤਾਰਾ ਮਨ ਨੂੰ ਭਾਰੀ ਸਕੂਨ ਅਤੇ ਖ਼ੁਸ਼ੀ ਦੇਣ ਵਾਲਾ ਹੈ। ਜਿੱਥੇ ਇਸ ਕਿਸਾਨ ਅੰਦੋਲਨ ਨੇ ਭਾਰਤ ਦੇ ਲੋਕਾਂ ਨੂੰ ਫ਼ਿਰਕੂ ਰਾਜਨੀਤੀ ਨਕਾਰਨ ਦਾ ਸੱਦਾ ਦਿੱਤਾ ਹੈ, ਓਥੇ ਦੇਸ਼ ਦੀ ਸੱਤਾ ਤੇ ਕਾਬਜ਼ ਧਿਰ ਨੂੰ ਅਜਿਹੀਆਂ ਫੁੱਟ ਪਾਊ ਚਾਲਾਂ ਤੋ ਇੱਕ ਜੁੱਟਤਾ ਨਾਲ ਲਲਕਾਰਿਆ ਵੀ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਤਾਂ ਇਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿ ਇਸ ਵਾਰ ਪੰਜਾਬ ਦੀ ਜੁਆਨੀ ਨੇ ਕਿਸਾਨੀ ਅੰਦੋਲਨ ਵਿਚ ਵੱਡੀ ਦਿਲਚਸਪੀ ਦਿਖਾਈ ਹੈ। ਇਹ ਦਿਲਚਸਪੀ ਉਸ ਮੌਕੇ ਹੋਰ ਵੀ ਦੂਣ ਸਵਾਈ ਹੋ ਗਈ, ਜਦੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਦਾ ਹੋਕਾ ਦੇ ਦਿੱਤਾ।
ਇਹ ਵੀ ਸੱਚ ਹੈ ਕਿ ਦਿੱਲੀ ਕੂਚ ਮੌਕੇ ਪੰਜਾਬ ਦੀ ਕਿਸਾਨੀ ਅਤੇ ਜੁਆਨੀ ਨੇ ਅਪਣਾ ਆਦਰਸ਼ ਖੱਬੇ ਪੱਖੀ ਸੋਚ ਨੂੰ ਬਲਕਿ ਸਿੱਖ ਸੋਚ ਨੂੰ ਬਣਾਇਆ ਹੋਇਆ ਸੀ। ਉਨ੍ਹਾਂ ਸਾਹਮਣੇ ਰੂਸ, ਚੀਨ ਦਾ ਇਨਕਲਾਬ ਨਹੀਂ, ਬਲਕਿ ਆਪਣੇ ਉਹ ਪੁਰਖੇ ਸਨ, ਜਿਨ੍ਹਾਂ ਨੇ ਅਠਾਰ੍ਹਵੀਂ ਸਦੀ ਵਿਚ ਦਿੱਲੀ ਫ਼ਤਿਹ ਕੀਤੀ ਸੀ। ਉਨ੍ਹਾਂ ਦੇ ਜ਼ਿਹਨ ਵਿਚ ਚੀਨ ਦਾ ਕਾਮਰੇਡ ਮਾਓ ਜੇ ਤੁੰਗ ਜਾਂ ਰੂਸ ਦਾ ਕਾਮਰੇਡ ਲੈਨਿਨ ਨਹੀਂ ਆਏ ਸਗੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਿਵਾਜੇ ਖ਼ਾਲਸੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਆਦਿ ਉਹ ਵੱਡੇ ਵਡੇਰੇ ਸਨ, ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਤੇ ਖ਼ਾਲਸਾਈ ਝੰਡੇ ਝੁਲਾਏ, ਜਿਨ੍ਹਾਂ ਨੇ ਦਿੱਲੀ ਦਾ ਸ਼ਾਹੀ ਤਖ਼ਤ ਘੜੀਸ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਾ ਦਿੱਤਾ ਸੀ। ਪੰਜਾਬੀ ਕਲਾਕਾਰਾਂ ਵੱਲੋਂ ਹੌਸਲਾ ਵਧਾਊ ਅਤੇ ਜੋਸ਼ ਭਰਪੂਰ ਗਾਏ ਗਏ ਗੀਤਾਂ ਵਿਚ ਵੀ ਸਿੱਖ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ, ਤਾਂ ਕਿ ਪੰਜਾਬ ਦੇ ਗੱਭਰੂਆਂ ਵਿਚ ਜੋਸ਼ ਪੈਦਾ ਕੀਤਾ ਜਾ ਸਕੇ।
ਰਸਤੇ ਵਿਚ ਹਰਿਆਣਾ ਸਰਕਾਰ ਦੀਆਂ ਲਈਆਂ ਰੋਕਾਂ ਨੂੰ ਤੋੜਨ ਸਮੇਂ ”ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੇ ਗੂੰਜਦੇ ਤੇ ਭਾਰੀ ਰੋਕਾਂ ਪੰਜਾਬੀਆਂ ਦੇ ਰਸਤਿਆਂ ਚੋ ਅੱਖ ਦੇ ਫੋਰ ਚ ਹੱਟ ਜਾਂਦੀਆਂ। ਇਹ ਸਿੱਖੀ ਜਜ਼ਬਾ ਤੇ ਜੋਸ਼ ਦਾ ਹੀ ਨਤੀਜਾ ਸੀ ਕਿ ਕਈ ਕਈ ਟਨਾਂ ਦੇ ਭਾਰੇ ਕਨਟੇਨਰ ਜੈਕਾਰਿਆਂ ਦੀ ਗੂੰਜ ਵਿਚ ਪਲਾਂ, ਛਿਣਾਂ ਵਿਚ ਹੀ ਰਸਤੇ ਚੋ ਪਾਸੇ ਧੱਕ ਦਿੱਤੇ ਜਾਂਦੇ। ਅਠਾਰ੍ਹਵੀਂ ਸਦੀ ਦੇ ਸਿੱਖਾਂ ਦੇ ਕਾਰਨਾਮੇ ਤਾਂ ਇਤਿਹਾਸ ਵਿਚ ਪੜੇ ਹੀ ਸਨ, ਪਰ ਹੁਣ ਦੁਨੀਆ ਨੇ ਪੰਜਾਬੀਆਂ ਦੇ ਜਜ਼ਬੇ ਨੂੰ ਅੱਖੀਂ ਦੇਖ ਵੀ ਲਿਆ ਹੈ। ਜਿਸ ਤਰ੍ਹਾਂ ਅਠਾਰ੍ਹਵੀਂ ਸਦੀ ਵਿਚ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦਿੱਲੀ ਦੇ ਕਾਲਜੇ ਵਿਚ ਜ਼ਖਮ ਕਰਦੀਆਂ ਸਨ, ਉਸੇ ਤਰਾਂ ਹੀ ਇੱਕੀਵੀਂ ਸਦੀ ਦੇ ਇਸ ਕਿਸਾਨੀ ਅੰਦੋਲਨ ਦੇ ਟਰੈਕਟਰਾਂ ਦੀ ਖੜਖੜਾਹਟ ਨੇ ਦਿੱਲੀ ਨੂੰ ਕੰਬਣੀ ਛੇੜ ਦਿੱਤੀ ਹੋਈ ਹੈ। ਦੇਸ਼ ਦਾ ਜ਼ਿੱਦੀ ਹਾਕਮ ਦੁਨੀਆ ਸਾਹਮਣੇ ਬੇਸ਼ੱਕ ਆਪਣੇ ਆਪ ਨੂੰ ਲੱਖ ਤਾਕਤਵਰ ਸਮਝੇ ਤੇ ਦਰਸਾਉਂਦਾ ਰਹੇ ਕਿ ਉਹ ਅਜਿਹੇ ਅੰਦੋਲਨਾਂ ਦੀ ਪ੍ਰਵਾਹ ਨਹੀਂ ਕਰਦਾ, ਪਰ ਅਸਲ ਸਚਾਈ ਇਹ ਹੈ ਕਿ ਹਾਕਮ ਧਿਰ ਨੂੰ ਇਸ ਸਾਂਝੇ ਕਿਸਾਨੀ ਅੰਦੋਲਨ ਨੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ।
ਇਹਦੇ ਵਿਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਪੰਜਾਬ ਨੇ ਦਿੱਲੀ ਨਾਲ ਲੋਹਾ ਲਿਆ, ਹਾਕਮ ਨੂੰ ਝੁਕਣ ਲਈ ਮਜਬੂਰ ਕੀਤਾ ਹੈ, ਪਰ ਇਹ ਵੀ ਸਚਾਈ ਤੋ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ ਕਿ ਹਾਕਮ ਨੇ ਵੀ ਪੰਜਾਬ ਦੀ ਗ਼ੈਰਤ ਨੂੰ ਖ਼ਤਮ ਕਰਨ ਲਈ ਉਸ ਦੇ ਬਦਲੇ ਵਿਚ ਜੋ ਜ਼ਖਮ ਪੰਜਾਬ ਨੂੰ ਦਿੱਤੇ ਹਨ, ਉਹ ਵੀ ਰਹਿੰਦੀ ਦੁਨੀਆ ਤੱਕ ਮਿਟਣ ਵਾਲੇ ਨਹੀਂ ਹਨ। ਯਾਦ ਹੋਵੇਗਾ ਜਦੋਂ 25 ਜੂਨ 1975 ਨੂੰ ਉਸ ਮੌਕੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਤੇ ਐਮਰਜੰਸੀ ਲਾ ਕੇ ਦੇਸ਼ ਵਾਸੀਆਂ ਦੇ ਮੁੱਢਲੇ ਹੱਕ ਹਕੂਕ ਖੋਹ ਲਏ ਸਨ, ਉਸ ਮੌਕੇ ਵੀ ਪੰਜਾਬ ਨੇ ਕੇਂਦਰ ਦੀ ਤਤਕਾਲੀ ਤਾਕਤਵਰ ਪ੍ਰਧਾਨ ਮੰਤਰੀ ਨਾਲ ਲੋਹਾ ਲਿਆ ਤੇ ਦੇਸ਼ ਨੂੰ 23 ਮਾਰਚ 1977 ਨੂੰ ਐਮਰਜੰਸੀ ਤੋ ਮੁਕਤ ਕਰਵਾਇਆ ਸੀ, ਪਰ ਉਹਦੇ ਬਦਲੇ ਵਿਚ ਸਿੱਖਾਂ ਨੂੰ ਜੂਨ 1984 ਵਰਗਾ ਕਹਿਰ ਝੱਲਣਾ ਪਿਆ ਸੀ। ਜਿਸ ਨੇ ਲਗਾਤਾਰ ਦੋ ਦਹਾਕਿਆਂ ਤੱਕ ਪੰਜਾਬ ਦੇ ਸਿਵਿਆਂ ਦੀ ਅੱਗ ਠੰਢੀ ਨਹੀਂ ਹੋਣ ਦਿੱਤੀ, ਸੋ ਹੁਣ ਵੀ ਚੇਤਿਆਂ ਚ ਰੱਖਣਾ ਹੋਵੇਗਾ ਕਿ ਮੌਕੇ ਦੀ ਹਕੂਮਤ ਇੰਦਰਾ ਗਾਂਧੀ ਤੋ ਘੱਟ ਕਰੂਰ ਨਹੀਂ ਬਲਕਿ ਜ਼ਿਆਦਾ ਫ਼ਿਰਕੂ ਤੇ ਵਿਤਕਰੇਬਾਜ਼ ਹੈ, ਇਸ ਲਈ ਪੰਜਾਬ ਨੂੰ ਇੱਕ ਵਾਰ ਫਿਰ ਕੇਂਦਰ ਦੀ ਹਕੂਮਤ ਦਾ ਜਬਰ ਝੱਲਣ ਲਈ ਹੁਣੇ ਤੋ ਤਿਆਰ ਰਹਿਣਾ ਹੋਵੇਗਾ।
ਇਹ ਹਕੂਮਤ ਦੀ ਬੇਈਮਾਨੀ ਹੀ ਸਮਝੀ ਜਾ ਸਕਦੀ ਹੈ ਕਿ ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਵਾਰ ਵਾਰ ਸਮਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਾਰੀ ਫੋਰਸਾਂ ਲਾ ਕੇ ਕਿਸਾਨਾਂ ਦੀ ਘੇਰਾਬੰਦੀ ਵੀ ਕੀਤੀ ਜਾ ਰਹੀ ਹੈ। ਇਹਦੇ ਵਿਚ ਕੋਈ ਦੋ ਰਾਵਾਂ ਵੀ ਨਹੀਂ ਕਿ ਕੇਂਦਰੀ ਏਜੰਸੀਆਂ ਵੱਲੋਂ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਵੀ ਆਪਣੇ ਢੰਗ ਤਰੀਕੇ ਵਰਤੇ ਜਾਣਗੇ। ਜਥੇਬੰਦੀਆਂ ਦੇ ਆਗੂਆਂ ਨੂੰ ਪਾੜਨ ਦੀ ਖ਼ਤਰਨਾਕ ਖੇਡ ਵੀ ਖੇਡੀ ਜਾਣੀ ਬਾਕੀ ਹੈ। ਭਾਵ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਹਰ ਹਰਬਾ ਵਰਤ ਕੇ ਦੇਖੇਗੀ। ਅਖੀਰ ਸਖ਼ਤੀ ਵੀ ਕਰ ਸਕਦੀ ਹੈ, ਪਰ ਇੱਥੇ ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਇਸ ਵਾਰ ਕਿਸਾਨ ਅੰਦੋਲਨਕਾਰੀਆਂ ਤੇ ਸਰਕਾਰ ਨੇ ਸਖ਼ਤੀ ਕਰਨ ਦੀ ਗੁਸਤਾਖ਼ੀ ਕੀਤੀ, ਤਾਂ ਸਮੁੱਚੇ ਦੇਸ ਅੰਦਰ ਬਗ਼ਾਵਤ ਉੱਠ ਸਕਦੀ ਹੈ, ਜਿਸ ਨੂੰ ਦਬਾਉਣਾ ਕੇਂਦਰ ਸਰਕਾਰ ਦੇ ਵੱਸ ਵਿਚ ਨਹੀਂ ਰਹੇਗਾ, ਇਸ ਲਈ ਚੰਗਾ ਹੋਵੇ ਜੇਕਰ ਸਰਕਾਰ ਜ਼ਿੱਦ ਅਤੇ ਹੰਕਾਰੀ ਰਵੱਈਆ ਤਿਆਗ ਕੇ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਬਿਨਾ ਦੇਰੀ ਕੀਤਿਆਂ ਰੱਦ ਕਰ ਦੇਵੇ ਅਤੇ ਆਪਣੀਆਂ ਉਨ੍ਹਾਂ ਨੀਤੀਆਂ ਵਿਚ ਵੀ ਬਦਲਾ ਕਰਨ ਵੱਲ ਤੁਰੇ, ਜਿਨ੍ਹਾਂ ਨਾਲ ਸਮੁੱਚੇ ਦੇਸ਼ ਅੰਦਰ ਫ਼ਿਰਕੂ ਤਣਾਅ ਪੈਦਾ ਕਰ ਕੇ ਰਾਜਸੀ ਲਾਹਾ ਪ੍ਰਾਪਤ ਕਰਦੀ ਰਹੀ ਹੈ, ਕਿਉਂਕਿ ਇਸ ਅੰਦੋਲਨ ਨੇ ਸਮੁੱਚੇ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਇਹ ਅੰਦੋਲਨ ਦੀ ਸਭ ਤੋ ਵੱਡੀ ਪ੍ਰਾਪਤੀ ਸਮਝੀ ਜਾਣੀ ਚਾਹੀਦੀ ਹੈ ਕਿ ਇਸ ਕਿਸਾਨੀ ਅੰਦੋਲਨ ਨੇ ਦੇਸ਼ ਅੰਦਰ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਫੁੱਟ ਪਾਊ ਤਾਕਤਾਂ ਦੇ ਮਨਸੂਬਿਆਂ ਨੂੰ ਨਕਾਰਿਆ ਹੈ।

Install Punjabi Akhbar App

Install
×