ਯੂਨੀਕ ਇੰਟਰਨੈਸ਼ਨਲ ਕਾਲਜ ਨੂੰ ਚਾਲੀ ਲੱਖ ਡਾਲਰ ਦਾ ਜੁਰਮਾਨਾ

news 191105 amarjit khela

ਯੂਨੀਕ ਇੰਟਰਨੈਸ਼ਨਲ ਕਾਲਜ (ਸਿਡਨੀ ਨਿਵਾਸੀ ਅਮਰਜੀਤ ਖੇਲਾ) ਉੱਤੇ ਕੁਝ ਵਿਦਿਆਰਥੀਆਂ ਨੂੰ ਔਨਲਾਈਨ ਕੋਰਸਾਂ ਵਿੱਚ ਦਾਖ਼ਲ ਕਰਨ ਸਮੇਂ ਗੁੰਮਰਾਹ ਕਰਨ ਦਾ ਦੋਸ਼ ਅਦਾਲਤ ਵਿੱਚ ਸਾਬਿਤ ਹੋਇਆ ਹੈ। ਫੈਸਲੇ ਸੁਣਾਉਣ ਵੇਲ਼ੇ ਜੱਜ ਨੇ ਕਾਲਜ ਉੱਤੇ ਵਿੱਤੀ ਲਾਭ ਲੈਣ ਲਈ ਜਾਣ ਬੁੱਝ ਕੇ ਆਦਿਵਾਸੀ ਭਾਈਚਾਰਿਆਂ ਸਮੇਤ ਕੁਝ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਹੈ (2014)। ਕਾਲਜ ਸੰਭਾਵਿਤ ਵਿਦਿਆਰਥੀਆਂ ਨੂੰ ਕੋਰਸ ਦੀ ਲਾਗਤ ਬਾਰੇ ਦੱਸਣ ਵਿੱਚ ਅਸਫਲ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਸ ਪੜ੍ਹਾਈ ਲਈ ਉਨ੍ਹਾਂ ਦੇ ਨਾਂ ਉੱਤੇ ਹੁਣ ਕਰਜ਼ਾ ਚੜ੍ਹ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਮੁਫ਼ਤ ਲੈਪਟਾਪ ਦੇਣ ਦਾ ਝਾਂਸਾ ਵੀ ਦਿੱਤਾ ਗਿਆ।

ਆਸਟਰੇਲੀਆ ਦੀ ਫੈਡਰਲ ਅਦਾਲਤ ਨੇ ਪੱਛਮੀ ਸਿਡਨੀ ਦੇ ਗ੍ਰੈਨਵਿਲ ਇਲਾਕੇ ਵਿੱਚ ਸਥਿਤ ਇੱਕ ਸਾਬਕਾ ਪ੍ਰਾਈਵੇਟ ਸਿਖਲਾਈ ਕਾਲਜ ‘ਤੇ ਗ਼ੈਰਮਿਆਰੀ ਸਿੱਖਿਆ ਦੇਣ ਅਤੇ ਸਰਕਾਰੀ ਫੰਡ ਦੀ ਦੁਰਵਰਤੋਂ ਕਰਨ ਲਈ ਛੇ ਵੱਖ-ਵੱਖ ਮਾਮਲਿਆਂ ਵਿੱਚ $4.2 ਮਿਲੀਅਨ ਯਾਨੀ 42 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ।

ਕਾਲਜ ਦੇ ਖਿਲਾਫ ਕਾਰਵਾਈ ਕਰਨ ਵਾਲੇ ਆਸਟਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਦੇ ਮੁਤਾਬਿਕ ਪੜ੍ਹਾਈ ਕਰਨ ਵਾਲੇ ਹਰੇਕ ਛੇ ਵਿਦਿਆਰਥੀਆਂ ਦੇ ਨਾਂ ਉੱਤੇ ਵੀ.ਈ.ਟੀ. ਫੀਸ ਹੈਲਪ ਯੋਜਨਾ ਤਹਿਤ ਪ੍ਰਤੀ ਕੋਰਸ 27 ਹਜ਼ਾਰ ਡਾਲਰ ਤੱਕ ਦਾ ਕਰਜ਼ਾ ਦਰਜ ਕੀਤਾ ਗਿਆ ਸੀ।