ਦੇਸ਼ ਇੱਕ ਹੋਰ ਬਿਮਾਰੀ ਵਾਲੇ ਜਵਾਲਾਮੁਖੀ ਦੇ ਮੁਹਾਨੇ ਤੇ ਖੜ੍ਹਾ -ਆਸਟ੍ਰੇਲੀਅਨ ਕਾਂਸਲ ਆਫ਼ ਟ੍ਰੇਡ ਯੂਨੀਅਨਜ਼

ਆਸਟ੍ਰੇਲੀਅਨ ਕਾਂਸਲ ਆਫ਼ ਟ੍ਰੇਡ ਯੂਨੀਅਨਜ਼ ਦੇ ਸਹਾਇਕ ਸਕੱਤਰ -ਲਿਆਮ ਓ’ਬਰੇਨ ਨੇ ਇੱਕ ਬਿਆਨ ਰਾਹੀਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਦੇਸ਼ ਦੇ ਘੱਟ ਘੱਟ 100,000 ਕਾਮੇ ਜੋ ਕਿ ਸਿਲੀਕਾ ਵਾਲੇ ਪੱਥਰ (ਇੰਜਨੀਅਰਡ ਸਟੋਨ) ਕੱਟਣ ਦਾ ਕੰਮ ਕਰਦੇ ਹਨ, ਫੇਫੜਿਆਂ ਦੀ ਭਿਆਨਕ ਬਿਮਾਰੀ ਵਾਲੇ ਜਵਾਲਾਮੁਖੀ ਦੇ ਮੁਹਾਨੇ ਤੇ ਖੜ੍ਹੇ ਹਨ ਅਤੇ ਜੇਕਰ ਸਰਕਾਰ ਨੇ ਫੌਰੀ ਤੌਰ ਤੇ ਕੋਈ ਕਦਮ ਨਾ ਚੁੱਕੇ ਤਾਂ ਜਲਦੀ ਹੀ ਦੇਸ਼ ਅੰਦਰ ਫੇਫੜਿਆਂ ਨਾਲ ਸਬੰਧਤ ਸਿਲੀਕੋਸਿਸ ਵਰਗੀ ਭਿਆਨਕ ਬਿਮਾਰੀ ਦਾ ਬੋਲਬਾਲਾ ਹੋ ਜਾਵੇਗਾ ਅਤੇ ਫੇਰ ਜਲਦੀ ਇਸ ਉਪਰ ਕਾਬੂ ਪਾਉਣਾ ਵੀ ਔਖਾ ਹੀ ਹੋਵੇਗਾ ਅਤੇ ਲੱਖਾਂ ਲੋਕ ਇਸ ਨਾਲ ਪੀੜਿਤ ਹੋ ਸਕਦੇ ਹਨ।
ਦੇਸ਼ ਅੰਦਰ ਪਹਿਲਾਂ ਤੋਂ ਹੀ ਕੰਸਟ੍ਰਕਸ਼ਨ ਕੰਪਨੀਆਂ ਦੇ ਨਾਲ ਨਾਲ ਫੋਰੈਸਟਰੀ, ਮੈਰੀਟਾਈਮ, ਮਾਈਨਿੰਗ ਅਤੇ ਅਨਰਜੀ ਯੂਨੀਅਨਾਂ (CFMEU) ਆਦਿ ਨੇ ਇੱਕ ਮੁਹਿੰਮ ਛੇੜ ਰੱਖੀ ਹੈ ਜਿਸ ਰਾਹੀਂ ਉਕਤ ਪੱਥਰ ਨੂੰ ਦੇਸ਼ ਅੰਦਰ ਪਾਬੰਧੀਸ਼ੁਦਾ ਸੂਚੀ ਵਿੱਚ ਕਰਨ ਦੀ ਮੰਗ ਕੀਤੀ ਗਈ ਹੈ।
ਯੂਨੀਅਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਬਾਰੇ ਵਿੱਚ ਕੋਈ ਕਦਮ ਨਾ ਚੁੱਕੇ ਤਾਂ ਮਜਬੂਰਨ ਉਨ੍ਹਾਂ ਨੂੰ ਖੁਦ ਹੀ ਫੈਸਲੇ ਲੈਣੇ ਪੈਣਗੇ ਅਤੇ ਉਹ ਇਸ ਪੱਥਰ ਨੂੰ ਇਸਤੇਮਾਲ ਕਰਨ ਵਾਲੇ ਆਪਣੇ ਹੀ ਮੈਂਬਰਾਂ ਦਾ ਬਾਈਕਾਟ ਕਰਨਗੇ ਅਤੇ ਉਨ੍ਹਾਂ ਨੂੰ ਇਸ ਪੱਥਰ ਦੇ ਇਸਤੇਮਾਲ ਕਰਨ ਤੋਂ ਰੋਕਣਗੇ।
ਜ਼ਿਕਰਯੋਗ ਹੈ ਕਿ ਇਹ ਪੱਥਰ ਦੇਸ਼ ਅੰਦਰ ਨਹੀਂ ਬਣਾਇਆ ਜਾਂਦਾ ਸਗੋਂ ਬਾਹਰਲੇ ਦੇਸ਼ਾਂ ਤੋਂ ਆਯਾਤ ਕਰਕੇ ਮੰਗਵਾਇਆ ਜਾਂਦਾ ਹੈ ਅਤੇ ਇਸ ਦੇ ਆਯਾਤ ਉਪਰ ਪੂਰਨ ਪਾਬੰਧੀ ਲਗਾਉਣ ਦੀ ਮੰਗ ਹੁਣ ਯੂਨੀਅਨਾਂ ਕਰ ਰਹੀਆਂ ਹਨ।
ਇਸ ਪੱਥਰ ਦੇ ਕੱਟਣ ਸਮੇਂ ਜੋ ਧੂੜ ਉਡਦੀ ਹੈ ਉਹ ਵਰਕਰ/ਵਰਕਰਾਂ ਆਦਿ ਦੇ ਸਾਹ ਰਾਹੀਂ ਸਿੱਧਾ ਫੇਫੜਿਆਂ ਤੇ ਜਾ ਕੇ ਜੰਮ ਜਾਂਦੀ ਹੈ ਅਤੇ ਇਸੇ ਕਾਰਨ ਸਿਲੀਕੋਸਿਸ ਵਰਗੀਆਂ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਹਨ। ਇਸੇ ਵਾਸਤੇ ਯੂਨੀਅਨਾਂ ਦੀ ਮੰਗ ਹੈ ਕਿ ਵਰਕਰਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਇਹ ਤੁਰੰਤ ਹੀ ਬੰਦ ਹੋਣਾ ਚਾਹੀਦਾ ਹੈ।