ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਇਥੇ ਜੰਮੀ ਅਤੇ ਵਧੀ-ਫੁੱਲੀ ਨੌਜਵਾਨ ਪੀੜ੍ਹੀ ਰਾਸ਼ਟਰੀ ਪੱਧਰ ਦੀਆਂ ਖੇਡਾਂ ਦੇ ਵਿਚ ਸਥਾਨਕ ਲੋਕਾਂ ਤੋਂ ਦੋ ਕਦਮ ਅੱਗੇ ਹੋ ਕੇ ਜਿੱਥੇ ਆਪਣੀ ਸਥਾਨਕ ਟੀਮ ਦਾ ਨਾਂਅ ਉਚੱਾ ਕਰ ਰਹੇ ਹਨ ਉਥੇ ਆਪਣੇ ਪੰਜਾਬੀ ਮਾਤਾ-ਪਿਤਾ ਦੇ ਲਈ ਵੀ ਮਾਣ ਭਰਿਆ ਅਹਿਸਾਸ ਉਤਪੰਨ ਕਰ ਰਹੇ ਹਨ। ਬੀਤੇ ਕੱਲ੍ਹ ਇਥੇ ਹਾਕੀ ਨਿਊਜ਼ੀਲੈਂਡ ਵੱਲੋਂ ਕਰਵਾਏ ਗਏ 6 ਦਿਨਾਂ ( 6 ਤੋਂ 11 ਜੁਲਾਈ) ‘ਅੰਡਰ-18 ਮੈਨਜ਼ ਐਸੋਸੀਏਸ਼ਨ ਰਾਸ਼ਟਰੀ ਹਾਕੀ ਟੂਰਨਾਮੈਂਟ-2015’ ਜੋ ਕਿ ਲੋਇਡ ਏਲਸਮੋਰ ਪਾਰਕ ਪਾਕੂਰੰਗਾ ਵਿਖੇ ਹੋਇਆ, ਦੇ ਵਿਚ ਆਕਲੈਂਡ ਦੀ ਹਾਕੀ ਟੀਮ ਜੇਤੂ ਰਹੀ। ਇਥੇ ਖੁਸ਼ੀ ਭਰੀ ਗੱਲ ਇਹ ਹੈ ਕਿ ਇਸ ਜੇਤੂ ਟੀਮ ਦੇ ਵਿਚ ਦੋ ਪੰਜਾਬੀ ਮੁੰਡੇ ਸਾਹਿਬਜੋਤ ਸਿੰਘ (18) ਸਪੁੱਤਰ ਸ. ਮਨਜੀਤ ਸਿੰਘ ਬਿੱਲਾ ਅਤੇ ਪਰਨੀਤ ਸਿੰਘ ਕੋਹਲੀ (17) ਮੂਹਰਲੀ ਕਤਾਰ ਦੇ ਵਿਚ ਖੇਡਦੇ ਹਨ। ਸਾਹਿਬਜੋਤ ਸਿੰਘ ਇਸ ਟੀਮ ਦੇ ਕੈਪਟਨ ਹਨ ਜਦ ਕਿ ਪਰਨੀਤ ਸਿੰਘ ਕੋਹਲੀ ਫੁੱਲ ਬੈਕ ਖੇਡਦੇ ਹਨ। ਇਸ ਟੂਰਨਾਮੈਂਟ ਦੇ ਵਿਚ ਨਿਊਜ਼ੀਲੈਂਡ ਦੇਸ਼ ਭਰ ਤੋਂ ਵੱਖ-ਵੱਖ ਖੇਤਰਾਂ ਦੀਆਂ 17 ਟੀਮਾਂ ਨੇ ਰਾਸ਼ਟਰ ਪੱਧਰ ਦੇ ਹੋਏ ਇਸ ਟੂਰਨਾਮੈਂਟ ਦੇ ਵਿਚ ਭਾਗ ਲਿਆ। ਅੰਤਿਮ ਮੁਕਾਬਲੇ ਦੇ ਵਿਚ ਆਕਲੈਂਡ ਦੀ ਟੀਮ ਨੇ ਵਲਿੰਗਟਨ ਦੀ ਟੀਮ ਨੂੰ 2-1 ਨਾਲ ਹਰਾ ਕੇ ਜੇਤੂ ਟ੍ਰਾਫੀ ਉਤੇ ਆਪਣਾ ਕਬਜ਼ਾ ਕੀਤਾ। ਇਸ ਟੂਰਨਾਮੈਂਟ ਦੇ ਵਿਚ ਖੇਡੇ ਗਏ ਸਾਰੇ ਮੈਚ ਆਕਲੈਂਡ ਦੀ ਟੀਮ ਨੇ ਜਿੱਤੇ ਅਤੇ ਕੁੱਲ 16 ਗੋਲ ਦਾਗੇ। ਆਖਰੀ ਗੋਲ ਜੇਤੂ ਗੋਲ ਦੇ ਵਿਚ ਬਦਲ ਗਿਆ ਅਤੇ ਟੀਮ ਦੇ ਹੱਥ ਸੁੰਦਰ ਟ੍ਰਾਫੀ ਲੱਗੀ।