ਨਹੀ ਰੁੱਕ ਰਹੇਂ ਪ੍ਰਵਾਸੀਆਂ ਦੀਆਂ ਜ਼ਾਇਦਾਦਾਂ `ਤੇ ਨਾਜ਼ਾਇਜ਼ ਕਬਜ਼ੇ: ਚਾਚੇ ਨੇ ਗਲਤ ਦਸਤਾਵੇਜ਼ ਤਿਆਰ ਕਰਕੇ ਘਰ ਦਾ ਕੀਤਾ ਗੈਰ-ਕਾਨੂੰਨੀ ਸੌਦਾ

ਭਾਵੇਂ ਕਿ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਦੇ ਹੱਕ ਜ਼ਿਆਦਾ ਸੁਰੱਖਿਅਤ ਕਰਨ ਦੇ ਦਾਅਵੇਂ ਕੀਤੇ ਜਾਂਦੇ ਹਨ, ਪਰ ਅਸਲੀਅਤ ਇਹਨਾਂ ਬਿਆਨਾਂ ਤੋਂ ਕੋਹਾਂ ਦੂਰ ਹੈ। ਅਜਿਹਾ ਹੀ ਇੱਕ ਮਾਮਲਾ ਮੈਲਬੋਰਨ ਵਸਦੇ ਇੱਕ ਪੰਜਾਬੀ ਦਾ ਹੈ ਜਿਸਦੇ ਜੱਦੀ ਘਰ `ਤੇ ਸ਼ਰੀਕਾਂ ਵਲੋਂ ਨਾਜ਼ਾਇਜ਼ ਕਬਜ਼ਾ ਕਰ ਲਿਆ ਗਿਆ। ਇਸ ਬਾਰੇ ਸ਼ਿਕਾਇਤ ਕਰਤਾ ਮਿੱਕੀ ਉਬਰਾਏ ਨੇ ਦੱਸਿਆ ਕਿ ਉਹਨਾਂ ਦਾ ਜੱਦੀ ਮਕਾਨ ਜ਼ਿਲਾ ਲੁਧਿਆਣਾ ਦੇ ਚੀਮਾ ਪਾਰਕ ਵਿੱਚ ਸਥਿਤ ਹੈ । ਸਿਰ ਤੇ ਪਿਤਾ ਦਾ ਸਾਇਆ ਨਾ ਹੋਣ ਕਰਕੇ ਸ਼ਿਕਾਇਤ ਕਰਤਾ ਦੀ ਮਾਤਾ ਦਲਜੀਤ ਕੌਰ ਇੱਕਲਿਆਂ ਘਰ ਵਿੱਚ ਰਹਿੰਦੇੇ ਸਨ। ਪਰ ਪਿਛਲੇ ਕੁਝ ਸਮੇਂ ਤੋਂ ਮਿੱਕੀ ਦੇ ਚਾਚੇ ਨਗਿੰਦਰ ਮੋਹਣ ਸਿੰਘ ਵਲੋਂ ਉਸਦੀ ਮਾਤਾ ਨੂੰ ਨਜ਼ਾਇਜ਼ ਤੌਰ ਤੇ ਧਮਕਾਉਣ ਅਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਕੁਝ ਗਲਤ ਵਾਪਰਨ ਦੇ ਡਰ ਤੋਂ ਮਿੱਕੀ ਨੇ ਆਪਣੀ ਮਾਤਾ ਨੂੰ ਆਸਟਰੇਲੀਆ ਬੁਲਾ ਲਿਆ। ਉਸਦੇ ਚਾਚੇ ਨੇ ਮੌਕੇ ਦਾ ਫਾਇਦਾ ਉਠਾਉਦਿਆਂ ਝੂਠਾ ਮੁਖਤਿਆਰਨਾਮਾ ਤਿਆਰ ਕਰਕੇ ਸੰਬੰਧਿਤ ਘਰ ਆਪਣੇ ਸਾਲੇ ਕਿਰਪਾਲ ਸਿੰਘ ਨੂੰ ਵੇਚ ਦਿੱਤਾ। ਉਸਨੇ ਦੱਸਿਆ ਕਿ ਕਿਰਪਾਲ ਸਿੰਘ ਨੇ ਪਹਿਲਾਂ ਵੀ ਮੇਰੀ ਮਾਂ ਨੂੰ ਧਮਕੀਆਂ ਦਿੱਤੀਆਂ ਸਨ ਜਿਸ ਖਿਲ਼ਾਫ ਉਸਦੀ ਮਾਤਾ ਵਲੋਂ ਸਾਲ 2008 ਵਿੱਚ ਕੋਚਰ ਮਾਰਕੀਟ ਸਥਿਤ ਪੁਲਸ ਥਾਣੇ ਵਿੱਚ ਸ਼ਿਕਾਇਤ ਦਰਜ਼ ਕਰਵਾਈ ਸੀ।ਉਬਰਾਏ ਅਨੁਸਾਰ ਉਸਦੇ ਘਰ ਦੇ ਸਾਰੇ ਜ਼ਰੂਰੀ ਕਾਗਜ਼ਾਤ ਸੁਰੱਖਿਅਤ ਸਾਂਭੇ ਪਏ ਹਨ ਅਤੇ ਘਰ ਦੇ ਮਾਲਕ ਦੇ ਦਸਤਖਤਾਂ ਅਤੇ ਸਹਿਮਤੀ ਤੋਂ ਬਗੈਰ ਘਰ ਦਾ ਸੌਦਾ ਕਿਵੇਂ ਕੀਤਾ ਜਾ ਸਕਦਾ ਹੈ?ਮਿੱਕੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਐਨ. ਆਰ. ਆਈ ਥਾਣੇ ਵਿੱਚ ਸ਼ਿਕਾਇਤ ਕੀਤੀ ਜਾ ਚੁੱਕੀ ਹੈ ।ਉਬਰਾਏ ਦੇ ਪਰਿਵਾਰ ਨੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲਸ ਕਪਤਾਨ ਲੁਧਿਆਣਾ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹਨਾ ਦਾ ਜੱਦੀ ਘਰ ਤੇ ਕੀਤਾ ਨਜ਼ਾਇਜ਼ ਕਬਜ਼ਾ ਜਲਦ ਤੋਂ ਜਲਦ ਹਟਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਲਾਲਚੀ ਕਿਸੇ ਵੀ ਪ੍ਰਵਾਸੀ ਦੀ ਜਾਇਦਾਦ ਤੇ ਨਾਜ਼ਾਇਜ਼ ਕਬਜ਼ਾ ਕਰਨ ਦੀ ਹਿੰਮਤ ਨਾ ਕਰ ਸਕੇ।

(ਮੈਲਬੋਰਨ, ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×