ਕਿੱਧਰ ਨੂੰ ਜਾ ਰਹੀ ਹੈ ਸਿੱਖ ਰਾਜਨੀਤੀ

bagel singh dhaliwal 191029 aa

ਦੇਸ਼ ਦੀ ਆਜ਼ਾਦੀ ਦੇ ਸਮੇਂ ਤੋ ਹੀ ਸਿੱਖ ਰਾਜਨੀਤੀ ਕੇਂਦਰ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਕਦੇ ਕਾਂਗਰਸ, ਕਦੇ ਜਨਸੰਘ ਤੇ ਕਦੇ ਭਾਰਤੀ ਜਨਤਾ ਪਾਰਟੀ ਦੀ ਸੋਚ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਜਵਾਹਰ ਲਾਲ ਨਹਿਰੂ ਤੋ ਲੈ ਕੇ ਨਰੇਂਦਰ ਮੋਦੀ ਤੱਕ ਅਤੇ ਮਹਾਤਮਾ ਗਾਂਧੀ ਤੋਂ ਲੈ ਕੇ ਮੋਹਨ ਭਾਗਵਤ ਤੱਕ ਸਿੱਖ ਆਗੂਆਂ ਨੂੰ ਆਪਣੇ ਛਲਾਵੇ ਦਾ ਸ਼ਿਕਾਰ ਬਣਾਉਂਦੇ ਆ ਰਹੇ ਹਨ। ਸਿੱਖ ਆਗੂਆਂ ਦੀ ਗ਼ੁਲਾਮ ਮਾਨਸਿਕਤਾ ਦਾ ਕਾਰਨ ਉਨ੍ਹਾਂ ਦੇ ਵੱਡੇ ਕਾਰੋਬਾਰ ਸਨ, ਜਿਨ੍ਹਾਂ ਦੇ ਪਸਾਰੇ ਖ਼ਾਤਰ ਉਹ ਕੌਮੀ ਹਿਤਾਂ ਨੂੰ ਅਣਗੌਲਿਆ ਕਰਦੇ ਰਹੇ ਹਨ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਕੇਂਦਰ ਵਿਚ ਰਾਜ ਕਰਨ ਵਾਲੇ ਜਾਂ ਰਾਜ ਭਾਗ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਪੰਜਾਬ ਪ੍ਰਤੀ ਨਜ਼ਰੀਆ ਹਮੇਸ਼ਾ ਮੰਦਭਾਵਨਾ ਵਾਲਾ ਹੀ ਰਿਹਾ ਹੈ, ਜਿਸ ਕਰ ਕੇ ਪੰਜਾਬ ਇੱਕ ਤੋ ਬਾਅਦ ਇੱਕ ਹੋਰ ਵਧੀਕੀਆਂ ਦਾ ਸ਼ਿਕਾਰ ਹੁੰਦਾ ਗਿਆ। ਜੇ ਦੇਸ਼ ਵੰਡ ਵੇਲੇ ਦੀ ਗੱਲ ਕਰੀਏ ਤਾਂ ਸਭ ਤੋ ਵੱਡਾ ਨੁਕਸਾਨ ਪੰਜਾਬ ਨੇ ਹੀ ਝੱਲਿਆ, ਜਿਸ ਨੇ ਜਿੱਥੇ ਆਪਣੇ ਦੋ ਟੋਟੇ ਕਰਵਾਏ, ਓਥੇ ਦਸ ਲੱਖ ਤੋ ਵੱਧ ਲੋਕ ਸਿਆਸੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਦੰਗਿਆਂ ਵਿਚ ਮਾਰੇ ਗਏ, ਘਰ ਘਾਟ ਤਬਾਹ ਹੋ ਗਏ। ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਇੱਕੋ ਰਾਤ ਵਿਚ ਬੇਘਰ ਅਤੇ ਨਿਥਾਵੇਂ ਹੋ ਗਏ।

ਉਸ ਉਜਾੜੇ ਨੇ ਪੰਜਾਬ ਦੀ ਆਤਮਾ ਬੁਰੀ ਤਰਾਂ ਵਲੂੰਧਰ ਕੇ ਰੱਖ ਦਿੱਤੀ। ਫਿਰ ਦੇਸ਼ ਵੰਡ ਤੋ ਬਾਅਦ ਜੋ ਕੁੱਝ ਪੰਜਾਬ ਨਾਲ ਹੋਇਆ, ਉਸ ਨੇ ਪਹਿਲਾਂ ਤੋ ਵੀ ਜ਼ਿਆਦਾ ਦਰਦ ਅਤੇ ਗਹਿਰੇ ਜ਼ਖਮ ਦਿੱਤੇ ਹਨ। ਸਭ ਤੋ ਪਹਿਲਾਂ ਪੰਜਾਬੀ ਸੂਬੇ ਦੇ ਨਾਮ ਤੋ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇઠ ਪੰਜਾਬ ਤੋ ਜਾਣਬੁੱਝ ਕੇ ਬਾਹਰ ਰੱਖੇ ਗਏ, ਤਾਂ ਕਿ ਪਹਿਲਾਂ ਹੀ ਲੰਗੜੇ ਹੋ ਚੁੱਕੇ ਪੰਜਾਬ ਨੂੰ ਬਿਲਕੁਲ ਹੀ ਸਾਹ ਸਤਹੀਣ ਕੀਤਾ ਜਾ ਸਕੇ। ਪੰਜਾਬ ਦੇ ਪਾਣੀਆਂ ਦੀ ਧੱਕੇਸ਼ਾਹੀ ਨਾਲ ਕੀਤੀ ਕਾਣੀ ਵੰਡ, ਪੰਜਾਬ ਦੇ ਪਾਣੀਆਂ ਤੋ ਮੁਫ਼ਤ ਵਿਚ ਤਿਆਰ ਹੁੰਦੀ ਬਿਜਲੀ ਦੀ ਲੁੱਟ ਕਰ ਕੇ, ਪੰਜਾਬ ਵਿਚ ਕੋਇਲੇ ਨਾਲ ਚੱਲਣ ਵਾਲੇ ਥਰਮਲ ਲਾਉਣਾ, ਲੁੱਟੇ ਪੁੱਟੇ ਪੰਜਾਬ ਨੂੰ ਹੋਰ ਆਰਥਿਕ ਕੰਗਾਲੀ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਇਕੱਲੇ ਕੇਂਦਰ ਨੇ ਨਹੀਂ ਬਣਾਈਆਂ, ਸਗੋਂ ਪੰਜਾਬ ਦੇ ਸਿਆਸੀ ਆਗੂ ਆਪਣੇ ਸੌੜੇ ਸਿਆਸੀ ਹਿਤਾਂ ਖ਼ਾਤਰ ਪੰਜਾਬ ਦੀ ਬਰਬਾਦੀ ਤੇ ਖ਼ੁਦ ਦਸਤਖ਼ਤ ਕਰ ਕੇ ਬਦਲੇ ਵਿਚ ਕੇਂਦਰ ਤੋਂ ਨਿੱਜੀ ਲਾਭ ਲੈਂਦੇ ਰਹੇ ਹਨ, ਉਹ ਭਾਵੇਂ ਰਾਜਭਾਗ ਦੇ ਰੂਪ ਵਿਚ ਹੋਣ ਜਾਂ ਫਿਰ ਜਾਇਦਾਦ ਜਾਂ ਕਿਸੇ ਹੋਰ ਰੂਪ ਵਿਚ ਹੋਣ। ਪੰਜਾਬ ਦਾ ਦੁਖਾਂਤ ਹੈ ਕਿ ਇੱਥੋਂ ਦੀ ਕੋਈ ਵੀ ਸਿਆਸੀ ਧਿਰ ਆਪਣੇ ਲੋਕਾਂ ਦੀ ਹੋਕੇ ਨਹੀਂ ਚੱਲ ਸਕੀ। ਕਾਮਰੇਡ, ਕਾਂਗਰਸੀ ਜਾਂ ਹੋਰ ਪਾਰਟੀਆਂ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ, ਜਦੋਂ ਪੰਜਾਬ ਦੀ ਖ਼ਾਸ ਕਰ ਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ ਹੀ ਕੇਂਦਰ ਕੋਲ ਵਿਕੀ ਹੋਈ ਹੈ।

ਅਕਾਲੀ ਦਲ ਦੇ ਕਿਸੇ ਇੱਕ ਲੀਡਰ ਦੀ ਗੱਲ ਨਹੀਂ, ਬਲਕਿ ਅਜਿਹੇ ਬਹੁਤ ਸਾਰੇ ਅਕਾਲੀ ਆਗੂ ਹਨ, ਜਿਹੜੇ ਕੇਂਦਰ ਨਾਲ ਕਿਤੇ ਨਾ ਕਿਤੇ ਜੱਫੀਆਂ ਪਾ ਹੀ ਚੁੱਕੇ ਹਨ, ਪ੍ਰੰਤੂઠ ਸਹੀ ਸਮੇਂ ਦੀ ਉਡੀਕ ਵਿਚ ਹਨ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਬਾਦਲ ਪਰਿਵਾਰ ਦੀ ਸਿਆਸੀ ਹਾਲਤ ਪਤਲੀ ਪੈ ਜਾਣ ਕਰ ਕੇ ਕਾਫ਼ੀ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ। ਭਾਰਤੀ ਜਨਤਾ ਪਾਰਟੀ, ਜਿਹੜੀ ਅਕਾਲੀ ਦਲ ਦੀ ਪੌੜੀ ਵਰਤ ਕੇ ਹੁਣ ਆਪਣੇ ਆਪ ਨੂੰ ਬਿਲਕੁਲ ਉਪਰ ਵਾਲੇ ਡੰਡੇ ਤੇ ਸਮਝ ਰਹੀ ਹੈ, ਨੇ ਪੰਜਾਬ ਅੰਦਰ ਅਪਣਾ ਮਜ਼ਬੂਤ ਆਧਾਰ ਬਣਾਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹੋਈਆਂ ਹਨ, ਇਹਦੇ ਲਈ ਉਨ੍ਹਾਂ ਨੂੰ ਅਜਿਹੇ ਸਿੱਖ ਚਿਹਰੇ ਦੀ ਜ਼ਰੂਰਤ ਹੈ, ਜਿਹੜਾ ਬਾਦਲ ਦਾ ਬਦਲ ਬਣਨ ਦੇ ਸਮਰੱਥ ਹੋਵੇ। ਬੀਤੇ ਦਿਨੀਂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਤੇ ਸਿਰਕੱਢ ਆਗੂ ਸ੍ਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਤੇ ਰਾਜ ਸਭਾ ਚ ਪਾਰਟੀ ਨੇਤਾ ਦੇ ਅਹੁਦੇ ਤੋ ਦਿੱਤੇ ਗਏ ਅਸਤੀਫ਼ੇ ਨੂੰ ਕੁੱਝ ਅਜਿਹੇ ਨਜ਼ਰੀਏ ਤੋ ਹੀ ਦੇਖਿਆ ਜਾ ਰਹਾ ਹੈ।

ਸ੍ਰ ਢੀਂਡਸਾ ਦੀ ਭਾਜਪਾ ਨਾਲ ਸਾਂਝ ਵੀ ਕੋਈ ਨਵੀਂ ਨਹੀਂ ਹੈ, ਬਲਕਿ ਜਦੋਂ 1996 ਵਿਚ ਬਾਕਾਇਦਾ ਤੌਰ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਟੱਲ ਵਾਜਪਾਈ ਦੀ ਅਗਵਾਈ ਵਿਚ ਭਾਜਪਾ ਨਾਲ ਪੱਕਾ ਸਮਝੌਤਾ ਕੀਤਾ ਸੀ ਤਾਂ ਉਸ ਤੋ ਪਹਿਲਾਂ ਵੀ ਜੇ ਕਿਸੇ ਅਕਾਲੀ ਆਗੂ ਦੀ ਕੇਂਦਰ ਵਿਚ ਸਾਂਝ ਰੱਖੀ ਹੋਈ ਸੀ, ਉਹ ਸ੍ਰ ਸੁਖਦੇਵ ਸਿੰਘ ਢੀਂਡਸਾ ਹੀ ਸਨ, ਇਹ ਉਨ੍ਹਾਂ ਦੀ ਚਿਰੋਕਣੀ ਸਾਂਝ ਹੀ ਸੀ ਕਿ 1997 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਵਿਸ਼ੇਸ਼ ਤੌਰ ਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੁਨਾਮ ਪਹੁੰਚੇ ਸਨ। ਇਹ ਵੱਖਰੀ ਗੱਲ ਹੈ ਕਿ ਸ੍ਰ ਬਾਦਲ, ਸ੍ਰ ਢੀਂਡਸਾ ਤੋਂ ਅੱਗੇ ਨਿਕਲ ਗਏ। ਸ੍ਰ ਢੀਂਡਸਾ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਭੂਸ਼ਣ ਪੁਰਸਕਾਰ ਵੀ ਪੁਰਾਣੀ ਸਾਂਝ ਦਾ ਹੀ ਫਲ ਮਿਲਿਆ ਕਿਹਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਤੋ ਪਹਿਲਾਂ ਵੀ ਸ੍ਰ ਸੁਖਦੇਵ ਸਿੰਘ ਢੀਂਡਸਾ, ਮਨਜਿੰਦਰ ਸਿੰਘ ਸਿਰਸਾ ਅਤੇ ਤਰਲੋਚਨ ਸਿੰਘ ਦੀ ਤਿੱਕੜੀ ਭਾਜਪਾ ਹਾਈਕਮਾਂਡ ਦੇ ਲਗਾਤਾਰ ਸੰਪਰਕ ਵਿਚ ਰਹੀ, ਪ੍ਰੰਤੂ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਟਿਕਟ ਮਨਜ਼ੂਰ ਕਰ ਲੈਣ ਤੋ ਬਾਅਦ ਸ੍ਰ ਸੁਖਦੇਵ ਸਿੰਘ ਢੀਂਡਸਾ ਨੂੰ ਪੁੱਤਰ ਦੇ ਸਾਹਮਣੇ ਆਤਮ ਸਮਰਪਣ ਕਰਨਾ ਪਿਆ ਸੀ।

ਏਸੇ ਤਰਾਂ ਬਲਵੰਤ ਸਿੰਘ ਰਾਮੂਵਾਲੀਆ ਵੀ ਅਕਾਲੀ ਦਲ ਦੀ ਪੌੜੀ ਤੋ ਦੀ ਹੁੰਦਾ ਹੋਇਆ ਕੇਂਦਰ ਦੇ ਕੋਠੇ ਤੱਕ ਪੁੱਜ ਗਿਆ। ਸੋ ਅਜਿਹੇ ਹੋਰ ਵੀ ਬਹੁਤ ਸਾਰੇ ਸਿੱਖ ਨੇਤਾ ਹਨ ਜਿਹੜੇ ਕੇਂਦਰ ਨਾਲ ਸਾਂਝ ਬਣਾ ਕੇ ਰੱਖਣ ਖ਼ਾਤਰ ਪੰਜਾਬ ਦੇ ਹਿਤਾਂ ਨੂੰ ਤਿਲਾਂਜਲੀ ਦਿੰਦੇ ਰਹੇ ਹਨ। ਏਸੇ ਤਰਾਂ ਹੁਣ ਜੇ ਗੱਲ ਪੰਥਕ ਧਿਰਾਂ ਦੀ ਕੀਤੀ ਜਾਵੇ, ਤਾਂ ਉਨ੍ਹਾਂ ਵਿਚ ਵੀ ਸਭ ਅੱਛਾ ਨਹੀਂ ਹੈ। ਪੰਥਕ ਧਿਰਾਂ ਦੀ ਆਪਣੀਆਂ ਹਮਖ਼ਿਆਲ ਧਿਰਾਂ ਨਾਲ ਵੀ ਏਕਤਾ ਨਹੀਂ ਹੁੰਦੀ ਹੈ, ਜਿਸ ਕਰ ਕੇ ਉਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੋ ਅੱਗੇ ਵਧਣ ਵਿਚ ਸਫਲ ਨਹੀਂ ਹੋ ਸਕੇ। ਇਹ ਵੀ ਸੱਚ ਹੈ ਕਿ ਪੰਥਕ ਆਗੂ ਇੱਕ ਦੂਸਰੇ ਤੇ ਦਿੱਲੀ ਦੇ ਹੱਕ ਵਿਚ ਭੁਗਤਣ ਦੇ ਦੋਸ਼ ਵੀ ਲਾਉਂਦੇ ਰਹਿੰਦੇ ਹਨ। ਇਹੋ ਕਾਰਨ ਹੈ ਕਿ ਪੰਥਕ ਧਿਰਾਂ ਦੇ ਬਹੁਤ ਸਾਰੇ ਆਗੂਆਂ ਤੇ ਵੀ ਨਿੱਜੀ ਲਾਭ ਲੈਣ ਖ਼ਾਤਰ ਦਿੱਲੀ ਨਾਲ ਨੇੜਤਾ ਰੱਖਣ ਦੇ ਦੋਸ਼ ਲੱਗ ਰਹੇ ਹਨ। ਪਿਛਲੇ ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਲੱਗਿਆ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੰਕੇਤ ਦੇ ਕੇ ਹੀ ਸਮਾਪਤ ਹੋਇਆ ਸੀ। ਸੋ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿੱਖ ਰਾਜਨੀਤੀ ਕਦੇ ਵੀ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਨੁਮਾਇੰਦਗੀ ਨਹੀਂ ਕਰ ਸਕੀ, ਇਸ ਲਈ ਪੰਜਾਬ, ਪੰਜਾਬੀਅਤ ਅਤੇ ਪੰਥਪ੍ਰਸਤ ਲੋਕਾਂ ਦੀ ਇਹ ਚਿੰਤਾ, ਕਿ ਸਿੱਖ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ, ਤੇ ਵੀ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ।