ਮੈਡੀਕਲ ਹਸਪਤਾਲ ਦੀਆਂ ਸਮੱਸਿਆਵਾਂ ਦੇ ਹੱਲ ਲਈ 8 ਅਪ੍ਰੈਲ ਤੱਕ ਦਾ ਅਲਟੀਮੇਟਮ

ਇਕ ਵਾਰ ਫਿਰ ਮਨੁੱਖਤਾ ਦਾ ਦਰਦ ਸਮਝਣ ਵਾਲੀਆਂ ਜਥੇਬੰਦੀਆਂ ਹੋਈਆਂ ਇਕੱਠੀਆਂ

ਫਰੀਦਕੋਟ :- ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ‘ਚ ਮਰੀਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਲੋਂ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਕਨਵੀਨਰ ਨਰੋਆ ਪੰਜਾਬ ਮੰਚ ਦੀ ਅਗਵਾਈ ਹੇਠ ਅੱਜ ਇੱਕ ਜਰੂਰੀ ਮੀਟਿੰਗ ਕੀਤੀ ਗਈ, ਜਿਸ ‘ਚ ਕਿਸਾਨ, ਮਜਦੂਰ, ਮੁਲਾਜ਼ਮ, ਪੈਨਸ਼ਨਰ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਭਾਗ ਲਿਆ। ਇਸ ਸਮੇਂ ਰਾਜਬੀਰ ਸਿੰਘ ਗਿੱਲ ਸੰਧਵਾਂ ਜਿਲ੍ਹਾ ਸਕੱਤਰ ਜਰਨਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪ੍ਰੇਮ ਚਾਵਲਾ ਸੂਬਾ ਆਗੂ ਪੈਨਸ਼ਨਰ ਐਸੋਸੀਏਸ਼ਨ ਪੰਜਾਬ, ਜਤਿੰਦਰ ਕੁਮਾਰ ਸੂਬਾ ਸਕੱਤਰ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰਸ਼ਾਸ਼ਨ ਮਰੀਜਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤੋਂ ਭੱਜ ਰਿਹਾ ਹੈ, 17 ਮਾਰਚ ਦੀ ਮੀਟਿੰਗ ਉਪਰੰਤ 25 ਮਾਰਚ ਦੀ ਮੀਟਿੰਗ ਤੋਂ ਮੁਨਕਰ ਹੋ ਕੇ ਮੈਡੀਕਲ ਪ੍ਰਸ਼ਾਸ਼ਨ ਇਹ ਸਮਝ ਰਿਹਾ ਹੈ ਕਿ ਇਕ ਮੀਟਿੰਗ ਕਰਕੇ ਹੀ ਬੁੱਤਾ ਸਾਰ ਲਿਆ ਜਾਵੇ ਪਰ ਜਨਤਕ ਜਥੇਬੰਦੀਆਂ ਪ੍ਰਸ਼ਾਸ਼ਨ ਦੀਆਂ ਗੁਮਰਾਹਕੁਨ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਗੀਆਂ। ਇਸ ਮੌਕੇ ਵੀਰਇੰਦਰਜੀਤ ਸਿੰਘ ਪੁਰੀ ਸੂਬਾਈ ਪ੍ਰਧਾਨ ਮੰਡੀ ਬੋਰਡ ਸਾਂਝੀ ਸੰਘਰਸ਼ ਕਮੇਟੀ ਪੰਜਾਬ, ਭੁਪਿੰਦਰ ਸਿੰਘ ਜਿਲ੍ਹਾ ਆਗੂ ਬੀਕੇਯੂ ਰਾਜੇਵਾਲ, ਦਲੀਪ ਸਿੰਘ ਜਿਲ੍ਹਾ ਆਗੂ ਇੰਡੀਆ ਫਾਰਮਜ ਐਸੋਸੀਏਸ਼ਨ, ਅਸ਼ੋਕ ਕੌਸ਼ਲ, ਜਗਪਾਲ ਸਿੰਘ ਬਰਾੜ ਆਦਿ ਨੇ ਕਿਹਾ ਕਿ 17 ਮਾਰਚ ਦੀ ਮੀਟਿੰਗ ‘ਚ 20 ਦਿਨ ਮੈਡੀਕਲ ਪ੍ਰਸ਼ਾਸ਼ਨ ਨੂੰ ਮੈਡੀਕਲ ਦੇ ਸੁਧਾਰ ਲਈ ਦਿੱਤੇ ਗਏ ਸਨ। ਉਨਾ ਆਖਿਆ ਕਿ ਜੇਕਰ 8 ਅਪ੍ਰੈਲ ਤੱਕ ਪੂਰਨ ਸੁਧਾਰ ਨਾ ਹੋਇਆ ਤਾਂ 9 ਅਪ੍ਰੈਲ ਨੂੰ ਸਮੂਹ ਜਥੇਬੰਦੀਆਂ ਦੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਰਕੇ ਫਰੀਦਕੋਟ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜਿਲਿਆਂ ਸਮੇਤ ਸੂਬੇ ਭਰ ਦੀਆਂ 40 ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਵਿਰੁੱਧ ਵੱਡੇ ਪੱਧਰ ‘ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਜਿੰਦਰ ਸਿੰਘ, ਰਾਜਪਾਲ ਸਿੰਘ ਸੰਧੂ, ਲਵਪ੍ਰੀਤ ਸਿੰਘ, ਜਗਤਾਰ ਸਿੰਘ ਗਿੱਲ, ਬਿੱਟੂ ਸਿੰਘ ਗਿੱਲ, ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਦਲਵੀਰ ਸਿੰਘ ਅਤੇ ਉੱਘੇ ਚਿੰਤਕ ਸੁਰਿੰਦਰ ਮਚਾਕੀ ਆਦਿ ਨੇ ਵੀ ਆਪੋ-ਆਪਣੇ ਵਿਚਾਰ ਪ੍ਰਗਟ ਕੀਤਾ।

Install Punjabi Akhbar App

Install
×