ਆਸਟ੍ਰੇਲੀਆਈ ਯੌਧੇ, ਯੂਕਰੇਨ ਦੇ ਲੜਾਕੂਆਂ ਨੂੰ ਦੇਣ ਗੇ ਟ੍ਰੇਨਿੰਗ -ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਯੂਕਰੇਨ ਦੇ ਲੜਾਕੂਆਂ ਨੂੰ ਹੁਣ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਮਾਹਿਰਾਂ ਤੋਂ ਸਿਖਲਾਈ ਦਿਵਾਈ ਜਾਵੇਗੀ ਪਰੰਤੂ ਇਹ ਸਿਖਲਾਈ ਯੂਕਰੇਨ ਵਿੱਚ ਨਹੀਂ ਹੋਵੇਗੀ ਅਤੇ ਕਿਸੇ ਹੋਰ ਦੇਸ਼ ਵਿੱਚ ਇਸ ਦੇ ਕੈਂਪ ਆਦਿ ਲਗਾਏ ਜਾਣਗੇ। ਪ੍ਰਧਾਨ ਮੰਤਰੀ ਵੱਲੋਂ ਅਜਿਹੇ ਕੈਂਪਾਂ ਦਾ ਆਯੋਜਨ ਯੂਰਪੀ ਦੇਸ਼ਾਂ ਵਿੱਚ ਕੀਤੇ ਜਾਣ ਬਾਰੇ ਇਸ਼ਾਰਾ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆ ਵਿੱਚ ਯੂਕਰੇਨ ਦੇ ਰਾਜਦੂਤ -ਵਾਸਿਲ ਮਿਰੋਸ਼ਨੀਸ਼ੈਂਕੋ ਨੇ ਪ੍ਰਧਾਨ ਮੰਤਰੀ ਦੇ ਸੁਝਾਅ ਅਤੇ ਮਦਦ ਦਾ ਸਵਾਗਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਯੂਕਰੇਨ ਦੇ ਫੌਜੀਆਂ ਨੂੰ ਇੰਗਲੈਂਡ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਹ ਸਿਖਲਾਈ ਬ੍ਰਿਟਿਸ਼ ਆਰਮੀ ਵੱਲੋਂ ਅਤੇ ਨਾਲ ਹੀ ਨਿਊਜ਼ੀਲੈਂਡ ਅਤੇ ਸਵੀਡਨ ਦੇ ਫੌਜੀ ਮਾਹਿਰਾਂ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਹੁਣ ਇਸ ਮੁਹਿੰਮ ਵਿੱਚ ਆਸਟ੍ਰੇਲੀਆ ਵੀ ਸ਼ਾਮਿਲ ਹੋ ਰਿਹਾ ਹੈ।
ਬੀਤੇ ਕੱਲ੍ਹ, ਰੂਸ ਵੱਲੋਂ ਕੀਤੀ ਗਈ ਹਵਾਈ ਗੋਲਾਬਾਰੀ ਕਾਰਨ, ਯੂਕਰੇਨ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੈਲੈਂਸਕੀ ਨੇ ਪ੍ਰਧਾਨ ਮੰਤਰੀ ਨਾਲ ਫੋਨ ਤੇ ਗੱਲ ਵੀ ਕੀਤੀ ਸੀ ਅਤੇ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਵੱਲੋਂ ਦਿੱਤੀ ਜਾ ਰਹੀ ਮਦਦ ਵਿੱਚ ਇਜ਼ਾਫ਼ਾ ਕੀਤਾ ਜਾਵੇ ਤਾਂ ਜੋ ਯੂਕਰੇਨ ਦੇ ਸਿਪਾਹੀ ਪੂਰੀ ਦ੍ਰਿੜ੍ਹਤਾ ਅਤੇ ਨਿਸ਼ਠਾ ਨਾਲ ਆਧੁਨਿਕ ਹਥਿਆਰਾਂ ਆਦਿ ਨਾਲ ਲੈਸ ਹੋ ਕੇ ਰੂਸੀ ਫੌਜ ਦਾ ਮੁਕਾਬਲਾ ਕਰ ਸਕਣ।