ਯੂਕੇ ਵੱਲੋਂ ਭਾਰਤ ‘ਲਾਲ ਸੂਚੀ’ ਵਾਲੇ ਦੇਸ਼ਾਂ ਵਿੱਚ ਸ਼ਾਮਿਲ, ਲਗਾਈ ਯਾਤਰਾ ‘ਤੇ ਪਾਬੰਦੀ

ਗਲਾਸਗੋ/ਲੰਡਨ -ਯੂਕੇ ਵਿੱਚ ਸਰਕਾਰ ਵਾਇਰਸ ਦੇ ਵਿਭਿੰਨ ਰੂਪਾਂ ਦੇ ਸਾਹਮਣੇ ਆਉਣ ਕਾਰਨ ਚਿੰਤਤ ਹੈ, ਜਿਹਨਾਂ ਵਿੱਚ ਭਾਰਤੀ ਕੋਰੋਨਾ ਵੇਰੀਐਂਟ ਵੀ ਪ੍ਰਮੁੱਖ ਹੈ। ਇਹਨਾਂ ਦੇ ਸੰਬੰਧ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯੂਕੇ ਨੇ ਭਾਰਤ ਨੂੰ ‘ਲਾਲ ਸੂਚੀ’ ਵਾਲੇ ਦੇਸ਼ਾਂ ‘ਚ ਸ਼ਾਮਿਲ ਕਰਦਿਆਂ ਭਾਰਤ ਤੋਂਂ ਯੂਕੇ ਦੀ ਯਾਤਰਾ ‘ਤੇ ਪਾਬੰਦੀਆਂ ਲਗਾਈਆਂ ਹਨ। ਸਿਹਤ ਸਕੱਤਰ ਨੇ ਕਿਹਾ ਹੈ ਕਿ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ “ਲਾਲ ਸੂਚੀ” ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ, ਜਿੱਥੋਂ ਯੂਕੇ ਦੀ ਜ਼ਿਆਦਾਤਰ ਯਾਤਰਾ ‘ਤੇ ਪਾਬੰਦੀ ਲਗਾਈ ਗਈ ਹੈ। ਜਿਸਦੇ ਤਹਿਤ ਸ਼ੁੱਕਰਵਾਰ 23 ਅਪ੍ਰੈਲ ਨੂੰ 04:00 ਵਜੇ (ਬੀ ਐਸ ਟੀ) ਤੋਂ ਪਿਛਲੇ 10 ਦਿਨਾਂ ਵਿੱਚ ਭਾਰਤ ਤੋਂ ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਯੂਕੇ ‘ਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਜਾਵੇਗਾ। ਇਸ ਦੌਰਾਨ ਬ੍ਰਿਟਿਸ਼ ਜਾਂ ਆਇਰਿਸ਼ ਪਾਸਪੋਰਟ ਧਾਰਕ ਜਾਂ ਬ੍ਰਿਟੇਨ ਦੇ ਰਿਹਾਇਸ਼ੀ ਅਧਿਕਾਰਾਂ ਵਾਲੇ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਪਰੰਤੂ ਉਹਨਾਂ ਦਾ 10 ਦਿਨਾਂ ਲਈ ਸਰਕਾਰੀ ਪ੍ਰਵਾਨਿਤ ਹੋਟਲ ਵਿੱਚ ਇਕਾਂਤਵਾਸ ‘ਚ ਰਹਿਣਾ ਲਾਜ਼ਮੀ ਹੈ। ਮੈਟ ਹੈਨਕਾਕ ਅਨੁਸਾਰ ਕੋਰੋਨਾ ਵਾਇਰਸ ਦੇ ਭਾਰਤੀ ਰੂਪ ਦੇ ਬ੍ਰਿਟੇਨ ਵਿੱਚ 103 ਮਾਮਲੇ ਸਾਹਮਣੇ ਆਏ ਹਨ। ਹਾਊਸ ਆਫ ਕਾਮਨਜ਼ ਨੂੰ ਸੋਮਵਾਰ ਨੂੰ ਇੱਕ ਬਿਆਨ ਵਿੱਚ ਸਿਹਤ ਸਕੱਤਰ ਨੇ ਕਿਹਾ ਕਿ ਨਵੇਂ ਰੂਪ ਦੇ ਜ਼ਿਆਦਾਤਰ ਮਾਮਲੇ ਜਿਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਬੀ .1.617 ਕਿਹਾ ਜਾਂਦਾ ਹੈ, ਨੂੰ ਅੰਤਰਰਾਸ਼ਟਰੀ ਯਾਤਰਾ ਨਾਲ ਜੋੜਿਆ ਗਿਆ ਹੈ। ਪਬਲਿਕ ਹੈਲਥ ਇੰਗਲੈਂਡ ਦੇ ਅੰਕੜਿਆਂ ਅਨੁਸਾਰ 25 ਮਾਰਚ ਤੋਂ 7 ਅਪ੍ਰੈਲ ਦੇ ਵਿਚਕਾਰ ਭਾਰਤ ਤੋਂ 3,345 ਯਾਤਰੀ  ਯੂਕੇ ਸਰਹੱਦੀ ਯਾਤਰਾ ਦੇ ਅੰਕੜਿਆਂ ਵਿੱਚ ਰਜਿਸਟਰ ਹੋਏ ਹਨ ਜਿਹਨਾਂ ਵਿੱਚੋਂ 161 ਜਾਂ 4.8% ਦੇ ਪੀ ਸੀ ਆਰ ਟੈਸਟ ਤੋਂ ਬਾਅਦ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤੇ ਗਏ ਹਨ। ਇਹ ਨਵੇਂ ਯਾਤਰਾ ਨਿਯਮ ਇੰਗਲੈਂਡ ਅਤੇ ਸਕਾਟਲੈਂਡ ‘ਤੇ ਲਾਗੂ ਹੁੰਦੇ ਹਨ, ਵੇਲਜ਼ ਜਾਂ ਉੱਤਰੀ ਆਇਰਲੈਂਡ ਵਿੱਚ ਇਸ ਸਮੇਂ ਸਿੱਧੀ ਅੰਤਰਰਾਸ਼ਟਰੀ ਉਡਾਣ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀ ਆਪਣੀ ਭਾਰਤ ਵਿੱਚ ਯੋਜਨਾਬੱਧ ਯਾਤਰਾ ਰੱਦ ਕਰ ਦਿੱਤੀ ਹੈ। 15 ਅਪ੍ਰੈਲ ਤੋਂ ਭਾਰਤ ਰੋਜ਼ਾਨਾ 200,000 ਤੋਂ ਵੱਧ ਮਾਮਲਿਆਂ ਦੇ ਜੁੜਨ ਨਾਲ ਖਤਰਨਾਕ ਦੌਰ ਵੱੱਲ ਅੱਗੇ ਵਧ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਨੇ ਵਾਇਰਸ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਤਾਲਾਬੰਦੀ ਦਾ ਐਲਾਨ ਕੀਤਾ ਹੈ।

Install Punjabi Akhbar App

Install
×