********** ਉਧਾਰੇ ਗੀਤ *********

14691005_1226101840783677_615428054217726876_n

ਅੱਜ ਵੀ ਉਹ ਯਾਦ ਜਹਿਨ ‘ਚ ਤਰੋ-ਤਾਜਾ ਪਈ ਐ ਜਦੋਂ ਉਹ ਪਹਿਲੇ ਦਿਨ ਕਾਲਜ ਆਈ ਸੀ। ਪਤਲੀ ਜਿਹੀ ਲਗਰ ਵਰਗੀ ਕੁੜੀ, ਖਸਖਸ ਦੇ ਫੁੱਲਾਂ ਵਾਂਗ ਖਿੜਿਆ ਮੁੱਖੜਾ, ਡੂੰਘੀਆਂ ਅੱਖਾਂ ਵਿੱਚ ਬਰੀਕ ਜਿਹੀ ਕੱਜਲ਼ ਦੀ ਧਾਰ ਤੇ ਸੱਜੀ ਗੱਲ੍ਹ ਤੇ ਕਾਲਾ ਤਿਲ… ਕੁੜੀਆਂ ਤਾਂ ਹੋਰ ਵੀ ਬਥੇਰੀਆਂ ਸੋਹਣੀਆਂ ਸੀ ਪੂਰੇ ਕੈਂਪਸ ‘ਚ ਪਰ ਪਤਾ ਨਹੀਂ ਕਿਓਂ ਪਹਿਲਾਂ ਕਦੇ ਕਿਸੇ ਨੂੰ ਵੇਖਕੇ ਏਦਾਂ ਮੇਰੇ ਧੁਰ ਅੰਦਰ ਜਵਾਰ-ਭਾਟਾ ਨਹੀਂ ਉੱਠਿਆ ਸੀ। ਆਪਣੇ ਆਪ ਵਿੱਚ ਸੁੰਗੜਦੀ ਉਹ ਕਲਾਸ ਰੂਮ ਵੱਲ ਜਾਣ ਲੱਗੇ ਮੇਰੇ ਕੋਲੋੰ ਹੋਕੇ ਲੰਘੀ ਤਾਂ ਮੇਰੀ ਨਿਗ੍ਹਾ ਉਹਦੇ ਪੈਰਾਂ ਤੇ ਪਈ… ਸਰੀਰ ਨੂੰ ਇੱਕ ਵੱਖਰੀ ਜਿਹੀ ਕੰਬਣੀ ਛਿੜ ਗਈ। ਕੁਝ ਚਿਰ ਬਾਅਦ ਸਾਰਾ ਪਿੰਡਾ ਭੱਠੀ ਵਾਂਗੂ ਤਪਣ ਲੱਗਾ। ਮੈਂ ਅੱਧੀਆਂ ਕਲਾਸਾਂ ਛੱਡ ਹੋਸਟਲ ਦੇ ਕਮਰੇ ‘ਚ ਮੁੜ ਆਇਆ ਤੇ ਮੂਧੇ ਮੂੰਹ ਬੈੱਡ ਤੇ ਆ ਡਿੱਗਿਆ। ਉਸ ਦਿਨ ਦਾ ਚੜ੍ਹਿਆ ਤਾਪ ਤੀਏ ਦਿਨ ਜਾ ਕੇ ਕੁਝ ਮੱਠਾ ਪਿਆ ਸੀ, ਪਰ ਮੇਰੀ ਰੂਹ ਨੂੰ ਉਸ ਦਿਨ ਤੋਂ ਜੇਹੜਾ ਤਾਪ ਚੜ੍ਹਿਆ ਉਹਦੇ ਹੂੰਗੇ ਹਾਲੇ ਵੀ ਕਲਮਾਂ ਮੂਹੋਂ ਵੱਜਦੇ ਨੇ।

ਉਹਦੇ ਨਾਲ ਗੱਲ ਕਰਾਂ ਤਾਂ ਕਿਵੇਂ ਕਰਾਂ? ਚੌਵੀ ਘੰਟੇ ਇਹੀ ਸੋਚਦਾ ਰਹਿੰਦਾ ਸੀ। ਸਾਰੀ ਰਾਤ ਬੁਣਦਾ ਰਹਿੰਦਾ ਤੇ ਦਿਨ ਚੜ੍ਹਦਿਆਂ ਉਧੇੜ ਦਿੰਦਾ। ਅਖੀਰ ਦੋ ਮਹੀਨਿਆਂ ਬਾਅਦ ਕੀਤੀ ਮੇਰੀ ਦੋਸਤੀ ਦੀ ਗੁਜਾਰਿਸ਼ ਨੂੰ ਉਹਨੇ ਸਿਰ ਹਿਲਾ ਕੇ ਨਕਾਰ ਦਿੱਤਾ ਸੀ। ਦਿਲ ਟੁੱਟਣ ਬਾਰੇ ਮੈਂ ਸਿਰਫ ਗੀਤਾੰ ਕਹਾਣੀਆਂ ‘ਚ ਸੁਣਿਆਂ ਸੀ ਪਰ ਉਸ ਦਿਨ ਮਹਿਸੂਸ ਕੀਤਾ ਜਿਵੇਂ ਦਿਲ ਸੱਚੀਂ ਤਿੜਕ ਗਿਆ ਹੋਵੇ। ਅਗਲੇ ਦਿਨ ਫੇਰ ਬੁਖ਼ਾਰ ਚੜ੍ਹਿਆ, ਦਵਾਈ ਲੈਣ ਨਾਲ ਥੋੜ੍ਹੀ ਕੰਬਣੀ ਨੂੰ ਠੱਲ ਪਈ। ਫੇਰ ਪਤਾ ਨਹੀਂ ਮਨ ਨੂੰ ਕੀ ਸੁੱਝਿਆ, ਉੱਠਕੇ ਕਲਮ ਚੱਕੀ ਤੇ ਸਟੱਡੀ ਟੇਬਲ ਤੇ ਬੈਠ ਕਾਗ਼ਜ਼ ਕਾਲ਼ੇ ਕਰਨ ਲੱਗਾ। ਸਵੇਰੇ ਉੱਠਕੇ ਵੇਖਿਆ ਕਾਲ਼ੇ ਕੀਤੇ ਕਾਗ਼ਜ਼ ਗੀਤ ਬਣ ਗਏ ਸੀ।

ਟੇਬਲ ਤੇ ਪਈ ਕਾਪੀ ਨੂੰ ਛੋਹ ਕੇ ਰੋਸ਼ਨਦਾਨ ਚੋਂ ਬਾਹਰ ਨਿਕਲਦੀ ਹਵਾ ਨੇ ਕਾਲਜ ਦੇ ਗਰਾਉਂਡ ‘ਚ ਆਣ ਚੁਗ਼ਲੀ ਕਰ ਦਿੱਤੀ। ਥੋੜ੍ਹੇ ਦਿਨਾਂ ਬਾਅਦ ਕੈਂਪਸ ਦੀਆਂ ਕੰਧਾਂ ਵੀ ਮੇਰੇ ਗੀਤ ਗਾਉਣ ਲੱਗੀਆਂ। ਗੀਤਾਂ ਨੇ ਅਖਬਾਰਾਂ, ਮੈਗਜ਼ੀਨਾਂ ਦੇ ਪੇਜ਼ਾਂ ਤੇ ਜਗ੍ਹਾ ਮੱਲੀ, ਫੇਰ ਅਵਾਜ਼ ਮਿਲੀ, ਸੁਰ ਮਿਲਿਆ ਤੇ ਵੇਂਹਦਿਆਂ ਵੇਂਹਦਿਆਂ ਮੇਰਾ ਨਾਂ ਲੋਕਾਂ ਦੀ ਜ਼ੁਬਾਨ ਤੇ ਆ ਗਿਆ। ਫੁੱਲ, ਗੁਲਦਸਤੇ, ਗਿਫਟ, ਚਿੱਠੀਆਂ ਤੇ ਕਈ ਵਾਰ ਖ਼ੂਨ ਜਾਂ ਫਿਰ ਲਾਲ ਸਿਹਾਈ ਨਾਲ ਲਿਖੇ ਖਤ; ਪਤਾ ਨਹੀਂ ਕਿੰਨਾ ਕੁਝ ਦਰਵਾਜ਼ੇ ਅੱਗੇ ਪਿਆ ਹੁੰਦਾ ਹਰ ਰੋਜ਼। ਮੈਨੂੰ ਜੇਹੜੇ ਸੁਨੇਹੇਂ ਦੀ ੳਡੀਕ ਸੀ ਉਹ ਇੱਕ ਸਾਲ ਬਾਅਦ ਮਿਲਿਆ ਉਹਦੇ ਇਕਰਾਰ ਦਾ ਖਤ।

ਪਤਝੜ ਤੇ ਹਨੇਰੀ ਦੀਆਂ ਝੰਬੀਆਂ ਟਾਹਣੀਆਂ ਉੱਤੇ ਹਰੀਆਂ ਅੱਖਾਂ ਝਾਕਣ ਲੱਗੀਆਂ ਸੀ। ਹਰ ਰੋਜ਼ ਅਸੀਂ ਮਿਲਦੇ, ਗੱਲਾਂ ਹੁੰਦੀਆਂ, ਹਾਸਾ ਉਡਦਾ, ਉਹ ਮੇਰੇ ਗੀਤ ਗੁਣਗੁਣਾਉਂਦੀ ਤੇ ਦਿਨ ਢਲੇ ਤੋਂ ਅਸੀਂ ਆਪੋ ਆਪਣੇ ਆਲ੍ਹਣਿਆਂ ‘ਚ ਚਲੇ ਜਾਂਦੇ। ਪਤਾ ਨਹੀਂ ਮੇਰੀਆਂ ਖੁਸ਼ੀਆਂ ਦੇ ਬੂਹੇ ਕੀਹਨੇ ਟੂਣਾ ਕਰਿਆ, ਥੋੜ੍ਹੇ ਦਿਨਾਂ ਬਾਅਦ ਸਭ ਕੁਝ ਤੋਂ ਮਨ ਉਕਤਾਉਣ ਲੱਗਾ। ਉਹਨੂੰ ਮਿਲਕੇ ਹੁਣ ਪਹਿਲਾਂ ਵਰਗਾ ਮਜ਼ਾ ਨਹੀਂ ਆਉਂਦਾ ਸੀ। ਗੀਤ ਲਿਖਣੇ ਵੀ ਬੰਦ ਕਰ ਦਿੱਤੇ, ਜੀ ਕਰਦਾ ਸੀ ਸਭ ਕੁਝ ਛੱਡਕੇ ਕਿਤੇ ਦੂਰ ਭੱਜ ਜਾਵਾਂ। ਜਦੋਂ ਵੀ ਉਹ ਪਿੰਡ ਜਾਂਦੀ ਸੀ ਉਹਦੀ ਬਥੇਰੀ ਯਾਦ ਆਉਂਦੀ। ਕਲਮ ਫੇਰ ਚਲਦੀ… ਕਾਗ਼ਜ਼ਾਂ ਉੱਤੇ ਤਾਨ੍ਹੇ ਮੇਹਣੇ ਮਾਰਦੀ, ਚੀਕਾਂ ਮਾਰਦੀ, ਵੈਣ ਪਾਉਂਦੀ…. ਅਖਬਾਰ, ਮੈਗਜ਼ੀਨ ਖੁਸ਼ ਹੁੰਦੇ…. ਕਾਲਜ ਦੀਆਂ ਕੰਧਾਂ ਅਤੇ ਇਸ਼ਕ ਦੀ ਮਿੱਟੀ ਨਾਲ ਲਿੱਪੇ ਦਿਲ ਰੋਣ ਲਗਦੇ। ਜਦੋਂ ਉਹ ਪਿੰਡੋਂ ਮੁੜਦੀ ਮੈਂ ਦਿਲ ਦੇ ਬੂਹੇ ਤੇ ਸਰ੍ਹੀਂ ਬੰਨ੍ਹਦਾ, ਭੰਗੜੇ ਪਾਉਂਦਾ ਨੱਚਦਾ ਟੱਪਦਾ ਪਰ ਸਭ ਕੁਝ ਜਲਦੀ ਕਾਫ਼ੂਰ ਹੋ ਜਾਂਦਾ ਸੀ ਤੇ ਥੋੜ੍ਹੇ ਦਿਨਾਂ ਬਾਅਦ ਫੇਰ ਓਹੀ ਬੋਰੀਅਤ ਆਣ ਘੇਰਾ ਪਾ ਲੈਂਦੀ। ਇੱਕ ਵਾਰ ਉਹ ਪਿੰਡੋਂ ਪਰਤੀ, ਹਜੇ ਮੈਂ ਆਪਣੇ ਗੀਤਾਂ ਵਾਲੇ ਉਦਾਸ ਜਿਹੇ ਕੱਪੜੇ ਲਾਹਕੇ ਵੇਲਾਂ ਬੂਟੀਆਂ ਵਾਲਾ ਬਾਣਾ ਪਾਉਣ ਹੀ ਲੱਗਾ ਸਾਂ ਕਿ ਉਹ ਬੋਲੀ,
-“ਮੈਂ ਮੰਮੀ ਨਾਲ ਗੱਲ ਕੀਤੀ ਸੀ ਆਪਣੇ ਵਿਆਹ ਬਾਰੇ, ਉਹ ਤਾਂ ਤੁਹਾਡਾ ਨਾਂ ਸੁਣਦੇ ਹੀ ਰਾਜ਼ੀ ਹੋ ਗਏ। ਹੁਣ ਪਾਪਾ ਨੂੰ ਮਨਾਉਣਾ ਕੋਈ ਬਹੁਤਾ ਔਖਾ ਨਹੀਂ ਮੰਮੀ ਲਈ।”

ਬਿਨਾ ਕਿਸੇ ਨੂੰ ਦੱਸੇ ਮੈਂ ਅਗਲੇ ਦਿਨ ਬੋਰੀ ਬਿਸਤਰ ਬੰਨ੍ਹਕੇ ਪਿੰਡ ਆ ਗਿਆ। ਚਾਰ ਮਹੀਨਿਆਂ ਬਾਅਦ ਕੈਂਪਸ ਪਰਤਿਆ ਤਾਂ ਪਤਾ ਲੱਗਾ ਉਹ ਕਾਲਜ ਛੱਡਕੇ ਜਾ ਚੁੱਕੀ ਸੀ। ਪਛਤਾਵੇ ਨੇ ਮੈਨੂੰ ਨਿਹੋਰੇ ਮਾਰੇ, ਲਾਹਣਤਾਂ ਪਾਈਆਂ, ਕੋਸਿਆ, ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਪਰ ਹੁਣ ਕੀ ਹੋ ਸਕਦਾ ਸੀ। ਜਾਂਦੀ ਹੋਈ ਉਹ ਕਿਸੇ ਸਹੇਲੀ ਕੋਲ ਸੁਨੇਹਾਂ ਛੱਡਕੇ ਗਈ ਸੀ ਕੇ ਮੈਂ ਕਦੇ ਵੀ ੳਹਨੂੰ ਮਿਲਣ ਦੀ ਕੋਸ਼ਿਸ਼ ਨਾ ਕਰਾਂ। ਉਸ ਦਿਨ ਕੱਲਾ ਦਿਲ ਹੀ ਨਹੀਂ ਮੈਂ ਵੀ ਭੁੱਬਾਂ ਮਾਰਕੇ ਰੋਇਆ ਸੀ। ਦਿਨੇ ਮੈਂ ਰੋਂਦਾ ਸੀ ਤੇ ਰਾਤ ਨੂੰ ਮੇਰੀ ਕਲਮ ਕਾਗ਼ਜ਼ਾਂ ਦੀ ਹਿੱਕ ਤੇ ਬੈਠ ਦੁਹੱਥੜ ਪਿੱਟਦੀ ਸੀ।

ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ

ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ

ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ

ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ

ਆ ਬਹੁੜ ‘ਸ਼ਿਵ’ ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ
(ਸ਼ਿਵ)

ਸਮਾਂ ਬੀਤਿਆ, ਕਿਤਾਬਾਂ ਛਪੀਆਂ, ਅਵਾਰਡ ਤੇ ਸਨਮਾਨ ਚਿੰਨ੍ਹਾਂ ਨਾਲ ਸ਼ੋ-ਕੇਸ ਭਰ ਗਏ ਪਰ ੳਹਨੂੰ ਵੇਖਣ, ਮਿਲਣ ਦੀ ਭੁੱਖ ਦਿਨੋਂ ਦਿਨ ਵਧਦੀ ਹੀ ਜਾਂਦੀ ਸੀ। ਇੱਕ ਵਾਰ ਉਹ ਮਿਲ ਜਾਵੇ ਤਾਂ ਮੈਂ ਆਪਣਾ ਮੁਜਰਮ ਉਹਦੇ ਹਵਾਲੇ ਕਰਾਂ, ਫੇਰ ਉਹ ਜੋ ਮਰਜ਼ੀ ਸਜ਼ਾ ਦੇਵੇ ਮੈਨੂੰ ਮਨਜ਼ੂਰ ਹੋਵੇਗੀ। ਘੜੀਆਂ ਹਰ ਵਾਰ ਬੰਦੇ ਦਾ ਸਾਥ ਨਹੀ ਦਿੰਦੀਆਂ….. ਲਗਦਾ ਸੀ ਏਸ ਵਾਰ ਮੇਰੇ ਗੀਤਾਂ ਦੇ ਕੁਰਲਾਉਂਦੇ ਅੱਖਰ ਵੀ ੳਹਨੂੰ ਮੇਰੇ ਤੱਕ ਲੈਕੇ ਆਉਣ ਤੋਂ ਇਨਕਾਰੀ ਹੋ ਗਏ ਹੋਣ। ਮਹਿਫ਼ਲਾਂ, ਸ਼ਾਮਾਂ, ਸਮਾਗਮਾਂ ਦੇ ਬੁਲਾਵੇ ਆਉਂਦੇ, ਮੈਂ ਹਰ ਮੁਮਕਿਨ ਥਾਂ ਜਾਂਦਾ। ਕਿਸੇ ਤੋਂ ਸੁਣਿਆਂ ਸੀ ਕਿ ਉਹ ਯੂਰਪ ਦੇ ਕਿਸੇ ਦੇਸ਼ ਵਿੱਚ ਜਾ ਵਸੀ ਹੈ ਇਸੇ ਲਈ ਜਦੋਂ ਮੈਨੂੰ ਯੂਰਪ ਦੀ ਫੇਰੀ ਦੀ ਪੇਸ਼ਕਸ਼ ਹੋਈ ਮੈਂ ਝੱਟ ਮੰਨ ਗਿਆ….. ਮੈਨੂੰ ਯਕੀਨ ਸੀ ਕਿ ਉਹ ਮੇਰੇ ਗੀਤ ਪੜ੍ਹਦੀ ਤਾਂ ਜ਼ਰੂਰ ਹੋਵੇਗੀ। ਮੈਂ ਕਈ ਸ਼ਹਿਰਾਂ ਵਿੱਚ ਗਿਆ, ਕਈ ਮਹਿਫ਼ਲਾਂ ਰੰਗੀਨ ਹੋਈਆਂ…. ਹਰ ਥਾਂ ਗੀਤ ਸੁਣਾਉਂਦਿਆਂ ਮੇਰੀਆਂ ਅੱਖਾਂ ਸਦਾ ਮੇਨ ਗੇਟ ਤੇ ਗੱਡੀਆਂ ਰਹਿੰਦੀਆਂ। ਫੇਰੀ ਦੇ ਅਖੀਰਲੇ ਪੜਾਓ ਤੇ ਲੰਡਨ ਦੇ ਹੋਟਲ ਰੂਮ ‘ਚ ਕਿਸੇ ਨੇ ਮੈਨੂੰ ਬਾਹਰ ਲੌੰਜ ਵਿੱਚ ਆਕੇ ਮਿਲਣ ਦੀ ਗੁਜਾਰਿਸ਼ ਭੇਜੀ। ਬਾਹਰ ਆਇਆ ਤਾਂ ਸੋਫ਼ੇ ਤੇ ਬੈਠੀ ਕਿਸੇ ਔਰਤ ਦਾ ਚੇਹਰਾ ਬਰਾਮਦੇ ਦੇ ਗੋਲ ਥੰਮ ਦੇ ਓਹਲੇ ਹੋਣ ਕਰਕੇ ਕੱਲੇ ਪੈਰ ਦਿਖਾਈ ਦਿੱਤੇ, ਮੇਰੇ ਕਈਆਂ ਸਾਲਾਂ ਤੋਂ ਸੁਪਨਿਆਂ ‘ਚ ਆਉਂਦੇ ਪੈਰ……

ਕੁਝ ਰਸਮੀ ਗੱਲਾਂ ਤੋਂ ਮਗਰੋਂ ਉਹਨੇ ਆਪਣੇ ਤਲਾਕ ਅਤੇ ਦੋ ਬੱਚਿਆਂ ਤੋਂ ਬਾਅਦ ਠੀਕ-ਠਾਕ ਚਲਦੀ ਜ਼ਿੰਦਗੀ ਬਾਰੇ ਦੱਸਿਆ, ਸੁਣਕੇ ਮੇਰੇ ਮਨ ਨੂੰ ਥੋੜ੍ਹੀ ਤਸੱਲੀ ਹੋਈ…. ਫੇਰ ਏਹ ਮਿਲਣ ਦਾ ਸਿਲਸਿਲਾ ਹਰ ਰੋਜ਼ ਚੱਲਿਆ, ਉਹ ਮੇਰੇ ਹੋਟਲ ਆਉੰਦੀ ਤੇ ਫੇਰ ਅਸੀਂ ਕਿਤੇ ਬਾਹਰ ਘੁੰਮਣ ਜਾਂ ਖਾਣਾ ਖਾਣ ਜਾਂਦੇ। ਲੰਡਨ ਦੀਆਂ ਬਾਕੀ ਅਯੋਜਿਤ ਮਹਿਫ਼ਲਾਂ ਨੇ ਸਾਰਿਆਂ ਨੂੰ ਨਿਰਾਸ਼ ਹੀ ਕੀਤਾ ਸੀ। ਮੈਂ ਆਪਣੀ ਸੇਹਤ ਠੀਕ ਨਾ ਹੋਣ ਦੇ ਬਹਾਨੇ ਬਣਾਏ ਪਰ ਪ੍ਰਬੰਧਕਾਂ ਦੇ ਚੇਹਰੇ ਤਣੇ ਰਹੇ, ਵੈਸੇ ਮੈ ਕਦੇ ਏਹਨਾਂ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਸੀ। ਮੈਂ ਹਜੇ ਥੋੜ੍ਹੇ ਦਿਨ ਹੋਰ ਰੁਕ ਸਕਦਾ ਸੀ ਪਰ ਮੇਰਾ ਮਨ ਵਾਪਸੀ ਲਈ ਉਤਾਵਲਾ ਹੋ ਚੱਲਿਆ ਸੀ। ਕਿਸੇ ਜ਼ਰੂਰੀ ਕੰਮ ਦਾ ਪੱਜ ਬਣਾ ਮੈਂ ੳਹਨੂੰ ਬਿਨਾਂ ਮਿਲੇ ਘਰ ਮੁੜ ਆਇਆ। ਹਾਂ, ਆਉਣ ਤੋਂ ਪਹਿਲਾਂ ਆਪਣਾ ਪਤਾ ਤੇ ਫ਼ੋਨ ਨੰਬਰ ਹੋਟਲ ਸਟਾਫ਼ ਕੋਲ ਛੱਡ ਆਇਆ ਸੀ। ਕੁਝ ਦਿਨ ਮੈਂ ਉਹਦਾ ਫ਼ੋਨ ਰਿਸੀਵ ਕੀਤਾ, ਪਰ ਹਰ ਵਾਰ ਕੋਈ ਕੰਮ ਯਾਦ ਆ ਜਾਂਦਾ ਤੇ ਦੁਬਾਰਾ ਕਾਲ ਕਰਨ ਲਈ ਕਹਿ ਕੇ ਰੱਖ ਦਿੰਦਾ। ਕੁਝ ਦਿਨਾਂ ਬਾਅਦ ਫ਼ੋਨ ਦੀ ਘੰਟੀ ਲੰਭੀ ਨੀਂਦਰ ਸੌੰ ਗਈ।

ਏਸ ਵਾਰ ਨਾ ਤਾਂ ਕਲਮ ਰੋਈ ਤੇ ਨਾ ਹੀ ਦਿਲ ਰੋਇਆ, ਮਨ ਥੋੜ੍ਹਾ ਉਦਾਸ ਜ਼ਰੂਰ ਰਹਿੰਦਾ ਸੀ। ਸ਼ਰਾਬ ਜੋ ਮੈਂ ਪਿਛਲੇ ਕਈਆਂ ਸਾਲਾਂ ਤੋਂ ਸਿਰਫ ਸ਼ਾਮ ਨੂੰ ਪੀਂਦਾ ਸੀ ਉਹ ਹੁਣ ਦਿਨੇ ਵੀ ਮੈਨੂੰ ਬਾਂਹ ਫੜ੍ਹ ਮੇਜ਼ ਤੇ ਬਿਠਾਉਣ ਲੱਗ ਪਈ। ਸਾਰਾ ਦਿਨ ਨਸ਼ੇ ਵਿੱਚ ਸਿਗਰਟੀ ਧੂਏਂ ਦੇ ਛੱਲੇ ਬਣਾਉਂਦਾ ਗੁਜ਼ਾਰਨ ਲੱਗਾ। ਕੁਝ ਲਿਖਣ ਲਈ ਆਪਣੇ ਅੰਦਰ ਝਾਤੀ ਮਾਰਦਾ ਤਾਂ ਕਲਪਨਾ ਤੋਂ ਸੱਖਣੇ ਖੂਹ ਖਾਲੀ ਗੂੰਜਦੇ। ਅਖ਼ਬਾਰਾਂ, ਮੈਗਜ਼ੀਨਾਂ ਤੋਂ ਚੈੱਕ ਆਉਣੇ ਬੰਦ ਹੋ ਗਏ ਸੀ। ਸੇਹਤ ਵੀ ਹੁਣ ਜਵਾਬ ਦੇਣ ਲੱਗੀ ਤੇ ਹੱਡੀਆਂ ਨੇ ਮਾਸ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਸੀ। ਸ਼ਰਾਬ ਬੰਦ ਕਰਨ ਦੀ ਡਾਕਟਰਾਂ ਦੀ ਤਜਵੀਜ਼ ਵੀ ਸਿਰ ਤੋਂ ਹਵਾ ਬਣ ਗੁਜ਼ਰ ਗਈ। ਏਸ ਸਭ ਦੇ ਚਲਦਿਆਂ ਫੇਰ ਕੁਝ ਸਾਲ ਕੁ ਬਾਅਦ ਕਿਸੇ ਅਜਨਬੀ ਪਤੇ ਤੋਂ ਇੱਕ ਖਤ ਮਿਲਿਆ……….

ਪਿਆਰੇ ਮੀਤ,

ਜਦੋਂ ਤੂੰ ਪਿਛਲੀ ਵਾਰ ਮੈਨੂੰ ਲੰਡਨ ਮਿਲਿਆ ਸੀ ਮੈਂ ਤੈਥੋਂ ਸਿਰਫ ਇੱਕੋ ਗੱਲ ਲਕੋਈ ਸੀ ਕਿ ਡਾਕਟਰਾਂ ਨੇ ਮੇਰੇ ਸਾਹਾਂ ਦੀ ਗਿਣਤੀ-ਮਿਣਤੀ ਕਰ ਮੈਨੂੰ ਛੇ ਮਹੀਨੇ ਤੋਂ ਸਾਲ ਦਾ ਸਮਾਂ ਦਿੱਤਾ ਸੀ ਏਸ ਦੁਨੀਆਵੀ ਬੱਗੀ ਵਿੱਚ ਬਚਦੇ ਝੂਟੇ ਲੈਣ ਲਈ। ਅੱਜ ਥੋੜ੍ਹੇ ਜਿਹੇ ਸਾਹ ਬਾਕੀ ਨੇ ਤਾਂ ਸੋਚਿਆ ਤੇਰੇ ਨਾਲ ਕੁਝ ਰੂਹ ਦੀਆਂ ਗੱਲਾਂ ਸਾਂਝੀਆਂ ਕਰਾਂ। ਪਹਿਲੀ ਗੱਲ ਤਾਂ ਮੈਂ ਏਹ ਦੱਸ ਦੇਵਾਂ ਕਿ ਮੈਂ ਹਮੇਸ਼ਾ ਤੇਰੇ ਗੀਤਾਂ ਨੂੰ ਪਿਆਰ ਕੀਤਾ ਤੈਨੂੰ ਨਹੀਂ…… ਸੋ ਆਪਣੇ ਆਪ ਨੂੰ ਮੇਰਾ ਦੋਸ਼ੀ ਕਦੇ ਨਾ ਮੰਨੀ। ਦੂਜੀ ਗੱਲ ਕਿ ਮੈਨੂੰ ਪਤਾ ਐ ਕਿ ਮੈਨੂੰ ਪਾਉਣ ਦੀ ਲਾਲਸਾ ਤੇਰੇ ਮਨ ਵਿੱਚ ਕਦੇ ਵੀ ਨਹੀਂ ਸੀ, ਮੈਂ ਤਾਂ ਸਿਰਫ ਤੇਰੇ ਗੀਤਾਂ ਦਾ ਜਰੀਆ ਸੀ। ਮੈਂ ਜਦੋਂ ਵੀ ਤੈਥੋਂ ਦੂਰ ਜਾਂਦੀ ਹਾਂ ਤਾਂ ਗੀਤ ਸਿਰਜਦਾਂ ਐਂ, ਮੈਂ ਸਕਾਰ ਹੋਵਾਂ ਤਾਂ ਸਭ ਛੂ-ਮੰਤਰ …. ਏਹੀ ਦੌੜ ਚਲਦੀ ਰਹੀ ਸਾਰੀ ਉਮਰ…. ਅੱਜ ਵੇਲਾ ਆ ਗਿਆ ਏਸ ਲੁਕਣ-ਮੀਟੀ ਦੇ ਅੰਤ ਦਾ, ਮੈਂ ਸਦਾ ਲਈ ਤੇਰੇ ਗੀਤਾਂ ਦੇ ਬੁੱਲਾਂ ਤੇ ਅੱਗ ਰੱਖ ਚੱਲੀ ਹਾਂ…. ਮੈਂ ਤੇਰੇ ਗੀਤਾਂ ਦੀ ਮੈਨਾ ਬਣੀ ਏਸ ਤੋਂ ਵਡਭਾਗੀ ਹੋਕੇ ਕੋਈ ਮਰ ਸਕਦਾ ਭਲਾਂ?
ਅਲਵਿਦਾ………..

**************

ਪੁਰੇ ਦੀ ਹਵਾ, ਢਲ਼ਦਾ ਪਰਛਾਵਾਂ, ੳਦਾਸ ਜਿਹਾ ਦਿਨ ਤੇ ਮੈਂ; ਸ਼ਾਇਦ ਏਸ ਤੋਂ ਵਧੀਆ ਸੁਮੇਲ ਨਹੀਂ ਬਣ ਸਕਦਾ। ਅੱਜ ਫੇਰ ਕੁਝ ਲਿਖਣ ਨੂੰ ਦਿਲ ਕਰਦਾ… ਕੀ ਲਿਖਾਂ? ਤੂੰ ਤੇ ਹੈ ਨਹੀਂ ਮੇਰੇ ਜਹਿਨ ‘ਚ, ਤੇਰੇ ਬਾਰੇ ਲਿਖਣ ਦਾ ਮੈਂ ਸੋਚ ਵੀ ਨਹੀਂ ਸਕਦਾ। ਹੋਰ ਥੋੜ੍ਹੇ ਖਿਆਲ ਨੇ? ਮੈਂ ਐਨਾ ਵੀ ਨਾਕਾਬਲ ਨਹੀਂ ਕਿ ਤੇਰੇ ਬਿਨਾ ਕੁਝ ਸੋਚ ਹੀ ਨਾ ਸਕਾਂ। ਕੀ ਲਿਖਾਂ????….. ‘ਸੁਪਨਾ’… ਹਾਂ,,, ਆਪਣੇ ਸੁਪਨਿਆਂ ਬਾਰੇ ਲਿਖ ਸਕਦਾ ਹਾਂ। ਪਿਛਲੇ ਦਹਾਕਿਆਂ ਦੇ ਸਾਰੇ ਸੁਪਨਿਆਂ ਨੂੰ ਯਾਦ ਕਰ…….. ਹਮਮਮਮਮਮਮਮ ਬੇਬੇ ਦੀ ਚੂਰੀ, ਕਿੱਕਰਾਂ ਦੇ ਤੁੱਕੇ, ਮਲ੍ਹਿਆਂ ਦੇ ਬੇਰ, ਬਾਬੂ ਦੀਆਂ ਛੱਲੀਆਂ ਜਾਂ ਪੰਜ ਥਣਾਂ ਆਲੀ ਬੂਰੀ ਮੱਝ?…. ਨਾਂ!!!.. ਫੂਹੜ…. ਐਨਾ ਗੁਜ਼ਰ ਗਿਆ ਐਂ?….. ਹੋਰ ਕੁਝ?…. ਸਵੇਰ ਦੇ ਸੁਪਨੇ ਸਦਾ ਦਿਲ ਦੇ ਨੇੜੇ ਹੁੰਦੇ ਨੇ,, ਥੋੜ੍ਹਾ ਜ਼ੋਰ ਦੇ ਮਗ਼ਜ਼ ਤੇ,,, ਜੋ ਰੋਜ਼ ਸਵੇਰੇ ਆਉਂਦਾ ਉਹਦੇ ਬਾਰੇ ਕੀ ਖਿਆਲ ਐ ਕਵਿਰਾਜ ਜੀ?……

ਖੌਰੇ ਤੂੰ ਕਦ ਖੋਲੇਂਗਾ, ਬੂਹਾ ਵੇ ਖੈਰਾਂ ਦਾ,
ਆਉਂਦਾ ਮੈਨੂੰ ਰੋਜ਼ ਸਵੇਰੇ, ਸੁਪਨਾ ਤੇਰੇ ਪੈਰਾਂ ਦਾ।

ਪੱਛੋਂ ਦੀ ਵਾ ਵਰਗੇ ਸੀ, ਸੱਜਣਾ ਵੇ ਬੋਲ ਤੇਰੇ,
ਟੁੱਟੀਆਂ ਦੋ ਪੀਲੀਆਂ ਵੰਗਾਂ, ਅੱਜ ਵੀ ਨੇ ਕੋਲ ਮੇਰੇ।

ਕਾਲੇ ਤੇਰੇ ਤਿਲ਼ ਦਾ ਕਿੱਸਾ, ਸੱਜਣਾ ਵੇ ਦੱਸੀਏ ਕਿਹਨੂੰ,
ਕਿੱਦਾਂ ਕੋਈ ਭੁੱਲ ਸਕਦਾ ਏ, ਕਿੱਕਰਾਂ ਤੇ ਵਰਦੇ ਮੀਂਹ ਨੂੰ।

ਗੀਤਾਂ ਦੇ ਨਾਂ ਸਿਰਨਾਵੇਂ, ਹਾਏ ਤੇਰੀ ਵੰਗ ਵਰਗੇ ਸੀ,
ਜਿਹੜੇ ਵੀ ਦਿਨ ਚੜਦੇ ਸੀ, ਸੱਜਣਾ ਤੇਰੇ ਰੰਗ ਵਰਗੇ ਸੀ।

ਮੇਰੇ ਉਹ ਦਿਲ ਤੇ ਲਿਖੀਆਂ, ਜੋ ਵੀ ਤੂੰ ਗੱਲਾਂ ਕਰੀਆਂ,
ਚੇਤ੍ ਦੀ ਧੁੱਪ ਦੇ ਵਾਂਗੂ, ਕਰਦੀ ਸੀ ਜਾਦੂਗਰੀਆਂ।

ਡੂੰਘੇ ਨੈਣਾਂ ਦਾ ਰੰਗ ਸੀ, ਚੜਦੇ ਦੀ ਲਾਲੀ ਵਰਗਾ,
ਤੈਨੂੰ ਸਭ ਪਤਾ ਸੌਹਣਿਆਂ, ਤੈਥੋਂ ਦੱਸ ਕਾਹਦਾ ਪਰਦਾ।

(Manwinder Maan)

ਬਲਵਾਨ ਸਿੰਘ ਬਰਾੜ

Install Punjabi Akhbar App

Install
×