ਫਰੀਦਕੋਟ, 18 ਅਗਸਤ — ਵਾਤਾਵਰਣ, ਧਾਰਮਿਕ, ਵਿਦਿਅਕ, ਖੇਡਾਂ, ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ‘ਚ ਸੇਵਾਵਾਂ ਨਿਭਾਉਣ ਵਾਲੇ ਉੱਘੇ ਕਿਸਾਨ ਊਧਮ ਸਿੰਘ ਔਲਖ ਤੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਆਜਾਦੀ ਦਿਹਾੜੇ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਿਸਾਨਾ ਨੂੰ ਨਾੜ ਜਾਂ ਪਰਾਲੀ ਨਾ ਸਾੜਨ ਅਤੇ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਾਉਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਤੇ ਪ੍ਰੇਰਿਤ ਕਰਨ ਲਈ ਊਧਮ ਸਿੰਘ ਔਲਖ ਤੇ ਗੁਰਪ੍ਰੀਤ ਸਿੰਘ ਚੰਦਬਾਜਾ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹਰਜੀਤ ਸਿੰਘ ਕਮਿਸ਼ਨਰ ਫਿਰੋਜਪੁਰ ਰੇਂਜ, ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫਰੀਦਕੋਟ, ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦਕੋਟ ਅਤੇ ਡਾ ਹਰਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਮੰਨਿਆ ਕਿ ਅੱਜ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਉਨਾ ਆਖਿਆ ਕਿ ਜੇਕਰ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਵਿੱਢੀ ਮੁਹਿੰਮ ‘ਚ ਇਸੇ ਤਰਾਂ ਵੱਧ ਤੋਂ ਵੱਧ ਪੌਦੇ ਲਾਏ ਜਾਣ ਅਤੇ ਉਨਾ ਦੀ ਸੰਭਾਲ ਕੀਤੀ ਜਾਵੇ ਤਾਂ ਸਮਾਜ ‘ਚ ਵੱਧ ਰਹੀਆਂ ਗੰਭੀਰ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਊਧਮ ਸਿੰਘ ਔਲਖ ਅਤੇ ਗੁਰਪ੍ਰੀਤ ਸਿੰਘ ਚੰਦਬਾਜਾ ਵੱਲੋਂ ਸਮਾਜਸੇਵਾ ਦੇ ਖੇਤਰ ‘ਚ ਪਿਛਲੇ ਲੰਮੇਂ ਸਮੇਂ ਤੋਂ ਨਿਰਪੱਖ ਅਤੇ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਜਿਲੇ ਭਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਕਤ ਸ਼ਖਸ਼ੀਅਤਾਂ ਨੂੰ ਸਨਮਾਨ ਮਿਲਣ ‘ਤੇ ਖੁਸ਼ੀ ਜਾਹਿਰ ਕੀਤੀ ਹੈ।