ਗ੍ਰਾਹਕਾਂ ਨੂੰ ਵਾਧੂ ਦੇ ਖਰਚੇ ਲਗਾਉਣ ਅਤੇ ਸਵਾਰੀਆਂ ਦੀਆਂ ਬੁਕਿੰਗਾਂ ਨੂੰ ਸਮਾਂ ਰਹਿੰਦਿਆਂ ਰੱਦ ਕਰਨ ਤੇ ਵੀ ਡਾਲਰਾਂ ਦੀ ਰਕਮ ਕੱਟਣ ਕਾਰਨ, ਅਦਾਲਤ ਨੇ ਉਬੇਰ ਰਾਈਡਸ਼ੇਅਰ ਟੈਕਸੀ ਕੰਪਨੀ ਨੂੰ 21 ਮਿਲੀਅਨ ਡਾਲਰਾਂ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੇ ਦੀ ਇਹ ਰਕਮ ਪਹਿਲਾਂ 26 ਮਿਲੀਅਨ ਡਾਲਰਾਂ ਦੀ ਸੀ ਪਰੰਤੂ ਫੇਰ ਇਸ ਵਿੱਚ 5 ਮਿਲੀਅਨ ਡਾਲਰ ਅਦਾਲਤ ਵੱਲੋਂ ਘਟਾ ਵੀ ਦਿੱਤੇ ਗਏ ਹਨ।
ਉਬੇਰ ਉਪਰ ਲਗਾਏ ਗਏ ਜੁਰਮਾਨੇ ਦੇ ਜੋ ਕਾਰਨ ਸਾਬਿਤ ਕੀਤੇ ਗਏ ਹਨ ਉਨ੍ਹਾਂ ਵਿੱਚ ਜੂਨ 2018 ਤੋਂ ਅਗਸਤ 2020 ਤੱਕ ਦੇ ਕਿਰਾਇਆਂ ਆਦਿ ਵਿੱਚ ਕਾਫੀ ਗਲਤੀਆਂ ਅਤੇ ਵਾਧੂ ਚਾਰਜ ਪਾਏ ਗਏ ਹਨ। ਇਸ ਵਿੱਚ ਇਹ ਵੀ ਸ਼ਾਮਿਲ ਹੈ ਕਿ ਵਾਧੂ ਚਾਰਜ ਕੀਤੇ ਗਏ ਕਿਰਾਇਆਂ ਆਦਿ ਵਿੱਚ 89% ਤੱਕ ਵੀ ਬੜੋਤਰੀ ਸ਼ਾਮਿਲ ਹੈ।
ਇਸਤੋਂ ਇਲਾਵਾ ਦਿਸੰਬਰ 2017 ਤੋਂ ਸਤੰਬਰ 2021 ਤੱਕ ਜੋ ਗ੍ਰਾਹਕਾਂ ਨੇ ਆਪਣੇ ਟ੍ਰਿਪ ਸਮਾਂ ਰਹਿੰਦਿਆਂ ਰੱਦ ਕੀਤੇ ਸਨ ਉਨ੍ਹਾਂ ਉਪਰ ਵੀ ਇੱਕ ਚਾਰਜ ਲਗਾਇਆ ਗਿਆ ਸੀ ਜੋ ਕਿ ਕੰਪਨੀ ਦੇ ਆਪਣੇ ਹੀ ਨਿਯਮਾਂ ਦੇ ਖ਼ਿਲਾਫ਼ ਸੀ।
ਜ਼ਿਕਰਯੋਗ ਇਹ ਵੀ ਹੈ ਕਿ ਉਬੇਰ ਕੰਪਨੀ ਨੇ ਉਕਤ ਜੁਰਮਾਨੇ ਨੂੰ ਸਵੀਕਾਰ ਵੀ ਕਰ ਲਿਆ ਹੈ ਅਤੇ ਇਸਤੋਂ ਇਲਾਵਾ ਕੰਪਨੀ ਨੂੰ 200,000 ਡਾਲਰਾਂ ਦਾ ਅਦਾਲਤੀ ਮੁਕੱਦਮੇ ਆਦਿ ਦਾ ਖਰਚਾ ਵੀ ਭਰਨਾ ਪਵੇਗਾ।
ਸਾਰੀ ਰਕਮ ਕੰਪਨੀ ਨੂੰ ਹੁਣ 30 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣੀ ਹੋਵੇਗੀ।