ਆਮ ਆਦਮੀ ਪਾਰਟੀ ਦੇ ਭਵਿੱਖ ਤੇ ਮੰਡਰਾ ਰਿਹੈ ਖ਼ਤਰਾ

– ਹਾਈਕਮਾਂਡ ਦੀ ਪੰਜਾਬ ਵਿਰੋਧੀ ਸੋਚ ਤੇ ਹਿੰਡ ਅਤੇ ਰਾਜ ਦੇ ਆਗੂਆਂ ਦੀ ਕੁਰਸੀ ਦੀ ਭੁੱਖ ਦਾ ਨਤੀਜਾ

Bs Bhullar 180803 DSC_3219

ਉੱਘੇ ਗਾਂਧੀਵਾਦੀ ਤੇ ਸਮਾਜਸੇਵੀ ਸ੍ਰੀ ਅੰਨ੍ਹਾ ਹਜ਼ਾਰੇ ਵੱਲੋਂ ਸਮਾਜ ਵਿੱਚ ਸੁਧਾਰ ਲਿਆਉਣ ਅਤੇ ਆਮ ਲੋਕਾਂ ਨੂੰ ਇਨਸਾਫ਼ ਦੇਣਾ ਯਕੀਨੀ ਬਣਾਉਣ ਲਈ ਸਾਲ 2011 ਵਿੱਚ ਜਨ ਲੋਕਪਾਲ ਬਿਲ ਦੇ ਮੁੱਦੇ ਲਈ ਵਿੱਢੇ ਸੰਘਰਸ਼ ਚੋਂ ਮਿਤੀ 26 ਨਵੰਬਰ 2012 ਵਿੱਚ ਜਨਮੀ ਆਮ ਆਦਮੀ ਪਾਰਟੀ ਬਹੁਤ ਤੇਜ਼ੀ ਨਾਲ ਉੱਭਰੀ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬਾਅਦ ਪੰਜਾਬ ਹੀ ਇੱਕੋ ਇੱਕ ਅਜਿਹਾ ਸੂਬਾ ਹੈ, ਜਿੱਥੋਂ ਦੇ ਦੂਜੀਆਂ ਪਾਰਟੀਆਂ ਤੋਂ ਅੱਕ ਚੁੱਕੇ ਲੋਕ ਰਾਜਸੀ ਤਬਦੀਲੀ ਲਿਆਉਣ ਲਈ ਵੱਡੀ ਗਿਣਤੀ ਵਿੱਚ ਇਸ ਨਵੀਂ ਪਾਰਟੀ ਨਾਲ ਜੁੜ ਗਏ, ਪਰ ਇਸ ਪਾਰਟੀ ਦੀ ਹਾਈਕਮਾਂਡ ਦੀ ਪੰਜਾਬ ਵਿਰੋਧੀ ਸੋਚ ਤੇ ਹਿੰਡ ਅਤੇ ਰਾਜ ਦੇ ਆਗੂਆਂ ਦੀ ਕੁਰਸੀ ਦੀ ਭੁੱਖ ਨੇ ਓਨੀ ਤੇਜ਼ੀ ਨਾਲ ਹੀ ਇਸ ਨੂੰ ਹੇਠਾਂ ਵੱਲ ਲੈ ਆਂਦਾ। ਪਾਰਟੀ ਦੇ ਭਵਿੱਖ ਤੇ ਹੁਣ ਖ਼ਤਰਾ ਮੰਡਰਾ ਰਿਹਾ ਦਿਖਾਈ ਦੇ ਰਿਹਾ ਹੈ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ‘ਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਹੀ ਸੱਤਾ ਤੇ ਕਾਬਜ਼ ਰਹੀਆਂ ਹਨ। ਇਹਨਾਂ ਤੋਂ ਬਿਨ੍ਹਾਂ ਹੋਰ ਕੋਈ ਪਾਰਟੀ ਇਸ ਸਥਿਤੀ ਵਿੱਚ ਪਹੁੰਚ ਹੀ ਨਹੀਂ ਸਕੀ ਸੀ ਕਿ ਇਹਨਾਂ ਨੂੰ ਲਾਂਭੇ ਕਰ ਕੇ ਕਾਬਜ਼ ਹੋ ਸਕੇ। ਸ੍ਰੀ ਅੰਨ੍ਹਾ ਹਜ਼ਾਰੇ ਵੱਲੋਂ ਜਦ ਦਿੱਲੀ ਵਿਖੇ ਦੇਸ਼ ਪੱਧਰ ਦਾ ਸੰਘਰਸ਼ ਸ਼ੁਰੂ ਕੀਤਾ ਤਾਂ ਉਸਨੇ ਸਮੁੱਚੇ ਦੇਸ ਵਾਸੀਆਂ ਨੂੰ ਜਾਗਰਿਤ ਕਰ ਦਿੱਤਾ। ਪੰਜਾਬ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਇਸ ਘੋਲ ਵਿੱਚ ਭਾਗ ਲਿਆ। ਇੱਥੋਂ ਹੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਸੱਤਾ ਤਬਦੀਲੀ ਦੀ ਜਗਿਆਸਾ ਜਾਗੀ। ਇਹ ਸੰਘਰਸ਼ ਭਾਵੇਂ ਬਹੁਤਾ ਲੰਬਾ ਸਮਾਂ ਨਾ ਚੱਲ ਸਕਿਆ ਅਤੇ ਇਸਦਾ ਨਤੀਜਾ ਵੀ ਦੇਸ ਵਾਸੀਆਂ ਦੀਆਂ ਉਮੀਦਾਂ ਅਨੁਸਾਰ ਨਾ ਨਿਕਲਿਆ, ਪਰ ਇਸ ਵਿੱਚੋਂ ਇਹ ਰਾਜਸੀ ਪਾਰਟੀ ”ਆਮ ਆਦਮੀ ਪਾਰਟੀ” ਜ਼ਰੂਰ ਹੋਂਦ ਵਿੱਚ ਆ ਗਈ। ਇਸ ਪਾਰਟੀ ਦੀ ਕਮਾਂਡ ਸ੍ਰੀ ਅਰਵਿੰਦ ਕੇਜਰੀਵਾਲ ਨੇ ਸੰਭਾਲ ਕੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਅਤੇ ਲੋਕ ਹਿਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ। ਉਸਨੂੰ ਮਿਲੇ ਹੁੰਗਾਰੇ ਤੋਂ ਉਸਨੇ ਪਾਰਟੀ ਨੂੰ ਦਿੱਲੀ ਤੋਂ ਬਾਹਰ ਦੂਜੇ ਸੂਬਿਆਂ ਵੱਲ ਵਧਾਉਣ ਦਾ ਯਤਨ ਅਰੰਭ ਦਿੱਤਾ ਤਾਂ ਉਸਦਾ ਸਭ ਤੋਂ ਛੇਤੀ ਅਤੇ ਵਧੀਆ ਅਸਰ ਪੰਜਾਬ ਤੇ ਹੀ ਹੋਇਆ।

ਸਾਲ 2014 ਵਿੱਚ ਲੋਕ ਸਭਾ ਚੋਣਾਂ ਹੋਈਆਂ ਤਾਂ ਆਮ ਆਦਮੀ ਪਾਰਟੀ ਨੇ ਦਿੱਲੀ ਸਮੇਤ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ, ਪਰ ਨਤੀਜਾ ਹੈਰਾਨੀਜਨਕ ਨਿਕਲਿਆ ਕਿ ਦਿੱਲੀ ਤੋਂ ਪਾਰਟੀ ਸਾਰੀਆਂ ਸੀਟਾਂ ਹਾਰ ਗਈ, ਜਦੋਂ ਕਿ ਦੇਸ਼ ਭਰ ਚੋਂ ਕੇਵਲ ਪੰਜਾਬ ਵਿੱਚੋ ਹੀ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਸਰਵ ਸ੍ਰੀ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ, ਭਗਵੰਤ ਮਾਨ ਅਤੇ ਸਾਧੂ ਸਿੰਘ ਜੇਤੂ ਰਹੇ, ਜਦ ਕਿ ਹੋਰ ਕਈ ਉਮੀਦਵਾਰ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਹੀ ਹਾਰੇ। ਇੱਕ ਵਾਰ ਪੰਜਾਬ ਦੇ ਹਾਲਾਤ ਇਹ ਹੋ ਗਏ ਕਿ ਹਰ ਸ਼ਹਿਰ ਪਿੰਡ ਗਲੀ ਮੁਹੱਲੇ ਤਾਂ ਕੀ ਘਰ ਘਰ ਵਿੱਚ ਝਾੜੂ ਝਾੜੂ ਹੋਣ ਲੱਗੀ। ਅਕਾਲੀ ਦਲ, ਕਾਂਗਰਸ ਜਾਂ ਹੋਰ ਪਾਰਟੀਆਂ ਨਾਲ ਸਬੰਧਤ ਟਕਸਾਲੀ ਪਰਿਵਾਰਾਂ ਦੇ ਨੌਜਵਾਨਾਂ ਨੇ ਵੀ ਆਪਣੇ ਨਾਤੇ ਆਮ ਆਦਮੀ ਪਾਰਟੀ ਨਾਲ ਜੋੜ ਲਏ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦੀ ਮਦਦ ਲਈ ਕੇਵਲ ਦਬਾਅ ਹੀ ਨਹੀਂ ਸੀ ਪਾਇਆ ਸਗੋਂ ਦਿਲ ਖੋਲ੍ਹ ਕੇ ਮਾਲੀ ਮਦਦ ਵੀ ਕੀਤੀ।

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਈਆਂ ਤਾਂ ਆਮ ਆਦਮੀ ਪਾਰਟੀ ਆਪਣੀ ਚੜ੍ਹਤ ਦੇਖਦਿਆਂ ਇਹ ਮਹਿਸੂਸ ਕਰਨ ਲੱਗ ਪਈ ਕਿ ਪੰਜਾਬ ਵਿੱਚ ਉਸਦੀ ਸਰਕਾਰ ਹੀ ਬਣੇਗੀ। ਲੋਕਾਂ ਦੇ ਵੱਡੇ ਹੁੰਗਾਰੇ ਕਾਰਨ ਪੈਦਾ ਹੋਈ ਇਸ ਵੱਡੀ ਉਮੀਦ ਸਦਕਾ ਪਾਰਟੀ ਦੀ ਹਾਈਕਮਾਂਡ ਇੱਕ ਤਰ੍ਹਾਂ ਹਰਫਲ ਹੀ ਗਈ। ਉਸਨੇ ਇਹ ਸਮਝਦਿਆਂ ਕਿ ਸਰਕਾਰ ਬਣਨ ਤੇ ਸਾਰੀ ਸ਼ਕਤੀ ਪੰਜਾਬ ਇਕਾਈ ਦੇ ਹੱਥ ਹੀ ਨਾ ਰਹਿ ਜਾਵੇ, ਹਾਈਕਮਾਂਡ ਨੇ ਆਪਣੇ ਕਈ ਆਗੂ ਪੰਜਾਬ ਵਿੱਚ ਇੰਚਾਰਜ ਬਣਾ ਕੇ ਭੇਜ ਦਿੱਤੇ। ਇਹਨਾਂ ਆਗੂਆਂ ਨੇ ਪੰਜਾਬ ਵਿੱਚੋਂ ਭਾਰੀ ਰਕਮਾਂ ਇਕੱਠੀਆਂ ਕੀਤੀਆਂ, ਵਿਧਾਨ ਸਭਾ ਲਈ ਟਿਕਟਾਂ ਦੀ ਇੱਕ ਤਰ੍ਹਾਂ ਨਿਲਾਮੀ ਹੀ ਲਾ ਦਿੱਤੀ, ਇਸ ਤਰ੍ਹਾਂ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਜਾਂ ਮਰ ਮਿਟਣ ਵਾਲੇ ਵਰਕਰਾਂ ਦੀ ਥਾਂ ਪੈਸੇ ਦੇ ਜ਼ੋਰ ਵਾਲੇ ਲੋਕ ਟਿਕਟਾਂ ਲੈ ਗਏ। ਇਹਨਾਂ ਆਗੂਆਂ ਨੇ ਪੰਜਾਬ ਵਿੱਚ ਐਸ਼ੋ ਆਰਾਮ ਵਾਲਾ ਹਰ ਉਹ ਕੰਮ ਕੀਤਾ ਜੋ ਪੈਸਾ ਇਕੱਠਾ ਹੋਣ ਉਪਰੰਤ ਵੱਡੇ ਲੋਕ ਕਰਦੇ ਹਨ, ਇਹਨਾਂ ਨੇਤਾਵਾਂ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਪਰ ਹਾਈਕਮਾਂਡ ਨੇ ਉਨ੍ਹਾਂ ਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ। ਦੂਜੇ ਪਾਸੇ ਪੰਜਾਬ ਵਿਚਲੇ ਇਸ ਪਾਰਟੀ ਦੇ ਆਗੂਆਂ ਵਿੱਚ ਮੁੱਖ ਮੰਤਰੀ ਬਣਨ ਜਾਂ ਵਜੀਰੀਆਂ ਹਾਸਲ ਕਰਨ ਦੀ ਦੌੜ ਲੱਗ ਗਈ, ਇਸੇ ਦੌੜ ਕਾਰਨ ਉਹ ਆਪਣੇ ਰਾਹ ਵਿੱਚ ਅੜਿੱਕਾ ਬਣਨ ਵਾਲਿਆਂ ਨੂੰ ਰਸਤੇ ਚੋਂ ਪਾਸੇ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਪੰਜਾਬ ਦੇ ਆਗੂਆਂ ਦੀ ਖਿੱਚੋਤਾਣ ਦਾ ਲਾਹਾ ਲੈਂਦਿਆਂ ਹੀ ਪਾਰਟੀ ਹਾਈਕਮਾਂਡ ਸਮੇਂ ਸਮੇਂ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਸੋਚ ਵਾਲੀ ਨੀਤੀ ਤਹਿਤ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਵੜੈਚ, ਹਰਿੰਦਰ ਸਿੰਘ ਖ਼ਾਲਸਾ ਅਤੇ ਧਰਮਵੀਰ ਗਾਂਧੀ ਵਰਗਿਆਂ ਨੂੰ ਪਾਰਟੀ ਚੋਂ ਬਾਹਰ ਕਰਨ ਜਾਂ ਖੂੰਜੇ ਲਾਉਣ ਵਰਗੀਆਂ ਕਾਰਵਾਈਆਂ ਕਰਨ ਵਿੱਚ ਸਫਲ ਹੁੰਦੀ ਰਹੀ।

ਚੋਣਾਂ ਵਾਲੇ ਦਿਨ ਤਾਂ ਕੀ, ਨਤੀਜੇ ਤੱਕ ਇਸ ਪਾਰਟੀ ਦੇ ਆਗੂ ਧੜੱਲੇ ਨਾਲ ਕਹਿੰਦੇ ਰਹੇ ਕਿ ਦੋ ਤਿਹਾਈ ਬਹੁਮਤ ਨਾਲ ਉਨ੍ਹਾਂ ਦੀ ਸਰਕਾਰ ਬਣਨ ਜਾ ਰਹੀ ਹੈ। ਨਤੀਜੇ ਨਿਕਲੇ ਤਾਂ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਸਰਕਾਰ ਬਣਾ ਲਈ, ਜਦ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 20 ਤੇ ਪਹੁੰਚ ਕੇ ਰੁਕ ਗਈ। ਪਰ ਪਾਰਟੀ ਲਈ ਇਹ ਖ਼ੁਸ਼ੀ ਦੀ ਗੱਲ ਸੀ ਕਿ ਦਸ ਸਾਲ ਸੱਤਾ ਵਿੱਚ ਰਹੇ ਅਕਾਲੀ ਦਲ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਉਨ੍ਹਾਂ ਤੋਂ ਵੀ ਪਿੱਛੇ ਰਹਿ ਗਈ ਜਿਸ ਕਰ ਕੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿੱਚ ਪਹੁੰਚ ਗਈ। ਜਿੱਤੇ ਹੋਏ ਵਿਧਾਇਕਾਂ ਨੇ ਆਪਣੇ ਵਿੱਚੋਂ ਵਧੀਆ ਸ਼ਖ਼ਸੀਅਤ ਦੇ ਮਾਲਕ ਅਤੇ ਉੱਚਕੋਟੀ ਦੇ ਵਕੀਲ ਸ੍ਰੀ ਐੱਚ ਐੱਸ ਫੂਲਕਾ ਨੂੰ ਆਪਣਾ ਮੁਖੀ ਚੁਣਿਆ ਅਤੇ ਉਹ ਵਿਰੋਧੀ ਧਿਰ ਦੇ ਆਗੂ ਨਾਮਜ਼ਦ ਕੀਤੇ ਗਏ। ਇਹ ਗੱਲ ਪਾਰਟੀ ਦੀ ਹਾਈਕਮਾਂਡ ਨੂੰ ਹਜ਼ਮ ਨਾ ਹੋਈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਦਾ ਆਗੂ ਚੁਣ ਲਿਆ ਅਤੇ ਉਹ ਵੀ ਸਾਬਤ ਸੂਰਤ ਸਿੱਖੀ ਭੇਸ ਵਾਲਾ। ਕੁੱਝ ਹੀ ਸਮੇਂ ਬਾਅਦ ਹਾਈਕਮਾਂਡ ਨੇ ਆਪਣੇ ਦਬਾਅ ਨਾਲ ਉਨ੍ਹਾਂ ਨੂੰ ਇਸ ਅਹੁਦੇ ਤੋਂ ਪਾਸੇ ਕਰ ਦਿੱਤਾ ਅਤੇ ਦਿਨ ਰਾਤ ਅਕਾਲੀਆਂ ਅਤੇ ਕਾਂਗਰਸੀ ਨੇਤਾਵਾਂ ਵਿਰੁੱਧ ਬੋਲਣ ਵਾਲਾ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦਾ ਨੇਤਾ ਬਣ ਗਿਆ।

ਸ੍ਰੀ ਖਹਿਰਾ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ਤੇ ਕਾਂਗਰਸ ਸਰਕਾਰ ਨੂੰ ਘੇਰਨ ਦੀ ਹਰ ਕੋਸ਼ਿਸ਼ ਕੀਤੀ ਅਤੇ ਅਕਾਲੀ ਦਲ ਤੇ ਬਾਦਲ ਪਰਿਵਾਰ ਵਿਰੁੱਧ ਆਵਾਜ਼ ਉਠਾਉਣ ਤੋਂ ਵੀ ਕਦੇ ਖੁੰਝੇ ਨਹੀਂ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਅਕਾਲੀਆਂ ਕਾਂਗਰਸੀਆਂ ਦੀ ਬੇਲੋੜੀ ਵਿਰੋਧਤਾ ਵੀ ਕੀਤੀ ਅਤੇ ਉਨ੍ਹਾਂ ਪ੍ਰਤੀ ਮੰਦਾ ਚੰਗਾ ਬੋਲਣ ਸਮੇਂ ਕਈ ਵਾਰ ਮਰਯਾਦਾ ਦਾ ਵੀ ਖ਼ਿਆਲ ਨਾ ਕਰਿਆ। ਉਨ੍ਹਾਂ ਦੀ ਇਸ ਕਾਰਜਸ਼ੈਲੀ ਨੂੰ ਭਾਵੇਂ ਸੁਚੇਤ ਅਤੇ ਬੁੱਧੀਜੀਵੀ ਗ਼ਲਤ ਵੀ ਕਹਿੰਦੇ ਰਹੇ, ਪਰ ਉਨ੍ਹਾਂ ਵੱਲੋਂ ਮੁੱਦੇ ਉਠਾਉਣ ਦੇ ਯਤਨਾਂ ਦੀ ਸ਼ਲਾਘਾ ਵੀ ਕਰਦੇ ਰਹੇ। ਸ੍ਰੀ ਖਹਿਰਾ ਆਪਣੇ ਆਪ ਨੂੰ ਏਨਾ ਸ਼ਕਤੀਸ਼ਾਲੀ ਸਮਝਣ ਲੱਗ ਪਏ ਕਿ ਉਹ ਹਾਈਕਮਾਂਡ ਦੀ ਬਹੁਤੀ ਪ੍ਰਵਾਹ ਨਾ ਕਰਦੇ। ਹਾਈਕਮਾਂਡ ਖਾਸਕਰ ਸ੍ਰੀ ਕੇਜਰੀਵਾਲ ਨੇ ਆਪਣਾ ਪੰਜਾਬ ਵਿਰੋਧੀ ਸੋਚ ਦਾ ਡੰਡਾ ਫਿਰ ਚੁੱਕ ਲਿਆ ਅਤੇ ਸ੍ਰੀ ਖਹਿਰਾ ਨੂੰ ਧੱਕੇ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕਰਦਿਆਂ ਸ੍ਰੀ ਹਰਪਾਲ ਸਿੰਘ ਚੀਮਾ ਨੂੰ ਨੇਤਾ ਨਾਮਜ਼ਦ ਕਰ ਦਿੱਤਾ ਅਤੇ ਬਹਾਨਾ ਬਣਾਇਆ ਕਿ ਲੋਕ ਸਭਾ ਚੋਣਾਂ ਵਿੱਚ ਦਲਿਤ ਵੋਟਾਂ ਹਾਸਲ ਕਰਨ ਲਈ ਇੱਕ ਦਲਿਤ ਨੂੰ ਆਗੂ ਬਣਾਇਆ ਜਾਣਾ ਜ਼ਰੂਰੀ ਹੋ ਗਿਆ ਸੀ।

ਪੰਜਾਬ ਦੇ ਵਿਧਾਇਕਾਂ ਨੂੰ ਵੀ ਇਹ ਫ਼ੈਸਲਾ ਚੰਗਾ ਨਾ ਲੱਗਾ, ਨੌਂ ਵਿਧਾਇਕ ਇਕੱਠੇ ਹੋ ਕੇ ਹਾਈਕਮਾਂਡ ਕੋਲ ਪਹੁੰਚੇ ਤਾਂ ਸ੍ਰੀ ਕੇਜਰੀਵਾਲ ਨੇ ਉਨ੍ਹਾਂ ਨੂੰ ਮਿਲਣਾ ਵੀ ਮੁਨਾਸਬ ਨਾ ਸਮਝਿਆ ਅਤੇ ਆਪਣੇ ਇੱਕ ਹੋਰ ਆਗੂ ਸ੍ਰੀ ਮਨੀਸ਼ ਸਸੋਦੀਆ ਨਾਲ ਗੱਲਬਾਤ ਕਰਨ ਲਈ ਕਹਿ ਦਿੱਤਾ। ਜਦ ਇਹ ਵਿਧਾਇਕ ਉਸਨੂੰ ਮਿਲੇ ਤਾਂ ਇਸ ਆਗੂ ਨੇ ਸਪਸ਼ਟ ਕਿਹਾ ਕਿ ਜੋ ਫ਼ੈਸਲਾ ਕੀਤਾ ਗਿਆ ਹੈ ਇਹ ਹਾਈਕਮਾਂਡ ਦਾ ਫ਼ੈਸਲਾ ਹੈ ਅਤੇ ਦਰੁਸਤ ਹੈ ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਤੁਸੀਂ ਪੰਜਾਬ ਜਾਓ ਤੇ ਕੰਮ ਕਰੋ। ਇਸ ਉਪਰੰਤ ਭਰੇ ਪੀਤੇ ਵਿਧਾਇਕਾਂ ਨੇ 2 ਅਗਸਤ ਨੂੰ ਬਠਿੰਡਾ ਵਿਖੇ ਕਨਵੈੱਨਸ਼ਨ ਕਰ ਕੇ ਆਪਣੇ ਨਾਲ ਬੀਤੀ ਅਤੇ ਲੋਕਾਂ ਦੀ ਰਾਇ ਹਾਸਲ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਕਨਵੈੱਨਸ਼ਨ ਵਿੱਚ ਉਨ੍ਹਾਂ ਦੀ ਉਮੀਦ ਤੋਂ ਵੀ ਵੱਧ ਇਕੱਠ ਹੋ ਗਿਆ, ਪਰ ਇਹ ਇਕੱਠ ਸ੍ਰੀ ਖਹਿਰਾ ਨਾਲ ਹਮਦਰਦੀ ਵਾਲਾ ਨਹੀਂ ਸੀ ਬਲਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਿਰੁੱਧ ਪੈਦਾ ਹੋਏ ਗ਼ੁੱਸੇ ਸਦਕਾ ਹੋਇਆ। ਇਸ ਇਕੱਠ ਵਿੱਚ ਹੋਰਾਂ ਪਾਰਟੀਆਂ ਦੇ ਵਰਕਰ ਵੀ ਸ਼ਾਮਲ ਹੋਏ ਅਤੇ ਸਿੱਖ ਜਥੇਬੰਦੀਆਂ ਨੇ ਵੀ ਆਪਣੇ ਵਰਕਰ ਭੇਜੇ।

ਪਾਰਟੀ ਦੀ ਹਾਈਕਮਾਂਡ ਨੇ ਸ੍ਰੀ ਖਹਿਰਾ ਗਰੁੱਪ ਦੀ ਕਨਵੈੱਨਸ਼ਨ ਫ਼ੇਲ੍ਹ ਕਰਨ ਲਈ ਪੰਜਾਬ ਦੇ ਵਿਧਾਇਕਾਂ ਦੀ ਦਿੱਲੀ ਵਿਖੇ ਉਸੇ ਦਿਨ ਮੀਟਿੰਗ ਬੁਲਾ ਲਈ। ਸ੍ਰੀ ਖਹਿਰਾ ਕਹਿੰਦੇ ਰਹੇ ਕਿ ਉਨ੍ਹਾਂ ਦੀ ਕਨਵੈੱਨਸ਼ਨ ਵਿੱਚ 13 ਵਿਧਾਇਕ ਸ਼ਾਮਲ ਹੋਣਗੇ, ਹੋਇਆ ਇਹ ਕਿ ਬਠਿੰਡਾ ਕਨਵੈੱਨਸ਼ਨ ਵਿੱਚ ਸ੍ਰੀ ਖਹਿਰਾ ਨਾਲ ਚੱਲਣ ਵਾਲੇ 9 ਵਿੱਚੋਂ ਸਿਰਫ਼ 7 ਵਿਧਾਇਕ ਸਰਵ ਸ੍ਰੀ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਨਾਜਰ ਸਿੰਘ ਮਾਨਸਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਭਦੌੜ, ਮਾ: ਬਲਦੇਵ ਸਿੰਘ ਜੈਤੋ ਅਤੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਹੀ ਪਹੁੰਚੇ। ਇਸਦੇ ਉਲਟ ਦਿੱਲੀ ਮੀਟਿੰਗ ਵਿੱਚ 11 ਵਿਧਾਇਕ ਸ਼ਾਮਲ ਹੋਏ। ਕਨਵੈੱਨਸ਼ਨ ਵੱਲੋਂ ਮਤਾ ਪਾਸ ਕਰ ਕੇ ਪਾਰਟੀ ਦਾ ਪੰਜਾਬ ਵਿਚਲਾ ਜਥੇਬੰਦਕ ਢਾਂਚਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਅਤੇ ਖ਼ੁਦਮੁਖ਼ਤਿਆਰੀ ਨਾਲ ਕੰਮ ਕਰਨ ਦਾ ਫ਼ੈਸਲਾ ਲਿਆ ਗਿਆ। ਹੁਣ ਵਿਧਾਇਕ ਦਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਕਨਵੈੱਨਸ਼ਨ ਵਿੱਚ ਜੋ ਕੁੱਝ ਵਿਧਾਇਕਾਂ ਨੇ ਹਾਈਕਮਾਂਡ ਅਤੇ ਸ੍ਰੀ ਕੇਜਰੀਵਾਲ ਦੇ ਵਿਰੁੱਧ ਬੋਲਿਆ ਹੈ ਇਹ ਕਦੇ ਵੀ ਦੁਬਾਰਾ ਇਹਨਾਂ ਨੂੰ ਨੇੜੇ ਨਹੀਂ ਢੁੱਕਣ ਦੇਵੇਗਾ, ਦੂਜੇ ਪਾਸੇ ਹਾਈਕਮਾਂਡ ਨੇ ਜੋ ਹਿੰਡ ਕਰਦਿਆਂ ਸਖ਼ਤੀ ਦਿਖਾਈ ਹੈ ਉਹ ਵੀ ਦੂਰੀਆਂ ਹੋਰ ਵਧਾਉਣ ਵਾਲੀ ਹੈ ਘਟਾਉਣ ਵਾਲੀ ਨਹੀਂ। ਇਸੇ ਤਰ੍ਹਾਂ ਪਾਰਟੀ ਦੇ ਚੱਲ ਰਹੇ ਜਥੇਬੰਦਕ ਢਾਂਚੇ ਨੂੰ ਪਾਰਟੀ ਦੀ ਹਾਈਕਮਾਂਡ ਅਤੇ ਪੰਜਾਬ ਵਿਚਲੇ 13 ਵਿਧਾਇਕਾਂ ਦੀ ਹਿਮਾਇਤ ਹਾਸਲ ਹੈ ਜਿਸ ਕਰ ਕੇ ਉਸਨੂੰ ਖ਼ਤਮ ਕਰਨਾ ਵੀ ਸੌਖਾ ਕੰਮ ਨਹੀਂ। ਪਰ ਕਨਵੈੱਨਸ਼ਨ ਦੇ ਐਲਾਨ ਮੁਤਾਬਿਕ ਖਹਿਰਾ ਗਰੁੱਪ ਨਵਾਂ ਢਾਂਚਾ ਖੜ੍ਹਾ ਕਰੇਗਾ। ਪਾਰਟੀ ਦੇ ਪੰਜਾਬ ਦੇ ਸਹਿ ਪ੍ਰਧਾਨ ਡਾ: ਬਲਵੀਰ ਸਿੰਘ ਨੇ ਕਿਹਾ ਕਿ ਕਨਵੈੱਨਸ਼ਨ ਵਿੱਚ ਪਹੁੰਚਣ ਵਾਲੇ ਵਿਧਾਇਕ ਗੁੰਮਰਾਹ ਹੋਏ ਹਨ ਜਦ ਕਿ ਹਾਈਕਮਾਂਡ ਦੀ ਬਿਨ੍ਹਾਂ ਪ੍ਰਵਾਨਗੀ ਅਜਿਹਾ ਇਕੱਠ ਕਰਨਾ ਗ਼ਲਤ ਹੈ, ਜਦ ਕਿ ਸ੍ਰੀ ਖਹਿਰਾ ਤੇ ਉਸਦੇ ਸਾਥੀ ਕਹਿੰਦੇ ਰਹੇ ਕਿ ਜਿਨ੍ਹਾਂ ਵਰਕਰਾਂ ਨੇ ਹਮੇਸ਼ਾ ਸਾਥ ਦਿੱਤਾ ਹੈ ਉਨ੍ਹਾਂ ਦੀ ਰਾਇ ਹਾਸਲ ਕਰਨ ਲਈ ਇਕੱਠ ਕਰਨਾ ਜ਼ਰੂਰੀ ਸੀ।

ਸ੍ਰੀ ਖਹਿਰਾ ਸਮੇਤ ਉਨ੍ਹਾਂ ਦੇ ਗਰੁੱਪ ਦੇ ਸਾਰੇ ਵਿਧਾਇਕ ਹੀ ਕਨਵੈੱਨਸ਼ਨ ਵਿੱਚ ਕਹਿੰਦੇ ਰਹੇ ਕਿ ਉਨ੍ਹਾਂ ਦਾ ਕੰਮ ਪਾਰਟੀ ਤੋੜਨਾ ਨਹੀਂ ਅਤੇ ਉਹ ਪਾਰਟੀ ਵਿੱਚ ਹੀ ਰਹਿਣਗੇ, ਪਰ ਜੋ ਨਾਅਰੇ ਲਗਦੇ ਰਹੇ ਉਹ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੀ ਥਾਂ ਆਮ ਆਦਮੀ ਪਾਰਟੀ ਪੰਜਾਬ ਜ਼ਿੰਦਾਬਾਦ ਦੇ ਲਗਦੇ ਰਹੇ, ਜਿਸਤੋਂ ਲੋਕ ਪੰਜਾਬ ਵਿੱਚ ਵੱਖਰੇ ਨਾਂ ਦਾ ਅੰਦਾਜ਼ਾ ਵੀ ਲਗਾਉਂਦੇ ਰਹੇ। ਇਸ ਮੌਕੇ ਸ੍ਰੀ ਖਹਿਰਾ ਨੇ ਪੰਜਾਬ ਵਿੱਚ ਤੀਜਾ ਬਦਲ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਦੂਜੀਆਂ ਪਾਰਟੀਆਂ ਵਿੱਚ ਬੈਠੇ ਇਮਾਨਦਾਰ ਵਰਕਰਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ, ਜਿਸ ਨਾਲ ਸ੍ਰੀ ਖਹਿਰਾ ਨੇ ਆਪਣੇ ਆਪ ਨੂੰ ਤੀਜੇ ਬਦਲ ਦਾ ਆਗੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਕਨਵੈੱਨਸ਼ਨ ਵਿੱਚ ਬੈਠੇ ਇੱਕ ਪੁਰਾਣੇ ਵਰਕਰ ਜਿਸਨੇ ਆਮ ਆਦਮੀ ਪਾਰਟੀ ਖੜੀ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਸੀ, ਨੇ ਆਪਣਾ ਨਾਂ ਗੁਪਤ ਰੱਖਦਿਆਂ ਦੁੱਖ ਭਰੇ ਮਨ ਨਾਲ ਕਿਹਾ,”ਪਹਿਲੀ ਕਹਾਈ ਤਾਂ ਸੰਭਦੀ ਨੀ, ਗੱਲ ਤੀਜੇ ਮੋਰਚੇ ਦੀ ਕਰਦੇ ਐ।’ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਜਿਵੇਂ ਤੇਜ਼ੀ ਨਾਲ ਵਧੀ ਸੀ ਉਸੇ ਰਫ਼ਤਾਰ ਨਾਲ ਘੱਟ ਰਹੀ ਹੈ ਅਤੇ ਪੰਜਾਬ ਵਿੱਚ ਪਾਰਟੀ ਦੋਫਾੜ ਹੋ ਚੁੱਕੀ ਹੈ। ਕੀ ਮੁੜ ਪਾਰਟੀ ਆਪਣੇ ਪੈਰਾਂ ਤੇ ਖੜੀ ਹੋਵੇਗੀ ਇਸ ਸਵਾਲ ਦਾ ਜੁਆਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਜੋ ਲੋਕ ਸਭਾ ਚੋਣਾਂ ਸਮੇਂ ਸਾਹਮਣੇ ਆਵੇਗਾ।

(ਬਲਵਿੰਦਰ ਸਿੰਘ ਭੁੱਲਰ)

+91 098882-7591੩

Install Punjabi Akhbar App

Install
×