ਪੱਛਮੀ ਆਸਟ੍ਰੇਲੀਆ: ਦੋ ਹੋਰ ਇਮਾਰਤ ਸਾਜ਼ੀ ਦੀਆਂ ਕੰਪਨੀਆਂ ਚੜ੍ਹੀਆਂ ਮਹਿੰਗਾਈ ਦੇ ਭੇਟ

ਇਮਾਰਤ ਸਾਜ਼ੀ ਅਤੇ ਹੋਰ ਖਿਤਿਆਂ ਅੰਦਰ ਵਧੀ ਹੋਈ ਮਹਿੰਗਾਈ ਦੀ ਭੇਟ, ਪੱਛਮੀ ਆਸਟ੍ਰੇਲੀਆ ਰਾਜ ਦੀਆਂ ਦੋ ਹੋਰ ਕੰਪਨੀਆਂ ਬੰਦ ਹੋਣ ਤੇ ਮਜਬੂਰ ਹੋ ਗਈਆਂ ਹਨ ਅਤੇ ਇਨ੍ਹਾਂ ਨੇ ਆਪਣੀ ਸਵੈਇੱਛਤ ਸਮਾਪਤੀ (voluntary liquidation) ਦਾ ਐਲਾਨ ਕਰ ਦਿੱਤਾ ਹੈ।
ਪਰਥ ਵਿਚਲੀ ਕੰਪਨੀ -ਪੱਛਮੀ ਆਸਟ੍ਰੇਲੀਆ ਹਾਊਸਿੰਗ ਗਰੁੱਪ, ਜੋ ਕਿ ਸਾਲ 2019 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਇਹ ਕੰਪਨੀ ਨਵੀਆਂ ਇਮਾਰਤਾਂ ਬਣਾਉਣ ਅਤੇ ਪੁਰਾਣੀਆਂ ਦੀ ਰਿਪੇਅਰ ਆਦਿ ਦਾ ਕੰਮ ਕਰਦੀ ਸੀ, ਬੀਤੇ ਕਾਫੀ ਸਮੇਂ ਤੋਂ ਹੀ ਘਾਟੇ ਵਿੱਚ ਚੱਲ ਰਹੀ ਸੀ ਅਤੇ ਇਸ ਕੰਪਨੀ ਨੇ ਬੀਤੇ ਸਾਲ ਦਿਸੰਬਰ 2022 ਵਿੱਚ ਹੀ ਆਪਣੀ ਸਵੈਇੱਛਤ ਬੰਦ ਹੋਣ ਦਾ ਐਲਾਨ ਕੀਤਾ ਹੋਇਆ ਸੀ ਅਤੇ ਇਸ ਵਾਸਤੇ ਜੀ.ਟੀ.ਐਸ. ਐਡਵਾਈਜ਼ਰੀ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਪਰਥ ਤੋਂ ਹੀ ਇੱਕ ਹੋਰ ਕੰਪਨੀ ਜਿਸ ਦਾ ਨਾਮ ਇੰਡਿਵਿਜੁਅਲ ਡਿਵੈਲਪਮੈਂਟਸ ਹੈ ਨੇ ਵੀ ਇਸੇ ਸਾਲ ਦੇ ਸ਼ੁਰੂ ਵਿੱਚ ਹੀ ਆਪਣੀ ਸਮਾਪਦੀ ਦੀ ਘੋਸ਼ਣਾ ਕਰ ਦਿੱਤੀ ਸੀ। ਇਸ ਕੰਪਨੀ ਕੋਲ ਰਾਜ ਸਰਕਾਰ ਦੇ ਕੁੱਝ ਚਲੰਤ ਪ੍ਰਾਜੈਕਟ ਵੀ ਸਨ ਜਿਨ੍ਹਾਂ ਵਿੱਚ ਇਮਾਰਤਾਂ ਨੂੰ ਬਣਾਉਣ ਅਤੇ ਦੇਖਰੇਖ, ਮੁਰੰਮਤ ਆਦਿ ਦੇ ਕੰਮ ਸ਼ਾਮਿਲ ਸਨ।
ਹਾਲਾਂਕਿ ਮਹਿੰਗਾਈ ਦੀ ਮਾਰ ਨੂੰ ਦੇਖਦਿਆਂ ਹੋਇਆਂ, ਰਾਜ ਸਰਕਾਰ ਨੇ 30 ਮਿਲੀਅਨ ਡਾਲਰਾਂ ਦੇ ਇੱਕ ਰਾਹਤ ਪੈਕਜ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ ਜਿਸ ਨਾਲ ਕਿ ਸਥਾਨਕ ਬਿਲਡਰਾਂ ਆਦਿ ਨੂੰ ਇਸ ਮੰਦੀ ਅਤੇ ਮਹਿੰਗਾਈ ਦੀ ਮਾਰ ਦੌਰਾਨ ਫੌਰੀ ਤੌਰ ਤੇ ਮਦਦ ਦਿੱਤੀ ਜਾਂਦੀ ਹੈ ਪਰੰਤੂ ਫੇਰ ਵੀ ਅਜਿਹੀਆਂ ਕੁੱਝ ਕੰਪਨੀਆਂ ਹਨ ਜੋ ਕਿ ਮਹਿੰਗਾਈ ਅਤੇ ਮੰਦੀ ਦੀ ਤਾਬ ਝੇਲਣ ਵਿੱਚ ਨਾਕਾਮ ਰਹਿੰਦੀਆਂ ਹਨ ਅਤੇ ਫੇਰ ਉਨ੍ਹਾਂ ਵਾਸਤੇ ਬੰਦ ਹੋ ਜਾਣ ਤੋਂ ਇਲਾਵਾ ਕੋਈ ਦੂਸਰਾ ਰਾਹ ਹੁੰਦਾ ਹੀ ਨਹੀਂ ਹੈ।
ਬੀਤੇ ਸਾਲ ਰਾਜ ਦੀਆਂ ਨਿਊ ਸੈਂਸੇਸ਼ਨ ਹੋਮਜ਼, ਹੋਮ ਇਨੋਵੇਸ਼ਨ ਬਿਲਡਰਜ਼, ਪਾਈਵਟਲ ਹੋਮਜ਼, ਪਰੋਬਿਲਡ, ਕੋਨਡੇਵ ਕੰਸਟ੍ਰਕਸ਼ਨ, ਵਾਟਰਫੋਰਡ ਹੋਮਜ਼, ਪ੍ਰਿਵਿਅਮ ਐਂਡ ਪਿੰਨਡੈਨ ਗਰੁੱਪ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਹਨ ਜੋ ਕਿ ਦਿਵਾਲੀਆ (Insolvency) ਹੋਣ ਦੀ ਕਗਾਰ ਤੇ ਪਹੁੰਚ ਚੁਕੀਆਂ ਹਨ।
ਜ਼ਿਕਰਯੋਗ ਹੈ ਕਿ ਮਹਿੰਗਾਈ ਅਤੇ ਮੰਦੀ ਦੀ ਮਾਰ ਸਮੁੱਚੇ ਦੇਸ਼ ਅੰਦਰ ਹੀ ਪਈ ਹੋਈ ਹੈ ਅਤੇ ਐਲ.ਡੀ.ਸੀ. ਪ੍ਰਾਈਵੇਟ ਲਿਮਟਿਡ (ਬ੍ਰਿਸਬੇਨ) ਅਤੇ ਵਿਕਟੌਰੀਆ ਦੀ ਹਾਲਬਰੀ ਹੋਮਜ਼ ਆਦਿ ਵੀ ਇਸ ਦੀ ਮਾਰ ਕਾਰਨ ਖ਼ਤਮ ਹੋ ਚੁਕੀਆਂ ਹਨ।
ਅਜਿਹੀ ਮਾਰ ਦੌਰਾਨ ਮਟੀਰੀਅਲ ਦੀ ਕੀਮਤਾਂ ਵਿੱਚ ਵਾਧਾ, ਲੇਬਰ ਵਿੱਚ ਕਮੀ ਅਤੇ ਦੇਸ਼ ਦੀ ਆਰਥਿਕ ਵਿਵਸਥਾ ਵਿੱਚ ਮਹਿੰਗਾਈ ਦੀ ਦਰ 7.8% ਤੱਕ ਪਹੁੰਚ ਜਾਣ ਕਾਰਨ ਸਮੁੱਚੇ ਦੇਸ਼ ਅੰਦਰ ਹੀ ਅਜਿਹੇ ਹਾਲਾਤ ਪੈਦਾ ਹੋ ਚੁਕੇ ਹਨ ਅਤੇ ਲਗਾਤਾਰ ਪੈਦਾ ਹੋ ਵੀ ਰਹੇ ਹਨ।