‘ਟੂ ਟਰਮ ਨਾਰਮ’ (Two Term Norm) ਸਕੀਮ ਇੱਕ ਚੰਗਾ ਸੰਦੇਸ

ਪਰਿਵਾਰਵਾਦ ਤੇ ਨਿੱਜਵਾਦ ਰੋਕਣ ਲਈ ਸਮੁੱਚੀਆਂ ਪਾਰਟੀਆਂ ਵੱਲੋਂ
ਇੱਕਜੁੱਟਤਾ ਨਾਲ ਨਵੀਂ ਵਿਚਾਰਧਾਰਾ ਉਭਾਰਣ ਦੀ ਲੋੜ

ਭਾਰਤ ਭਰ ਵਿੱਚ ਸੱਤ੍ਹਾ ਭੋਗਣ ਵਾਲਿਆਂ ਦੀ ਲਾਲਸਾ ਇਸ ਕਦਰ ਵਧ ਜਾਂਦੀ ਹੈ ਕਿ ਜੋ ਵਿਅਕਤੀ ਇੱਕ ਵਾਰ ਸੰਸਦ ਮੈਂਬਰ ਜਾਂ ਵਿਧਾਇਕ ਬਣ ਜਾਂਦਾ ਹੈ, ਉਹ ਇਹ ਸਮਝਣ ਲੱਗ ਜਾਂਦਾ ਹੈ ਕਿ ਸਾਰੀ ਉਮਰ ਲਈ ਇਸ ਅਹੁਦੇ ਤੇ ਉਸਦਾ ਅਧਿਕਾਰ ਬਣ ਗਿਆ ਹੈ। ਹਰ ਵਾਰ ਉਹ ਆਪਣੀ ਪਹਿਲੀ ਜਿੱਤ ਦਾ ਹਵਾਲਾ ਦੇ ਕੇ ਮੈਰਿਟ ਬਣਾਉਂਦਿਆਂ ਟਿਕਟ ਹਾਸਲ ਕਰਨੀ ਆਪਣਾ ਹੱਕ ਸਮਝਦਾ ਹੈ ਅਤੇ ਬਹੁਤਾ ਕਰਕੇ ਉਹ ਸਫ਼ਲ ਵੀ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਇੱਕ ਵਿਅਕਤੀ ਅੱਠ ਅੱਠ ਸੱਤ ਸੱਤ ਵਾਰ ਵੀ ਸੰਸਦ ਮੈਂਬਰ ਜਾਂ ਵਿਧਾਇਕ ਰਹਿ ਚੁੱਕਾ ਹਨ ਅਤੇ ਅਜਿਹੇ ਲੋਕ ਲੱਖਾਂ ਰੁਪਏ ਮਹੀਨਾਂ ਪੈਨਸਨ ਲੈ ਰਹੇ ਹਨ। ਇਸੇ ਤਰ੍ਹਾਂ ਦੇਸ ਭਰ ਦੀ ਸਿਆਸਤ ਵਿੱਚ ਫੈਲੇ ਪਰਿਵਾਰਵਾਦ ਦਾ ਮਾਮਲਾ ਹੈ। ਜਿਸ ਪਰਿਵਾਰ ਨੇ ਇੱਕ ਵਾਰ ਕੇਂਦਰ ਜਾਂ ਰਾਜ ਦੀ ਸੱਤ੍ਹਾ ਸੰਭਾਲ ਲਈ ਜਾਂ ਉਸਦਾ ਹਿੱਸੇਦਾਰ ਬਣ ਗਿਆ, ਉਹ ਇਉਂ ਸਮਝਦੈ ਜਿਵੇਂ ਉਸ ਪਰਿਵਾਰ ਨੂੰ ਪੀੜ੍ਹੀ ਦਰ ਪੀੜ੍ਹੀ ਸੱਤ੍ਹਾ ਹਥਿਆਉਣ ਦਾ ਠੇਕਾ ਮਿਲ ਗਿਆ ਹੋਵੇ। ਅਜਿਹਾ ਕੇਂਦਰ ਵਿੱਚ ਵੀ ਹੋ ਰਿਹੈ ਤੇ ਰਾਜਾਂ ਵਿੱਚ ਵੀ। ਪਹਿਲਾਂ ਦਾਦੇ ਜਾਂ ਪਿਓ ਨੇ ਸੱਤ੍ਹਾ ਭੋਗੀ, ਫੇਰ ਖ਼ੁਦ ਆਪ ਨੇ ਅਤੇ ਫੇਰ ਅਗਲੀਆਂ ਪੀੜ੍ਹੀਆਂ ਜਾਂ ਰਿਸਤੇਦਾਰਾਂ ਨੂੰ ਤਿਆਰ ਕੀਤਾ ਜਾ ਰਿਹੈ।
ਇਹਨਾਂ ਦੋਵਾਂ ਕਾਰਨਾਂ ਕਰਕੇ ਯੋਗ ਵਿਅਕਤੀ ਤੇ ਆਗੂ ਟਿਕਟਾਂ ਹਾਸਲ ਕਰਨ ਵਿੱਚੋਂ ਵੀ ਪਛੜ ਜਾਂਦੇ ਹਨ ਅਤੇ ਸਰਕਾਰ ਦੇ ਹਿੱਸੇਦਾਰ ਬਣਨ ਤੋਂ ਵੀ, ਜਦੋਂ ਕਿ ਅਯੋਗ ਵਿਅਕਤੀ ਸੱਤ੍ਹਾ ਤੇ ਕਾਬਜ ਹੋ ਜਾਂਦੇ ਹਨ। ਅਜਿਹੇ ਅਯੋਗ ਵਿਅਕਤੀ ਜੋ ਗੁੱਲ ਖਿਲਾਉਂਦੇ ਰਹੇ ਹਨ ਅਤੇ ਖਿਲਾ ਰਹੇ ਹਨ, ਸਭ ਦੇ ਸਾਹਮਣੇ ਹੈ। ਦੇਸ਼ ਵਿੱਚ ਫੈਲਿਆ ਭ੍ਰਿਸ਼ਟਾਚਾਰ, ਅਪਰਾਧ, ਨਸ਼ੇ, ਲੋਕ ਵਿਰੋਧੀ ਨੀਤੀਆਂ ਅਜਿਹੇ ਅਯੋਗ ਲੋਕਾਂ ਦੀ ਹੀ ਦੇਣ ਹੈ। ਅਜਿਹਾ ਕਿਸੇ ਇੱਕ ਪਾਰਟੀ ਵੱਲੋਂ ਨਹੀਂ ਕੀਤਾ ਜਾ ਰਿਹਾ, ਬਲਕਿ ਬਹੁਤੀਆਂ ਰਾਜਨੀਤਕ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਜਦੋਂ ਚੋਣਾਂ ਨਜਦੀਕ ਆਉਂਦੀਆਂ ਹਨ ਤਾਂ ਸਾਰੀਆਂ ਪਾਰਟੀਆਂ ਵੱਲੋਂ ਚੰਗੇ ਪੜ੍ਹੇ ਲਿਖੇ, ਬੁਧੀਜੀਵੀ, ਉੱਚੀ ਸੋਚ ਵਾਲੇ ਅਤੇ ਨੌਜਵਾਨਾਂ ਆਦਿ ਨੂੰ ਟਿਕਟਾਂ ਦੇਣ ਦੇ ਐਲਾਨ ਕੀਤੇ ਜਾਂਦੇ ਹਨ, ਪਰ ਅਮਲ ਵਿੱਚ ਇਸਦੇ ਉਲਟ ਕੀਤਾ ਜਾਂਦਾ ਹੈ। ਟਿਕਟਾਂ ਦੇਣ ਵਾਲੇ ਪਾਰਟੀਆਂ ਦੇ ਵੱਡੇ ਨੇਤਾ ਚੰਗੇ ਗੁਣਾਂ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਆਪਣੇ ਵਿਸਵਾਸਪਾਤਰਾਂ ਨੂੰ ਟਿਕਟਾਂ ਦੇ ਦਿੰਦੇ ਹਨ ਤਾਂ ਜੋ ਉਹ ਸੌਖ ਨਾਲ ਸੱਤ੍ਹਾ ਤੇ ਕਾਬਜ ਹੋ ਸਕਣ।
ਅਜਿਹਾ ਰੁਝਾਨ ਦੁਨੀਆਂ ਭਰ ਦੇ ਕਿਸੇ ਵੀ ਜਮਹੂਰੀ ਦੇਸ਼ ਵਿੱਚ ਨਹੀਂ ਹੈ। ਜੇ ਇਸ ਰੁਝਾਨ ਦੇ ਸੰਦਰਭ ਵਿੱਚ ਭਾਰਤ ‘ਚ ਦੇਖਿਆ ਜਾਵੇ ਤਾਂ ਰਾਜਾਸ਼ਾਹੀ ਵਾਂਗ ਹੀ ਦਿਖਾਈ ਦਿੰਦਾ ਹੈ। ਮੁਗ਼ਲ ਕਾਲ ਸਮੇਂ ਮਹਾਰਾਜੇ ਸਿੱਧੇ ਤੌਰ ਤੇ ਆਪਣੇ ਵਾਰਸਾਂ ਨੂੰ ਮਹਾਰਾਜਾ ਬਣਾਉਂਦੇ ਸਨ, ਹੁਣ ਅਸਿੱਧੇ ਤੌਰ ਤੇ ਵੋਟਾਂ ਨਾਲ ਅਜਿਹਾ ਕਰ ਰਹੇ ਹਨ। ਭਾਰਤ ਵਿੱਚ ਜੇ ਸਮੁੱਚੀਆਂ ਪਾਰਟੀਆਂ ਦੀ ਕਾਰਜਸ਼ੈਲੀ ਤੇ ਨਿਗਾਹ ਮਾਰੀਏ ਤਾਂ ਖੱਬੀਆਂ ਪਾਰਟੀਆਂ ਅਜੇ ਕਾਫ਼ੀ ਹੱਦ ਤੱਕ ਇਸ ਅਤੀ ਮਾੜੇ ਰੁਝਾਨ ਤੋਂ ਬਚੀਆਂ ਹੋਈਆਂ ਹਨ। ਇਹਨਾਂ ਪਾਰਟੀਆਂ ਵੱਲੋਂ ਟਿਕਟ ਦੇਣ ਲਈ ਬਕਾਇਦਾ ਪਾਰਟੀ ਦੀ ਕਾਰਜਕਾਰੀ ਹਲਕੇ ਦੇ ਵੋਟਰਾਂ ਤੇ ਮੈਂਬਰਾਂ ਦੀ ਸਲਾਹ ਨਾਲ ਫੈਸਲਾ ਕਰਦੀ ਹੈ। ਇਹੋ ਕਾਰਨ ਹੈ ਕਿ ਖੱਬੀਆਂ ਪਾਰਟੀਆਂ ਵਿੱਚ ਅਜੇ ਤੱਕ ਨਾ ਪਰਿਵਾਰਵਾਦ ਭਾਰੂ ਹੋਇਆ ਹੈ ਅਤੇ ਨਾ ਹੀ ਹਰ ਵਾਰ ਟਿਕਟ ਹਾਸਲ ਕਰਨ ਦਾ ਨਿੱਜਵਾਦ।
ਹੁਣ ਦੇਸ਼ ਦੇ ਪੰਜ ਰਾਜਾਂ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਤੇ ਪਾਂਡੀਚਰੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਲਈ ਰਾਜਨੀਤਕ ਪਾਰਟੀਆਂ ਨੇ ਜੋ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ ਜਾਂ ਉਤਾਰੇ ਜਾ ਰਹੇ ਹਨ, ਉਹਨਾਂ ਤੇ ਝਾਤ ਮਾਰੀਏ ਤਾਂ ਖੱਬੀਆਂ ਪਾਰਟੀਆਂ ਖਰੀਆਂ ਉਤਰੀਆਂ ਦਿਖਾਈ ਦਿੰਦੀਆਂ ਹਨ। ਇਹਨਾਂ ਚੋਣਾਂ ਵਿੱਚ ਵੀ ਉਹ ਪਰਿਵਾਰਵਾਦ ਤੇ ਨਿੱਜਵਾਦ ਤੋਂ ਦੂਰ ਰਹੀਆਂ ਨਜ਼ਰ ਆ ਰਹੀਆਂ ਹਨ। ਜੇ ਇਸ ਮਾਮਲੇ ਤੇ ਝਾਤ ਪਾਈਏ ਤਾਂ ਕੇਰਲਾ ਰਾਜ ਜਿੱਥੇ ਕਮਿਊਨਿਸਟ ਪਾਰਟੀ ਸੱਤ੍ਹਾ ਵਿੱਚ ਰਹੀ ਹੈ, ਉੱਥੇ ਵੀ ਇਸ ਵਾਰ ਸੀ ਪੀ ਆਈ ਐੱਮ ਵੱਲੋਂ ”ਟੂ ਟਰਮ ਨਾਰਮ” ਸਕੀਮ ਲਾਗੂ ਕਰ ਦਿੱਤੀ ਗਈ ਹੈ। ਇਸ ਅਨੁਸਾਰ ਲਗਾਤਾਰ ਦੋ ਵਾਰ ਜਿੱਤੇ ਕਿਸੇ ਵਿਧਾਨਕਾਰ ਨੂੰ ਪਾਰਟੀ ਟਿਕਟ ਨਹੀਂ ਦਿੱਤੀ ਜਾਵੇਗੀ। ਇਹ ਸਕੀਮ ਲਾਗੂ ਹੋਣ ਨਾਲ ਪਾਰਟੀ ਦੇ ਟੀ ਐੱਮ ਥਾਮਸ, ਏ ਕੇ ਬਾਲਨ, ਜੀ ਸੁਧਾਕਰਨ ਵਰਗੇ ਕਈ ਦਿੱਗਜ ਆਗੂ ਟਿਕਟ ਹਾਸਲ ਕਰਨ ਤੋਂ ਵਾਂਝੇ ਰਹਿ ਜਾਣਗੇ। ਕੇਰਲਾ ਵਿੱਚ ਭਾਵੇਂ ਇਸ ਸਕੀਮ ਦਾ ਪਾਰਟੀ ਅੰਦਰ ਅਤੇ ਬਾਹਰ ਕੁੱਝ ਵਿਰੋਧ ਵੀ ਹੋ ਰਿਹਾ ਹੈ, ਕਿਉਂਕਿ ਵਿਰੋਧ ਕਰਨ ਵਾਲੇ ਲੋਕਾਂ ਵਰਕਰਾਂ ਦਾ ਵਿਚਾਰ ਹੈ ਕਿ ਉੱਚਕੋਟੀ ਦੇ ਕਈ ਰਾਜਨੀਤੀਵਾਨ ਚੋਣ ਪ੍ਰਕਿਰਿਆ ਤੋਂ ਪਾਸੇ ਰਹਿ ਜਾਣਗੇ, ਜਿਹਨਾਂ ਦੀ ਵਿਧਾਨ ਸਭਾ ਵਿੱਚ ਕਾਰਗੁਜਾਰੀ ਲੋਕ ਹਿਤਾਂ ਲਈ ਸਹਾਈ ਹੋ ਸਕਦੀ ਹੈ। ਇਸਤੋਂ ਇਲਾਵਾ ਕਈ ਪੁਰਾਣੇ ਨੇਤਾ ਜੋ ਅਸਾਨੀ ਨਾਲ ਚੋਣ ਜਿੱਤ ਸਕਦੇ ਹਨ, ਨਵੇਂ ਉਮੀਦਵਾਰ ਸ਼ਾਇਦ ਉਹਨਾਂ ਵਾਂਗ ਵੋਟਾਂ ਹਾਸਲ ਨਾ ਕਰ ਸਕਣ। ਪਰ ਉੱਥੋਂ ਦੇ ਮੁੱਖ ਮੰਤਰੀ ਸ੍ਰੀ ਪੀ ਵਿਜਯਨ ਦਾ ਕਹਿਣਾ ਹੈ ਕਿ ਅਜਿਹਾ ਸੁਧਾਰ ਹੋਣਾ ਚਾਹੀਦਾ ਹੈ। ਉਹਨਾਂ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਨਵੇਂ ਚਿਹਰਿਆਂ ਨੂੰ ਮੌਕਾ ਮਿਲੇਗਾ ਅਤੇ ਦੂਜੀ ਕਤਾਰ ਦੀ ਲੀਡਰਸ਼ਿਪ ਹੋਰ ਤਨਦੇਹੀ ਨਾਲ ਕੰਮ ਕਰੇਗੀ।
ਇਸੇ ਤਰ੍ਹਾਂ ਜੇ ਯੋਗ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕੇਰਲਾ ਲਈ ਜੋ 83 ਉਮੀਦਵਾਰਾਂ ਦੀ ਸੀ ਪੀ ਆਈ ਐੱਮ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ, ਉਹਨਾਂ ਵਿੱਚ 48 ਉਮੀਦਵਾਰ ਡਿਗਰੀ ਹੋਲਡਰ ਹਨ। ਇੱਥੇ ਹੀ ਬੱਸ ਨਹੀਂ 2 ਉਮੀਦਵਾਰ ਪੀ ਐੱਚ ਡੀ, 2 ਐੱਮ ਬੀ ਬੀ ਐੱਸ, 14 ਪੋਸਟ ਗਰੈਜੂਏਟ, 22 ਲਾਅ ਡਿਗਰੀ ਹੋਲਡਰ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਜੇ ਨੌਜਵਾਨਾਂ ਨੂੰ ਮੌਕਾ ਦੇਣ ਦੇ ਅਧਾਰ ਤੇ ਦੇਖਿਆ ਜਾਵੇ ਤਾਂ 4 ਉਮੀਦਵਾਰ 30 ਸਾਲ ਤੋਂ ਘੱਟ ਉਮਰ ਦੇ ਹਨ। ਇਸਤੋਂ ਇਲਾਵਾ 8 ਉਮੀਦਵਾਰਾਂ ਦੀ ਉਮਰ 31 ਤੋਂ 41 ਸਾਲ ਦੇ ਵਿਚਕਾਰ ਹੈ ਜਦੋਂ 13 ਉਮੀਦਵਾਰ 41 ਤੋਂ 51 ਸਾਲ ਦੇ ਵਿਚਕਾਰ ਦੀ ਉਮਰ ਦੇ ਹਨ।
ਇਸ ਨਵੇਂ ਤਜਰਬੇ ਦਾ ਪਾਰਟੀ ਨੂੰ ਲਾਭ ਹੋਵੇਗਾ ਜਾਂ ਨੁਕਸਾਨ, ਇਸ ਸੁਆਲ ਦਾ ਜੁਆਬ ਤਾਂ ਭਵਿੱਖ ਦੇ ਗਰਭ ਵਿੱਚ ਹੈ। ਪਰ ਜਿਸ ਤਰ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਨਵੇਂ ਆਗੂਆਂ ਨੂੰ ਸ਼ਕਤੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਕਦਮ ਸੁਲਾਹੁਣ ਯੋਗ ਹੈ। ਜੇਕਰ ਸਮੁੱਚੀਆਂ ਪਾਰਟੀਆਂ ਇਸ ਸਕੀਮ ਅਤੇ ਉਮੀਦਵਾਰਾਂ ਦੀ ਚੋਣ ਤੋਂ ਸਬਕ ਲੈ ਕੇ ਫੈਸਲੇ ਲੈਣ ਤਾਂ ਦੇਸ਼ ਜਾਂ ਰਾਜ ਦੀ ਸੱਤ੍ਹਾ ਸੁਯੋਗ ਹੱਥਾਂ ਵਿੱਚ ਸੌਂਪੀ ਜਾ ਸਕਦੀ ਹੈ। ਹੰਕਾਰ ਨਾਲ ਸੱਤ੍ਹਾ ਭੋਗਣ ਵਾਲਿਆਂ ਤੋਂ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। ਭ੍ਰਿਸਟਾਚਾਰ, ਮਹਿੰਗਾਈ ਤੇ ਅਪਰਾਧਾਂ ਨੂੰ ਰੋਕਿਆ ਜਾ ਸਕਦਾ ਹੈ।
ਇਸ ਟੂ ਟਰਮ ਨਾਰਮ ਸਕੀਮ ਸਬੰਧੀ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਦਾ ਵਿਚਾਰ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਇਹ ਪਾਰਟੀ ਦੀ ਕੇਂਦਰੀ ਕਮੇਟੀ ਦਾ ਫੈਸਲਾ ਹੈ, ਜੋ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਉਂਦੀ ਹੈ, ਜੋ ਦੇਸ ਦੇ ਹਿਤ ਵਿੱਚ ਸਹਾਈ ਹੁੰਦੀ ਹੈ। ਉਹਨਾਂ ਕਿਹਾ ਕਿ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਅਜਿਹੀ ਵਿਚਾਰਧਾਰਾ ਲਾਗੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕ ਹਿਤਾਂ ਲਈ ਨਵੀਆਂ ਸਕੀਮਾਂ ਬਣਾਉਣੀਆਂ ਚਾਹੀਦੀਆਂ ਹਨ, ਨਵੀਂ ਵਿਚਾਰਧਾਰਾ ਉਭਾਰਣੀ ਚਾਹੀਦੀ ਹੈ, ਭਾਵੇਂ ਅਜਿਹਾ ਹੋਣ ਨਾਲ ਕੁੱਝ ਨੁਕਸਾਨ ਹੋਣ ਦਾ ਵੀ ਖਦਸ਼ਾ ਪ੍ਰਗਟ ਹੁੰਦਾ ਹੈ, ਪਰ ਲੰਬੇ ਸਮੇਂ ਲਈ ਇਸਦਾ ਦੇਸ਼ ਤੇ ਲੋਕਾਂ ਲਈ ਸਹਾਈ ਹੋਣਾ ਯਕੀਨਨ ਹੈ। ਸੀ ਪੀ ਆਈ ਦੇ ਆਗੂ ਕਾ: ਬਲਕਰਨ ਸਿੰਘ ਬਰਾੜ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਪਰਿਵਾਰਵਾਦ ਤੇ ਨਿੱਜਵਾਦ ਨੂੰ ਭਾਂਜ ਦੇਣ ਲਈ ਸਮੁੱਚੀਆਂ ਸਿਆਸੀ ਪਾਰਟੀਆਂ ਵੱਲੋਂ ਇੱਕਜੁੱਟਤਾ ਨਾਲ ਅਜਿਹੀ ਵਿਚਾਰਧਾਰਾ ਲਾਗੂ ਕਰਨੀ ਚਾਹੀਦੀ ਹੈ।

Install Punjabi Akhbar App

Install
×